ਮਾਲੇਰਕੋਟਲਾ – ਪੰਜਾਬ ਚੋਣਾਂ ਦਾ ਪ੍ਰਚਾਰ ਜਿਉਂ ਜਿਉਂ ਤੇਜ਼ ਹੋ ਰਿਹਾ ਹੈ, ਤਿਵੇਂ ਤਿਵੇੰ ਨੇਤਾਵਾਂ ਦੇ ਬੋਲ ਕੁਬੋਲ ਵੀ ਸਿਆਸੀ ਫਿਜ਼ਾ ਨੂੰ ਕੌੜ ਨਾਲ ਭਰ ਰਹੇ ਹਨ। ਪੰਜਾਬ ਪੁਲਿਸ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਸਿਆਸੀ ਸਲਾਹਕਾਰ ਮੁਹੰਮਦ ਮੁਸਤਫਾ ਖਿਲਾਫ ਆਈਪੀਸੀ ਦੀ ਧਾਰਾ 153ਏ (ਧਰਮ ਜਾਂ ਫਿਰਕੇ ਖਿਲਾਫ਼ ਮੰਦੀ ਭਾਵਨਾ ਜਾਂ ਟਿੱਪਣੀ) ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ‘ਤੇ ਇਕ ਚੋਣ ਰੈਲੀ ਵਿਚ ਕਥਿਤ ਤੌਰ ਤੇ ਹਿੰਦੂਆਂ ਪ੍ਰਤੀ ਨਫ਼ਰਤ ਭਰੇ ਭਾਸ਼ਣ ਦਾ ਇਸਤੇਮਾਲ ਕਰਨ ਦਾ ਦੋਸ਼ ਹੈ। ਹਾਲਾਂਕਿ ਮੁਸਤਫਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ‘ਹਿੰਦੂ’ ਨਹੀਂ ਬਲਕਿ ‘ਫ਼ਿਤਨੋਂ’ (ਦੰਗਈ) ਸ਼ਬਦ ਦੀ ਵਰਤੋਂ ਕੀਤੀ ਹੈ। ਐਫਆਈਆਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁਹੰਮਦ ਮੁਸਤਫ਼ਾ ਨੇ ਇਸ ਨੂੰ ਪੂਰੀ ਤਰ੍ਹਾਂ ਬਕਵਾਸ ਕਰਾਰ ਦਿੱਤਾ। “ਮੈਂ ਹਿੰਦੂਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਿਵੇਂ ਕਿ ਸੋਸ਼ਲ ਮੀਡੀਆ ‘ਤੇ ਦੋਸ਼ ਲਗਾਇਆ ਜਾ ਰਿਹਾ ਹੈ। ਮੈਂ ‘ਫਿਤਨੋਂ’ ਸ਼ਬਦ ਦੀ ਵਰਤੋਂ ਕੀਤੀ ਸੀ ਜਿਸਦਾ ਅਰਥ ਹੈ ਕਾਨੂੰਨ ਤੋੜਨ ਵਾਲੇ। ਮੈਂ ਮੁਸਲਮਾਨਾਂ ਦੇ ਇਕ ਸਮੂਹ ਤੋਂ ਗੁੱਸੇ ਸੀ ਜਿਸ ਨੇ ਮੇਰੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਉਨ੍ਹਾਂ ਨੂੰ ਚਿਤਾਵਨੀ ਦੇ ਰਿਹਾ ਸੀ, ਹਿੰਦੂਆਂ ਨੂੰ ਨਹੀਂ।” ਜ਼ਿਕਰਯੋਗ ਹੈ ਕਿ ਮੁਹੰਮਦ ਮੁਸਤਫ਼ਾ ਦਾ ਇਕ ਵਿਵਾਦਿਤ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ ਜੇਕਰ ਹਿੰਦੂਆਂ ਨੂੰ ਉਨ੍ਹਾਂ ਦੇ ਜਲੂਸ ਦੇ ਬਰਾਬਰ ਦੀ ਇਜਾਜ਼ਤ ਦਿੱਤੀ ਗਈ ਤਾਂ ਮੈਂ ਅਜਿਹੀ ਸਥਿਤੀ ਪੈਦਾ ਕਰ ਦਿਆਂਗਾ ਕਿ ਸੰਭਾਲਣਾ ਮੁਸ਼ਕਲ ਹੋ ਜਾਵੇਗਾ।’ ਮੁਸਤਫ਼ਾ ਪੰਜਾਬ ਸਰਕਾਰ ਵਿੱਚ ਮੰਤਰੀ ਅਤੇ ਮਾਲੇਰਕੋਟਲਾ ਤੋਂ ਕਾਂਗਰਸ ਦੀ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਪਤੀ ਹਨ। ਮੁਹੰਮਦ ਮੁਸਤਫਾ ਮੁਸਲਿਮ ਬਹੁਲ ਮਾਲੇਰਕੋਟਲਾ ਖੇਤਰ ਵਿੱਚ ਆਪਣੀ ਪਤਨੀ ਰਜ਼ੀਆ ਸੁਲਤਾਨਾ (ਪੰਜਾਬ ਵਿਧਾਨ ਸਭਾ ਚੋਣ 2022) ਲਈ ਵੋਟਾਂ ਮੰਗ ਰਹੇ ਸੀ ਜਿਸ ਦੌਰਾਨ ਉਨ੍ਹਾਂ ਇਹ ਜ਼ਹਿਰੀਲਾ ਬਿਆਨ ਦਿੱਤਾ।
Comment here