ਸਿਆਸਤਖਬਰਾਂ

ਮੁਰਮੂ ਨੇ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ, ਕੱਤਿਆ ਚਰਖਾ

ਅਹਿਮਦਾਬਾਦ-ਰਾਸ਼ਟਰਪਤੀ ਬਣਨ ਮਗਰੋਂ ਦ੍ਰੌਪਦੀ ਮੁਰਮੂ ਦੀ ਪਹਿਲੀ ਵਾਰ ਗੁਜਰਾਤ ਯਾਤਰਾ ਹੈ। ਇਸ ਦੌਰਾਨ ਸਾਬਰਮਤੀ ’ਚ ਮਹਾਤਮਾ ਗਾਂਧੀ ਦੇ ਆਸ਼ਰਮ ਦਾ ਦੌਰਾ ਕੀਤਾ ਅਤੇ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਸ਼ਾਂਤੀ ਅਤੇ ਪ੍ਰੇਰਣਾ ਦੇ ਸੰਚਾਰ ਦਾ ਅਹਿਸਾਸ ਹੋਇਆ ਹੈ। ਆਸ਼ਰਮ ’ਚ ਵਿਜ਼ੀਟਰ ਬੁੱਕ ’ਚ ਰਾਸ਼ਟਰਪਤੀ ਮੁਰਮੂ ਨੇ ਹਿੰਦੀ ’ਚ ਲਿਖਿਆ ਕਿ ਉਨ੍ਹਾਂ ਨੂੰ ਅਦੁੱਤੀ ਸ਼ਰਧਾ, ਡੂੰਘੀ ਸ਼ਾਂਤੀ ਅਤੇ ਪ੍ਰੇਰਨਾ ਦੇ ਸੰਚਾਰ ਦਾ ਅਹਿਸਾਸ ਹੋਇਆ। ਇੱਥੇ ਬਾਪੂ ਦੇ ਜੀਵਨ ਕਾਲ ਨਾਲ ਜੁੜੇ ਇਤਿਹਾਸ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਉਹ ਸਾਬਰਮਤੀ ਆਸ਼ਰਮ ਦਾ ਰੱਖ-ਰਖਾਅ ਕਰਨ ਵਾਲੇ ਲੋਕਾਂ ਦੀ ਪ੍ਰਸ਼ੰਸਾ ਕਰਦੀ ਹੈ। ਉਨ੍ਹਾਂ ਨੇ ਆਸ਼ਰਮ ’ਚ ਚਰਖਾ ਵੀ ਕੱਤਿਆ।
ਰਾਸ਼ਟਰਪਤੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜੀਵਨ ਅਤੇ ਆਜ਼ਾਦੀ ਸੰਘਰਸ਼ ਨੂੰ ਦਰਸਾਉਣ ਵਾਲੀ ਪ੍ਰਦਰਸ਼ਨੀ ਵੀ ਵੇਖੀ। ਇਕ ਟਵੀਟ ਵਿਚ ਰਾਸ਼ਟਰਪਤੀ ਨੇ ਕਿਹਾ, “ਮੈਂ ਪਹਿਲਾਂ ਵੀ ਚਰਖਾ ਕੱਤਿਆ ਹੈ ਪਰ ਸਾਬਰਮਤੀ ਬਾਪੂ ਦੇ ਆਸ਼ਰਮ ਵਿਚ ਅਜਿਹਾ ਕਰਨਾ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਅਨੁਭਵ ਹੈ। ਇਹ ਮੇਰੇ ਲਈ ਸਵੈ-ਨਿਰਭਰਤਾ ਦੇ ਦਰਸ਼ਨ ਦੀ ਡੂੰਘੀ ਮਹੱਤਤਾ ਨੂੰ ਸਮਝਾਉਂਦਾ ਹੈ। ਆਸ਼ਰਮ ਦਾ ਸ਼ਾਂਤ ਮਾਹੌਲ ਅੱਜ ਵੀ ਮਹਾਤਮਾ ਗਾਂਧੀ ਦੀ ਭਾਵਨਾ ਦਾ ਅਹਿਸਾਸ ਕਰਵਾਉਂਦਾ ਹੈ।
ਦੱਸ ਦੇਈਏ ਕਿ ਇਸ ਸਾਲ ਜੁਲਾਈ ’ਚ ਰਾਸ਼ਟਰਪਤੀ ਬਣਨ ਮਗਰੋਂ ਮੁਰਮੂ ਦੀ ਇਹ ਪਹਿਲੀ ਗੁਜਰਾਤ ਯਾਤਰਾ ਹੈ। ਰਾਸ਼ਟਰਪਤੀ ਨੇ ਆਪਣੀ ਯਾਤਰਾ ਦੌਰਾਨ ਆਸ਼ਰਮ ਕੰਪਲੈਕਸ ’ਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਫੁੱਲ ਭੇਟ ਕੀਤੇ। ਇਸ ਦੌਰਾਨ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੁਪਿੰਦਰ ਵੀ ਮੌਜੂਦ ਸਨ।

Comment here