ਨਵੀਂ ਦਿੱਲੀ- ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰਾਂ ਦੀ ਲੋੜ ਬਾਰੇ ਜ਼ਿਕਰ ਕਰਦਿਆਂ ਦੇਸ਼ ਦੇ ਉਪ ਰਾਸ਼ਟਰਪਤੀ ਐਮ.ਵੈਂਕਈਆ ਨਾਇਡੂ ਨੇ ਮੁਢਲੀ ਸਿੱਖਿਆ ਮਾਤ ਭਾਸ਼ਾ ‘ਚ ਕਰਵਾਏ ਜਾਣ ‘ਤੇ ਜ਼ੋਰ ਦਿੱਤਾ ਹੈ | ਨਾਇਡੂ ਨੇ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ | ਉਨ੍ਹਾਂ ਕਿਹਾ ਕਿ ਭਾਰਤੀ ਸਿਖਿਆ ਪ੍ਰਣਾਲੀ ਨੂੰ ‘ਸਾਡੀ ਸੰਸਕਿ੍ਤੀ’ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ | ਉਪ ਰਾਸ਼ਟਰਪਤੀ ਨੇ ਕਿਹਾ, ”ਜੇਕਰ ਬੱਚਿਆਂ ਨੂੰ ਮੁਢਲੀ ਸਿਖਿਆ ਉਨ੍ਹਾਂ ਦੀ ਮਾਤ ਭਾਸ਼ਾ ਵਿਚ ਦਿਤੀ ਜਾਵੇ ਤਾਂ ਉਹ ਇਸ ਨੂੰ ਸਮਝ ਸਕਣਗੇ | ਜੇਕਰ ਕਿਸੇ ਹੋਰ ਭਾਸ਼ਾ ਵਿਚ ਦਿਤਾ ਜਾਵੇ ਤਾਂ ਉਨ੍ਹਾਂ ਨੂੰ ਪਹਿਲਾਂ ਭਾਸ਼ਾ ਸਿੱਖਣੀ ਪਵੇਗੀ ਅਤੇ ਫਿਰ ਉਹ ਸਮਝਣਗੇ |” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿਤਾ ਕਿ ਬੱਚਿਆਂ ਨੂੰ ਪਹਿਲਾਂ ਅਪਣੀ ਮਾਤ ਭਾਸ਼ਾ ਸਿਖਣੀ ਚਾਹੀਦੀ ਹੈ ਅਤੇ ਫਿਰ ਹੋਰ ਭਾਸ਼ਾਵਾਂ ਸਿਖਣੀਆਂ ਚਾਹੀਦੀਆਂ ਹਨ | ਨਾਇਡੂ ਨੇ ਕਿਹਾ, ”ਸਾਰਿਆਂ ਨੂੰ ਅਪਣੀ ਮਾਤ ਭਾਸ਼ਾ ਵਿਚ ਨਿਪੁੰਨ ਹੋਣਾ ਚਾਹੀਦਾ ਹੈ ਅਤੇ ਉਸ ਨਾਲ ਸਬੰਧਤ ਮੌਲਿਕ ਵਿਚਾਰ ਰਖਣੇ ਚਾਹੀਦੇ ਹਨ । ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੈਂਕਈਆ ਨਾਇਡੂ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਖ਼ਾਸ ਮਹਿਮਾਨ ਸਨ | ਉਪ ਰਾਸਟਰਪਤੀ ਨੇ ਇਸ ਮੌਕੇ 100 ਰੁਪਏ ਦਾ ਇਕ ਯਾਦਗਾਰੀ ਸਿੱਕਾ, ਇਕ ਯਾਦਗਾਰੀ ਸ਼ਤਾਬਦੀ ਡਾਕ ਟਿਕਟ ਅਤੇ ਦਿੱਲੀ ਯੂਨੀਵਰਸਿਟੀ ਦੇ ਹੁਣ ਤਕ ਦੇ ਸਫ਼ਰ ਦੀ ਤਸਵੀਰ ਪੇਸ਼ ਕਰਨ ਵਾਲੀ ਇਕ ਯਾਤਗਾਰੀ ਸ਼ਤਾਬਦੀ ਕਿਤਾਬ ਵੀ ਜਾਰੀ ਕੀਤੀ |ਨਾਇਡੂ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਸਨਿਚਰਵਰ ਨੂੰ ਇਕ ਪ੍ਰੋਗਰਾਮ ‘ਚ ਕੀਤੀ ਉਸ ਟਿੱਪਣੀ ਦਾ ਵੀ ਜ਼ਿਕਰ ਕੀਤਾ, ਜਿਸ ਵਿਚ ਅਦਾਲਤਾਂ ‘ਚ ਸਥਾਨ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿਤਾ ਗਿਆ ਸੀ | ਉਨ੍ਹਾਂ ਕਿਹਾ, ”ਕਲ ਪ੍ਰਧਾਨ ਮੰਤਰੀ ਮੋਦੀ ਨੇ ਅਦਾਲਤਾਂ ‘ਚ ਸਥਾਨਕ ਭਾਸ਼ਾਵਾਂ ਦੀ ਜ਼ਰੂਰਤ ਬਾਰੇ ਵੀ ਇਹ ਗੱਲ ਕਹੀ ਸੀ | ਸਿਰਫ਼ ਅਦਾਲਤਾਂ ਹੀ ਕਿਉਂ, ਇਸ ਨੂੰ ਹਰ ਥਾਂ ਲਾਗੂ ਕੀਤਾ ਜਾਣਾ ਚਾਹੀਦਾ | ” ਉਪ ਰਾਸ਼ਟਰਪਤੀ ਨੇ ਦਿੱਲੀ ਯੂਨੀਵਰਸਿਟੀ ਨੂੰ 100 ਸਾਲ ਪੂਰੇ ਹੋਣ ‘ਤੇ ਵਧਾਈ ਦਿਤੀ | ਉਨ੍ਹਾਂ ਕਿਹਾ ਕਿ ਮੈਂ ਇਸ ਯੂਨੀਵਰਸਿਟੀ ਦੇ ਵਿਕਾਸ ਅਤੇ ਤਰਕੀ ਲਈ ਸਾਰੇ ਲੋਕਾਂ ਨੂੰ ਵਧਾਈ ਦੇਣਾ ਚਾਹਾਂਗਾ, ਜਿਸ ਨਾਲ ਇਸ ਨੂੰ ਵੱਕਾਰੀ ਸੰਸਥਾਵਾਂ ਵਿਚੋਂ ਇਕ ਬਣਾਇਆ ਜਾਵੇਗਾ | ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਸਥਾਨਕ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਨਾਲ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਨਿਖਾਰਨ ਵਿਚ ਮਦਦ ਮਿਲੇਗੀ | ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਵਿਚ ਸਥਾਨਕ ਭਾਸ਼ਾ ਦੀ ਮਹੱਤਤਾ ‘ਤੇ ਜ਼ੋਰ ਦਿਤਾ ਗਿਆ ਹੈ | ਸਥਾਨਕ ਭਾਸ਼ਾ ਵਿਦਿਆਰਥੀ ਦੀ ਰਚਨਾਤਮਕਤਾ ਦਾ ਮਾਰਗਦਰਸ਼ਨ ਕਰਨ ਵਿਚ ਮਦਦ ਕਰਦੀ ਹੈ | ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਨੂੰ ਤਿੰਨ ਭਾਸ਼ਾਵਾਂ ਅੰਗਰੇਜੀ, ਹਿੰਦੀ ਅਤੇ ਤੇਲਗੂ ਵਿਚ ਬਰੋਸ਼ਰ ਜਾਰੀ ਕਰਨ ਲਈ ਵਧਾਈ ਦਿੱਤੀ |
ਮੁਢਲਾ ਗਿਆਨ ਮਾਤ ਭਾਸ਼ਾ ਚ ਹੋਵੇ-ਉਪ ਰਾਸ਼ਟਰਪਤੀ

Comment here