ਸਿਆਸਤਖਬਰਾਂਚਲੰਤ ਮਾਮਲੇ

ਭਾਰਤੀ ਮੁਸਲਮਾਨ ਭਵਿੱਖ ਨੂੰ ਲੈ ਕੇ ਗੈਰ-ਯਕੀਨੀ ਹਾਲਤ ’ਚ

ਭਾਰਤ ’ਚ ਮੁਸਲਮਾਨਾਂ ਨੂੰ ਜਾਗਰੂਕ ਹੋਣ ਦਾ ਸਮਾਂ ਆ ਗਿਆ ਹੈ। ਅੱਜ ਮੁਸਲਮਾਨਾਂ ਦੀ ਹਾਲਤ ਇਹ ਹੈ ਕਿ ਉਹ ਡਰ ਦੀ ਜ਼ਿੰਦਗੀ ਬਿਤਾ ਰਹੇ ਹਨ। ਉਨ੍ਹਾਂ ਦੀ ਤਰੱਕੀ ਦੂਜੀਆਂ ਕੌਮਾਂ ਦੇ ਮੁਕਾਬਲੇ ਨਾਂਹ ਦੇ ਬਰਾਬਰ ਰਹਿ ਗਈ ਹੈ। ਮੁਸਲਮਾਨ ਆਪਣੇ ਭਵਿੱਖ ਨੂੰ ਲੈ ਕੇ ਗੈਰ-ਯਕੀਨੀ ਦੀ ਹਾਲਤ ’ਚ ਹਨ। ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ। ਉਹ ਸਿਰਫ ਇਹੀ ਸੋਚ ਰਹੇ ਹਨ ਕਿ ਜੇ 2024 ’ਚ ਭਾਰਤੀ ਜਨਤਾ ਪਾਰਟੀ ਸੱਤਾ ’ਚ ਵਾਪਸ ਆਉਂਦੀ ਹੈ ਤਾਂ ਕੀ ਹੋਵੇਗਾ? ਕੀ ਇਹ ਮੁਸਲਮਾਨਾਂ ਲਈ ਕਿਆਮਤ ਦੀ ਸ਼ੁਰੂਆਤ ਹੋਵੇਗੀ? ਹਰ ਪਾਸੇ ਮੁਸਲਮਾਨਾਂ ਦਰਮਿਆਨ ਇਹ ਸਵਾਲ ਉੱਠ ਰਿਹਾ ਹੈ। ਸੜਕ ’ਤੇ ਚੱਲਣ ਵਾਲਾ ਆਮ ਮੁਸਲਮਾਨ ਹੋਵੇ ਜਾਂ ਮੁਸਲਿਮ ਬੁੱਧੀਜੀਵੀ, ਹਰ ਕੋਈ ਇਸ ਦੀ ਚਰਚਾ ਕਰ ਰਿਹਾ ਹੈ। ਜੇ ਤੁਸੀਂ ਇਨ੍ਹਾਂ ਚਿੰਤਤ ਮੁਸਲਮਾਨਾਂ ਕੋਲੋਂ ਪੁੱਛੋ ਕਿ ਕੀ ਉਨ੍ਹਾਂ ਨੂੰ ਉੱਤਰ-ਪੂਰਬ ਦੇ ਉਨ੍ਹਾਂ 3 ਸੂਬਿਆਂ ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ ਦੇ ਭੂਗੋਲ ਅਤੇ ਉੱਥੋਂ ਦੀ ਆਬਾਦੀ ਬਾਰੇ ਪਤਾ ਹੈ ਜਿੱਥੇ ਹੁਣੇ ਜਿਹੇ ਹੀ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਜਿੱਤੀਆਂ ਹਨ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲੇਗਾ। ਇਹ ਅਗਿਆਨਤਾ ਦੀ ਹਾਲਤ ਇਸ ਲਈ ਨਹੀਂ ਹੈ ਕਿ ਆਮ ਮੁਸਲਮਾਨ ਸਿਆਸੀ ਪੱਖੋਂ ਜਾਣਕਾਰ ਨਹੀਂ ਹੈ ਸਗੋਂ ਸੱਚਾਈ ਇਹ ਹੈ ਕਿ ਉਨ੍ਹਾਂ ਨੇ ਸਿਆਸੀ ਅਤੇ ਧਾਰਮਿਕ ਦੋਹਾਂ ਮਾਮਲਿਆਂ ’ਚ ਆਪਣੀ ਅਗਵਾਈ ਲਈ ਅਜਿਹੇ ਲੋਕਾਂ ਨੂੰ ਚੁਣਿਆ ਹੈ ਜੋ ਉਨ੍ਹਾਂ ਨੂੰ ਠੀਕ ਤਰ੍ਹਾਂ ਰਾਹ ਨਹੀਂ ਵਿਖਾ ਰਹੇ। ਭਾਰਤ ’ਚ ਬਹੁਤ ਘੱਟ ਸੰਗਠਨ ਹਨ ਜੋ ਮੁਸਲਮਾਨਾਂ ਦਰਮਿਆਨ ਵਰਕਸ਼ਾਪ ਕਰ ਰਹੇ ਹਨ ਤੇ ਉਨ੍ਹਾਂ ਨੂੰ ਦੇਸ਼ ਦੀ ਸਥਿਤੀ ਤੋਂ ਜਾਣੂ ਕਰਵਾ ਰਹੇ ਹਨ। ਸਿਆਸਤ ਨੂੰ ਸਮਝਣ ਲਈ ਪ੍ਰੋਗਰਾਮ ਆਯੋਜਿਤ ਕਰ ਰਹੇ ਹਨ। ਇਸੇ ਤਰ੍ਹਾਂ ਨੌਜਵਾਨ ਮੁਸਲਮਾਨਾਂ ਨੂੰ ਤਿਜਾਰਤ ਅਤੇ ਹੋਰ ਕਾਰੋਬਾਰੀ ਹੁਨਰ ਤੋਂ ਜਾਣੂ ਕਰਵਾਉਣ ਲਈ ਪ੍ਰੋਗਰਾਮਾਂ ਦੀ ਕਮੀ ਹੈ।
ਬਰਾਏ ਮਿਹਰਬਾਨੀ ਹੁਣ ਸ਼ਿਕਾਰ ਨਾ ਬਣਨ ਮੁਸਲਮਾਨ
ਮੁਸਲਮਾਨਾਂ ਦਰਮਿਆਨ ਚਰਚਾ ਦਾ ਸਭ ਤੋਂ ਢੁੱਕਵਾਂ ਅਤੇ ਨਿਰੰਤਰ ਵਿਸ਼ਾ ਇਹ ਹੈ ਕਿ ਉਨ੍ਹਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਸਾਡੇ ਕਾਰੋਬਾਰ ਖਤਰੇ ’ਚ ਹਨ, ਸਾਡੇ ਵਿਰੁੱਧ ਵਿਤਕਰਾ ਵਧ ਰਿਹਾ ਹੈ, ਸਾਡਾ ਭਵਿੱਖ ਠੀਕ ਨਹੀਂ ਹੈ…ਸਾਡਾ ਇਸਲਾਮ ਖਤਰੇ ’ਚ ਹੈ ਅਤੇ ਇਹ ਸੂਚੀ ਬੜੀ ਲੰਬੀ ਹੈ। ਅਕਸਰ ਇਨ੍ਹਾਂ ਬਹਿਸਾਂ ਨੂੰ ਅਲਾਮਾ ਵਜੋਂ ਜਾਣੇ ਜਾਣ ਵਾਲੇ ਕਵੀ ਮੁਹੰਮਦ ਇਕਬਾਲ ਦੀਆਂ ਕਵਿਤਾਵਾਂ ਦੇ ਸੰਦਰਭ ’ਚ ਦੱਸਿਆ ਜਾਂਦਾ ਹੈ, ਜਿਨ੍ਹਾਂ ਨੇ ਬ੍ਰਿਟਿਸ਼ ਤੋਂ ਬਾਅਦ ਮੁਸਲਮਾਨਾਂ ਨੂੰ ਨੇਵੀਗੇਟ ਕਰਨ ’ਤੇ ਕਈ ਵਿਚਾਰ ਪੇਸ਼ ਕੀਤੇ। ਪੁਰਾਤਨ ਅਰਬੀ ਕਵੀ ਅਬੂ ਅਲ-ਅਲਾ-ਅਲ-ਮਾਰੀ ’ਤੇ ਉਨ੍ਹਾਂ ਦੀ ਨਮਜ਼ ਦਾ ਇਕ ਸ਼ੇਅਰ ਇਸ ਤਰ੍ਹਾਂ ਹੈ-
ਤਕਦੀਰ ਕੇ ਕਾਜ਼ੀ ਕਾ ਫਤਵਾ ਹੈ ਅਜਲ ਸੇ
ਹੈ ਜੁਰਮ-ਏ-ਜਈਫੀ ਕੀ ਸਜ਼ਾ ਮਰਗ-ਏ-ਮੁਫਾਜਾਤ
ਇਸ ਦਾ ਮਤਲਬ ਇਹ ਹੈ ਕਿ ਮੇਰਾ ਇਹ ਕਹਿਣਾ ਸੁਣ ਲਓ ਕਿ ਕੁਦਰਤ ਦੀ ਨਿਸ਼ਾਨੀ ਕਿਸਮਤ ਦੇ ਮੁਫਤੀ ਦਾ ਇਹ ਫਤਵਾ ਹੈ ਜੋ ਸ਼ੁਰੂ ਤੋਂ ਜਾਰੀ ਹੈ ਕਿ ਕਮਜ਼ੋਰੀ ਦਾ ਅੰਤ ਮੌਤ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਜੋ ਕਮਜ਼ੋਰ ਅਤੇ ਅਸਮਰੱਥ ਹਨ, ਉਹ ਸ਼ਕਤੀਸ਼ਾਲੀ ਲੋਕਾਂ ਦਾ ਸ਼ਿਕਾਰ ਬਣਦੇ ਹਨ ਅਤੇ ਦੁਨੀਆ ਦੇ ਸਭ ਅਹੁਦਿਆਂ ਅਤੇ ਸਨਮਾਨਾਂ ਤੋਂ ਵਾਂਝੇ ਹੋ ਕੇ ਆਪਣੀ ਜ਼ਿੰਦਗੀ ਤੋਂ ਮਹਿਰੂਮ ਹੋ ਜਾਂਦੇ ਹਨ।
ਕੀ ਇਕ ਮੁਸਲਮਾਨ ਹੀ ਮੁਸਲਮਾਨਾਂ ਦਾ ਆਗੂ ਹੋਵੇਗਾ? ਨਹੀਂ
ਥਿੰਕ ਟੈਂਕ ਦੇ ਇਕ ਸਰਵੇਖਣ ਮੁਤਾਬਕ ਭਾਰਤ ਦੇ 90 ਜ਼ਿਲਿਆਂ, 100 ਲੋਕ ਸਭਾ ਖੇਤਰਾਂ ਅਤੇ 720 ਵਿਧਾਨ ਸਭਾ ਸੀਟਾਂ ’ਤੇ ਮੁਸਲਮਾਨਾਂ ਦੀ ਮੌਜੂਦਗੀ ਫੈਸਲਾਕੁੰਨ ਹੈ। ਸੂਬਾਈ ਪੱਧਰ ’ਤੇ ਵੀ ਇਨ੍ਹਾਂ ਦੀ ਗਿਣਤੀ ਕਾਫੀ ਹੈ। ਫਿਰ ਵੀ ਮੁਸਲਮਾਨ ਦੱਬੇ-
ਕੁਚਲੇ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਭ ਸ਼ਿਕਾਇਤਾਂ ਮੌਜੂਦ ਰਹਿੰਦੀਆਂ ਹਨ। 2013 ’ਚ ਯੂ. ਪੀ. ਵਿਧਾਨ ਸਭਾ ’ਚ 67 ਵਿਧਾਇਕ ਮੁਸਲਮਾਨ ਸਨ। ਉਸ ਸਮੇਂ ਮੁਜ਼ੱਫਰਨਗਰ ’ਚ ਦੰਗੇ ਹੋਏ। ਮੁਸਲਮਾਨਾਂ ਨੂੰ ਉਨ੍ਹਾਂ ਦੇ ਘਰਾਂ ’ਚ ਕਤਲ ਕੀਤਾ ਗਿਆ। ਉਨ੍ਹਾਂ ਨੂੰ ਉਜੜਣਾ ਪਿਆ। ਇਸ ਤੋਂ ਇਲਾਵਾ ਉਸ ਸਮੇਂ ਦੇ ਸਭ ਤੋਂ ਮਜ਼ਬੂਤ ਮੁਸਲਿਮ ਨੇਤਾ ਆਜ਼ਮ ਖਾਨ ਮੇਰਠ, ਮੁਜ਼ੱਫਰਨਗਰ ਚੋਣ ਖੇਤਰ ਦੇ ਇੰਚਾਰਜ ਮੰਤਰੀ ਸਨ। ਇਸ ਸਮੇਂ ਮੁਸਲਿਮ ਧਾਰਮਿਕ ਅਤੇ ਸਿਆਸੀ ਅਗਵਾਈ ਦੀ ਪਕੜ ’ਚ ਹਨ ਪਰ ਉਹ ਸਿਰਫ ਮੁਸਲਮਾਨਾਂ ਦਾ ਸ਼ਿਕਾਰ ਕਰਦੇ ਹਨ। 2014 ਦੀਆਂ ਲੋਕ ਸਭਾ ਦੀਆਂ ਚੋਣਾਂ ਅਤੇ ਉਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਅਤੇ 2019 ਦੀਆਂ ਲੋਕ ਸਭਾ ਦੀਆਂ ਚੋਣਾਂ ’ਚ ਸਭ ਕੁਝ ਮੁਸਲਿਮ ਆਗੂਆਂ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ। ਨਤੀਜਾ ਅੱਜ ਉਨ੍ਹਾਂ ਦਾ ਡਰ ਹੈ।
ਭਾਵਨਾਤਮਕ ਧਾਰਮਿਕ ਮੁੱਦਿਆਂ ’ਤੇ ਧਿਆਨ ਨਾ ਦਿਓ
ਮੁਸਲਮਾਨਾਂ ਨੂੰ ਹਾਸ਼ੀਏ ’ਤੇ ਖੜ੍ਹਾ ਕਰਨ ’ਚ ਇਨ੍ਹਾਂ ਲੋਕਾਂ ਦਾ ਹੱਥ ਹੈ ਜੋ ਇਸਲਾਮ ਬਾਰੇ ਆਪਣੀ ਗਲਤ ਰਾਏ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੇ ਲੋਕ ਹਨ। ਇਹ ਧਰਮ ਨਾਲ ਜੁੜੀਆਂ ਸਮੱਸਿਆਵਾਂ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਮੁਸਲਮਾਨ ਸਭ ਕੁਝ ਭੁੱਲ ਕੇ ਇਨ੍ਹਾਂ ਦੇ ਨਾਅਰਿਆਂ ’ਚ ਉਲਝ ਜਾਂਦੇ ਹਨ। ਦੇਸ਼ ’ਚ ਕੋਈ ਘਟਨਾ ਹੁੰਦੀ ਹੈ ਤਾਂ ਕੁਝ ਅਖੌਤੀ ਧਰਮਗੁਰੂ ਜਿਨ੍ਹਾਂ ’ਚੋਂ ਵਧੇਰੇ ਮੌਲਾਨਾ ਦੀ ਉਪਾਧੀ ਦੇ ਨਾਲ ਦਾੜ੍ਹੀ ਵੀ ਰੱਖਦੇ ਹਨ, ਸਕ੍ਰੀਨ ’ਤੇ ਜਨੂੰਨ ਤੇਜ਼ ਕਰਨ ਲਈ ਟੀ. ਵੀ. ’ਤੇ ਦਿਖਾਈ ਦਿੰਦੇ ਹਨ। ਅਕਸਰ ਉਹ ਅਜਿਹੀਆਂ ਗੱਲਾਂ ਕਰਦੇ ਹਨ ਜੋ ਇਸ ਤਰ੍ਹਾਂ ਦੀ ਬਹਿਸ ਨੂੰ ਹਵਾ ਦਿੰਦੀਆਂ ਹਨ ਅਤੇ ਦੇਸ਼ ’ਚ ਮੌਜੂਦਾ ਫਿਰਕੂ ਤਣਾਅ ਪੈਦਾ ਕਰਦੀਆਂ ਹਨ।
ਸਿੱਖਿਆ, ਕਾਰੋਬਾਰ ਅਤੇ ਭਵਿੱਖ ਦੀ ਭਾਲ
ਮੁਸਲਮਾਨਾਂ ਨੇ ਇਕ ਅਹਿਮ ਖੇਤਰ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਹੈ ਸਿੱਖਿਆ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਿਆ ਦਾ ਜ਼ੋਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਨੌਜਵਾਨ ਮੁਸਲਿਮ ਲਗਾਤਾਰ ਵੱਖ-ਵੱਖ ਖੇਤਰਾਂ ’ਚ ਅੱਗੇ ਵਧ ਰਹੇ ਹਨ, ਭਾਵੇਂ ਉਹ ਸਿਵਲ ਸੇਵਾ ਹੋਵੇ, ਹਥਿਆਰਬੰਦ ਫੋਰਸ ਅਤੇ ਕਾਰਪੋਰੇਟ ਜਗਤ ਆਦਿ ਹੋਵੇ। ਔਰਤਾਂ ਸਮੇਤ ਕੁਝ ਮੁਸਲਮਾਨਾਂ ਨੇ ਸਫਲ ਕਾਰੋਬਾਰੀ ਵਜੋਂ ਆਪਣੀ ਪਛਾਣ ਬਣਾਈ ਹੈ। ਮੁਸਲਮਾਨਾਂ ਨੂੰ ਇਸ ਧਾਗੇ ਨੂੰ ਚੰਗੀ ਤਰ੍ਹਾਂ ਬੁਣਨਾ ਹੋਵੇਗਾ। ਉਨ੍ਹਾਂ ਨੂੰ ਪੂਰੇ ਦੇਸ਼ ’ਚ ਵਪਾਰ ਸਥਾਪਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਮੁਸਲਿਮ ਇਲਾਕਿਆਂ ’ਚ ਵਪਾਰਕ ਵਰਕਸ਼ਾਪਾਂ ਆਯੋਜਿਤ ਕਰਨੀਆਂ ਚਾਹੀਦੀਆਂ ਹਨ ਜਿੱਥੇ ਸਫਲ ਲੋਕ ਆਪਣੀ ਮੁਹਾਰਤ ਅਤੇ ਤਜਰਬਿਆਂ ਸਬੰਧੀ ਜਾਣਕਾਰੀ ਦੇ ਸਕਣ। ਇਸ ਨਾਲ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਣਾ ਮਿਲੇਗੀ ਅਤੇ ਉਹ ਆਪਣੇ ਡਰ ’ਤੇ ਕਾਬੂ ਪਾ ਸਕਣਗੇ। ਨਾਲ ਹੀ ਇਕ ਹਿੰਦੂ ਵਾਂਗ ਆਪਣਾ ਭਵਿੱਖ ਉੱਜਵਲ ਦੇਖ ਸਕਣਗੇ।

Comment here