ਸਿਆਸਤਖਬਰਾਂ

ਮੁਫਤ ਖੈਰਾਤਾਂ ਨਾਲ ਪੰਜਾਬ ਕਦ ਤੱਕ ਬਚੂ?- ਪਰਗਟ ਸਿੰਘ ਦਾ ਹੱਲਾ ਬੋਲ

ਜਲੰਧਰ- ਪੰਜਾਬ ਕਾਂਗਰਸ ਵਿਚ ਕਲੇਸ਼ ਫਿਰ ਉਭਰਣ ਲੱਗਾ ਹੈ। ਪਹਿਲਾਂ ਨਵਜੋਤ ਸਿੱਧੂ ਦੇ ਕਰੀਬੀ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਧੀਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚੋਣ ਲੜਨ ਤੋਂ ਇਨਕਾਰ ਕਰ ਦਿਤਾ ਸੀ। ਹੁਣ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਨਵਜੋਤ ਖੇਮੇ ਦੇ ਮੰਨੇ ਜਾਂਦੇ ਵਿਧਾਇਕ ਪਰਗਟ ਸਿੰਘ ਨੇ ਮੁਫ਼ਤ ਬੱਸ ਸਫਰ ਦੀ ਸਕੀਮ ’ਤੇ ਕੈਪਟਨ ਸਰਕਾਰ ਨੂੰ ਘੇਰਿਆ ਹੈ। ਪਰਗਟ ਸਿੰਘ ਨੇ ਕਿਹਾ ਹੈ ਕਿ ਬੀਬੀਆਂ ਨੂੰ ਬੱਸਾਂ ਵਿਚ ਫ੍ਰੀ ਸਫ਼ਰ ਨਾਲ ਸਰਕਾਰੀ ਅਤੇ ਪ੍ਰਾਈਵੇਟ ਟ੍ਰਾਂਸਪੋਰਟ ’ਤੇ ਅਸਰ ਪੈ ਸਕਦਾ ਹੈ। ਜੇ ਅਸੀਂ ਇਸੇ ਤਰ੍ਹਾਂ ਫ੍ਰੀ ਸਫਰ ਕਰਦੇ ਜਾਵਾਂਗੇ ਤਾਂ ਫਿਰ ਆਉਣ ਵਾਲੇ ਸਮੇਂ ਵਿਚ ਸਰਕਾਰ ਅਤੇ ਸਿਸਟਮ ਕਿਸ ਤਰ੍ਹਾਂ ਚਲਾਵਾਂਗੇ। ਪਰਗਟ ਨੇ ਕਿਹਾ ਕਿ ਹੁਣ ਇਹ ਮੁਫ਼ਤ ਵਾਲਾ ਸਿਸਟਮ ਵੀ ਬੰਦ ਕਰਨ ਚਾਹੀਦਾ ਹੈ, ਪੰਜਾਬ ਪਹਿਲਾਂ ਹੀ ਕਰਜ਼ਾ ਹੇਠ ਨੱਪਿਆ ਪਿਆ ਹੈ, ਸਾਨੂੰ ਸਗੋੰ ਆਮਦਨ ਦੇ ਮੌਕੇ ਟੋਲਣੇ ਚਾਹੀਦੇ ਹਨ, ਮੁਫਤ ਚ ਵੰਡੀਆਂ ਜਾ ਰਹੀਆਂ ਚੀਜ਼ਾਂ ਪੰਜਾਬ ਨੂੰ ਹੋਰ ਬਰਬਾਦੀ ਵੱਲ ਧਕਣਗੀਆਂ।

ਦਰਅਸਲ ਹੜਤਾਲ ’ਤੇ ਚੱਲ ਰਹੇ ਪੰਜਾਬ ਰੋਡਵੇਜ਼, ਪੀ. ਆਰ. ਟੀ. ਸੀ. ਤੇ ਪਨਬੱਸ ਦੇ ਕੰਟਰੈਕਟ ਕਰਮਚਾਰੀਆਂ ਨੇ ਐਤਵਾਰ ਨੂੰ ਪਰਗਟ ਸਿੰਘ ਦੇ ਘਰ ਦਾ ਘਿਰਾਓ ਕੀਤਾ ਸੀ। ਜਿਸ ਤੋਂ ਬਾਅਦ ਪਰਗਟ ਸਿੰਘ ਦੀ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕੈਪਟਨ ਸਰਕਾਰ ਦੀ ਬੀਬੀਆਂ ਨੂੰ ਮੁਫਤ ਬੱਸ ਸਫਰ ਸਕੀਮ ਨੂੰ ਲੈ ਕੇ ਵਿਰੋਧੀ ਤਕ ਮਹਿਲਾ ਵੋਟ ਬੈਂਕ ਨੂੰ ਦੇਖਦੇ ਹੋਏ ਕੁਝ ਨਹੀਂ ਕਹਿ ਰਹੇ ਹਨ। ਅਜਿਹੇ ਵਿਚ ਪਰਗਟ ਸਿੰਘ ਦੇ ਹਮਲੇ ਨਾਲ ਸਾਫ਼ ਤੌਰ ’ਤੇ ਫਿਰ ਕੈਪਟਨ ਅਤੇ ਸਿੱਧੂ ਧੜੇ ਦਾ ਆਪਸੀ ਕਲੇਸ਼ ਉਭਰ ਕੇ ਸਾਹਮਣੇ ਆਇਆ ਹੈ।

Comment here