ਸਿਆਸਤਖਬਰਾਂ

ਮੁਲਾਇਮ ਯਾਦਵ ਦੀ ਨੂੰਹ ਅਪਰਨਾ ਭਾਜਪਾ ’ਚ ਸ਼ਾਮਲ

ਭਾਜਪਾ ਚ ਨੂੰਹਾਂ ਧੀਆਂ ਸੁਰੱਖਿਅਤ- ਅਨੁਰਾਗ

ਲਖਨਊ-ਬੀਤੇ ਦਿਨੀਂ ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਅਪਰਨਾ ਯਾਦਵ ਭਾਜਪਾ ‘ਚ ਸ਼ਾਮਲ ਹੋ ਗਈ। ਭਾਜਪਾ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਅਤੇ ਪਾਰਟੀ ਦੇ ਮੀਡੀਆ ਵਿਭਾਗ ਦੇ ਇੰਚਾਰਜ ਅਨਿਲ ਬਲੂਨੀ ਦੀ ਮੌਜੂਦਗੀ ‘ਚ ਅਪਰਨਾ ਯਾਦਵ ਭਗਵਾ ਪਾਰਟੀ ‘ਚ ਸ਼ਾਮਲ ਹੋਈ। ਉਸ ਨੇ ਇਸ ਮੌਕੇ ਕਿਹਾ ਕਿ ਉਹ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾ ਦੀਆਂ ਨੀਤੀਆਂ ਤੋਂ ਪ੍ਰਭਾਵਤ ਰਹੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਅਪਰਨਾ ਦੇ ਜੇਠ ਅਖਿਲੇਸ਼ ਯਾਦਵ ਨੇ ਉਸ ਨੂੰ ਭਾਜਪਾ ਵਿਚ ਸ਼ਾਮਲ ਹੋਣ ‘ਤੇ ਸ਼ੁਭਕਾਮਨਾ ਤੇ ਵਧਾਈ ਦਿੱਤੀ ਹੈ।

ਭਾਜਪਾ ਚ ਨੂੰਹਾਂ ਧੀਆਂ ਸੁਰੱਖਿਅਤ- ਅਨੁਰਾਗ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਨੂੰ ਵੀ ਪਤਾ ਹੈ ਕਿ ਉਨ੍ਹਾਂ ਦੀਆਂ ਧੀਆਂ ਅਤੇ ਨੂੰਹਾਂ ਭਾਜਪਾ ‘ਚ ਸੁਰੱਖਿਅਤ ਹਨ। ਅਨੁਰਾਗ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਵਿਧਾਇਕ ਅਤੇ ਵਿਧਾਨ ਪ੍ਰੀਸ਼ਦ ਮੈਂਬਰ ਸਮਾਜਵਾਦੀ ਪਾਰਟੀ ਛੱਡ ਕੇ ਭਾਜਪਾ ‘ਚ ਆਏ ਹਨ। ਉਨ੍ਹਾਂ ਦਾ ਪਾਰਟੀ ‘ਚ ਸੁਆਗਤ ਹੈ। ਇਸੇ ਕ੍ਰਮ ‘ਚ ਅੱਜ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਨੇਤਾ ਮੁਲਾਇਮ ਸਿੰਘ ਯਾਦਵ ਦੀ ਨੂੰਹ ਅਪਰਣਾ ਯਾਦਵ ਵੀ ਭਾਜਪਾ ‘ਚ ਆਈ ਹੈ। ਇਨ੍ਹਾਂ ਸਾਰਿਆਂ ਦੇ ਆਉਣ ਨਾਲ ਭਾਜਪਾ ਨੂੰ ਵੀ ਤਾਕਤ ਮਿਲੇਗੀ। ਉਨ੍ਹਾਂ ਕਿਹਾ ਕਿ ਪਰ ਆਪਣੇ ਆਪ ‘ਚ ਇਕ ਮਿਸਾਲ ਹੈ ਕਿ ਉੱਤਰ ਪ੍ਰਦੇਸ਼ ‘ਚ ਬੀਤੇ 5 ਸਾਲਾਂ ‘ਚ ਯੋਗੀ ਆਦਿੱਤਿਆਨਾਥ ਸਰਕਾਰ ਨੇ ਨੂੰਹ ਬੇਟੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਉਸ ਨੂੰ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਉਨ੍ਹਾਂ ਦੇ ਘਰ ਦੀਆਂ ਨੂੰਹਾਂ ਬੇਟੀਆਂ ਵੀ ਮੰਨਦੀਆਂ ਹਨ। ਭਾਵੇਂ ਸ਼੍ਰੀ ਮੁਲਾਇਮ ਸਿੰਘ ਯਾਦਵ ਦੀ ਨੂੰਹ ਹੋਵੇ ਜਾਂ ਸ਼੍ਰੀ ਸੁਆਮੀ ਪ੍ਰਸਾਦ ਮੋਰੀਆ ਦੀ ਬੇਟੀ, ਦੋਵੇਂ ਹੀ ਭਾਜਪਾ ‘ਚ ਸੁਰੱਖਿਅਤ ਹਨ। ਠਾਕੁਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ 25 ਕਰੋੜ ਦੀ ਆਬਾਦੀ ‘ਚ ਮਾਂਵਾਂ ਅਤੇ ਭੈਣਾਂ ਇਸ ਗੱਲ ਨੂੰ ਜਾਣਦੀਆਂ ਹਨ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਦੀ ਸਰਕਾਰ ‘ਤੇ ਪੂਰਾ ਭਰੋਸਾ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਚੋਣ ਲੜਨ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਠਾਕੁਰ ਨੇ ਕਿਹਾ ਕਿ ਸਪਾ ਅਤੇ ਉਸ ਦੇ ਗਠਜੋੜ ਦੀ ਪਹਿਲੀ ਸੂਚੀ ਆਉਣ ਤੋਂ ਬਾਅਦ ਉਸ ਦੀ ਜ਼ਮੀਨੀ ਪੱਧਰ ‘ਤੇ ਵੀ ਅਤੇ ਉਨ੍ਹਾਂ ਦੀ ਪਾਰਟੀ ‘ਚ ਵੀ ਆਲੋਚਨਾ ਹੋ ਰਹੀ ਹੈ। ਸਪਾ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਵੀ ਇਹ ਗੱਲ ਸਮਝ ‘ਚ ਆ ਰਹੀ ਹੈ ਕਿ ਅਖਿਲੇਸ਼ ਯਾਦਵ ਅਤੇ ਯੋਗੀ ‘ਚ ਕੀ ਫਰਕ ਹੈ।

Comment here