ਸਿਆਸਤਖਬਰਾਂ

ਮੁਫਤ ਬਿਜਲੀ ਤੋੰ ਬਾਅਦ ਖੇਤੀ ਕਨੂੰਨਾਂ ਤੇ ਕੇਜਰੀਵਾਲ ਦਾ ਸਿਆਸੀ ਦਾਅ

ਨਵੀਂ ਦਿੱਲੀ- ਇੱਕ ਬੋਲੀ ਪੰਜਾਬ ਚ ਗਿੱਧਿਆਂ ਦੇ ਪਿੜ ਚ ਅਕਸਰ ਪੈਂਦੀ ਹੈ- ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ, ਇਹ ਬੋਲੀ ਤਾਂ ਯਾਦ ਆ ਗਈ ਕਿ ਦਿੱਲੀ ਚ ਸਰਕਾਰ ਚਲਾ ਰਹੇ ਅਰਵਿੰਦ ਕੇਜਰੀਵਾਲ ਕੁਝ ਐਸੀ ਕਾਰਵਾਈ ਕਰ ਰਹੇ ਹਨ, ਜਿਸ ਦਾ ਸਿੱਧਾ ਅਸਰ ਪੰਜਾਬ ਦੀ ਸਿਆਸਤ ਤੇ ਖਾਸ ਕਰਕੇ ਆਉਣ ਵਾਲੀ ਵਿਧਾਨ ਸਭਾ ਚੋਣ ਤੇ ਪਵੇਗਾ। ਪਿਛਲੇ ਦਿਨੀ ਪੰਜਾਬ ਆਏ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਤਿੰਨ ਸੌ ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਤੇ ਹੁਣ ਪੰਜਾਬ ਚ ਭਖੇ ਹੋਏ ਕਿਸਾਨੀ ਮੁੱਦੇ ਤੇ ਇਕ ਪੱਤਾ ਖੇਡਿਆ ਹੈ। ਦਿੱਲੀ ’ਚ ਲਗਾਤਾਰ ਤਿੰਨ ਵਾਰ ਇਤਿਹਾਸਕ ਜਿੱਤ ਦਰਜ ਕਰ ਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਬੇਹੱਦ ਗੰਭੀਰ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ’ਚ ਪਹਿਲੀ ਵਾਰ 2017 ’ਚ ਵਿਧਾਨ ਸਭਾ ਚੋਣਾਂ ਲੜੀਆਂ ਅਤੇ 20 ਸੀਟਾਂ ’ਤੇ ਜਿੱਤ ਦਰਜ ਕਰ ਕੇ ਰਾਜ ’ਚ ਦੂਜਾ ਵੱਡਾ ਦਲ ਬਣ ਕੇ ਸਾਹਮਣੇ ਆਈ। ਹੁਣ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਪਛਾੜ ਕੇ ਪੰਜਾਬ ’ਚ ਸੱਤਾ ਦਾ ਸੁਪਨਾ ਵੇਖ ਰਹੀ ਹੈ। ਆਪ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਅਕਾਲੀ ਦਲ ਤੋਂ ਬਾਅਦ ਹੁਣ ਕਾਂਗਰਸ ਤੋਂ ਵੀ ਬੇਹੱਦ ਪਰੇਸ਼ਾਨ ਹਨ ਅਤੇ ਬਦਲਾਅ ਵਜੋਂ ਆਮ ਆਦਮੀ ਪਾਰਟੀ ਨੂੰ ਜ਼ਰੂਰ ਮੌਕਾ ਦੇਣਗੇ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਤੁਲਨਾ ’ਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਚੁਣਾਵੀ ਮੋੜ ’ਚ ਆ ਚੁੱਕੀ ਹੈ। ਇਸ ਦੇ ਤਹਿਤ ਹੀ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਂਦਰ ਦੇ ਨਵੇਂ ਕਾਨੂੰਨ ਵਾਪਸ ਲਏ ਜਾਣ ਦੀ ਮੰਗ ਨੂੰ ਲੈ ਕੇ ਸਦਨ ’ਚ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਪ ਵੱਲੋਂ ਵੱਡਾ ਮਾਸਟਰ ਸਟ੍ਰੋਕ ਮੰਨਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਚੋਣਾਂ ’ਚ ਸੰਭਵ ਹੈ ਕਿ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਦਾ ਮੋਰਚਾ ਸੰਭਾਲਣ।

Comment here