ਕਾਬੁਲ- ਅਫਗਾਨਿਸਤਾਨ ਵਿੱਚ ਸਰਕਾਰ ਦਾ ਗਠਨ ਹੁੰਦੇ ਹੀ ਤਾਲਿਬਾਨ ਦਾ ਕਰੂਰ ਚਿਹਰਾ ਨਸ਼ਰ ਹੋਣ ਲੱਗਿਆ ਹੈ। ਆਪਣੇ ਅਧਿਕਾਰਾਂ ਲਈ ਸੰਘਰਸ਼ ਕਰ ਰਹੀਆਂ ਔਰਤਾਂ ਦੇ ਰਾਜਧਾਨੀ ਕਾਬੁਲ ‘ਚ ਮੁਜ਼ਾਹਰੇ ਦੌਰਾਨ ਤਾਲਿਬਾਨ ਨੇ ਉਨ੍ਹਾਂ ‘ਤੇ ਜੰਮ੍ਹ ਕੇ ਕੋੜੇ ਮਾਰੇ, ਲਾਠੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ।ਤਾਲਿਬਾਨ ਦੀ ਜ਼ਿਆਦਤੀ ਦੌਰਾਨ ਵੀ ਔਰਤਾਂ ਜੰਮ੍ਹ ਕੇ ਨਾਅਰੇਬਾਜ਼ੀ ਕਰ ਰਹੀਆਂ ਸਨ, ‘ਅਸੀਂ ਆਜ਼ਾਦੀ ਦੇ ਤਰਾਨੇ ਗਾਉਂਦੇ ਰਹਾਂਗੇ।’ ਇਕ ਮੁਜ਼ਾਹਰੇ ‘ਚ ਇਕ ਔਰਤ ਨੇ ਦੱਸਿਆ ਕਿ ਅਸੀਂ ਕਿਸੇ ਵੀ ਔਰਤ ਨੂੰ ਸਰਕਾਰ ‘ਚ ਸ਼ਾਮਲ ਨਾ ਕਰਨ ਦਾ ਵਿਰੋਧ ਕਰਨ ਰਹੇ ਹਾਂ। ਉਸ ਔਰਤ ਨੇ ਦੱਸਿਆ ਕਿ ਤਾਲਿਬਾਨ ਨੇ ਘਰ ਜਾਣ ਲਈ ਕਿਹਾ ਤੇ ਉਸ ਤੋਂ ਬਾਅਦ ਸਾਨੂੰ ਕੋੜੇ ਮਾਰਨੇ ਸ਼ੁਰੂ ਕਰ ਦਿੱਤੇ। ਇਕ ਹੋਰ ਮਹਿਲਾ ਅਧਿਕਾਰ ਵਰਕਰ ਦੀਵਾ ਫਰਹਮੰਦ ਨੇ ਕਿਹਾ ਕਿ ਅਸੀਂ ਸਿਰਫ਼ ਔਰਤਾਂ ਨਹੀਂ। ਸਾਡੀ ਲੜਾਈ ਜਾਰੀ ਰਹੇਗੀ। ਤਾਲਿਬਾਨ ਨੇ ਕਾਬੁਲ ‘ਚ ਔਰਤਾਂ ਦਾ ਮੁਜ਼ਾਹਰਾ ਕਵਰ ਕਰ ਰਹੇ ਪੱਤਰਕਾਰਾਂ ਨੂੰ ਅਗਵਾ ਕਰ ਲਿਆ ਤੇ ਉਨ੍ਹਾਂ ਨੂੰ ਕਮਰੇ ‘ਚ ਬੰਦ ਕਰ ਕੇ ਕੁੱਟ-ਕੁੱਟ ਕੇ ਲਹੂ ਲੁਹਾਨ ਕਰ ਦਿੱਤਾ। ਇਹ ਦੋਵੇਂ ਅਫ਼ਗਾਨ ਪੱਤਰਕਾਰ ਹਨ। ਵਿਦੇਸ਼ੀ ਪੱਤਰਕਾਰਾਂ ਨੂੰ ਅਗਵਾ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ। ਦੋ ਅਫ਼ਗਾਨ ਪੱਤਰਕਾਰ ਤਾਂ ਆਪਣੇ ਕੱਪੜੇ ਉਤਾਰ ਕੇ ਆਪਣਾ ਲਹੂ-ਲੁਹਾਨ ਸਰੀਰ ਦਿਖਾ ਰਹੇ ਹਨ। ਇਨ੍ਹਾਂ ਦੋਵਾਂ ਹੀ ਅਫ਼ਗਾਨ ਪੱਤਰਕਾਰਾਂ ਤਕੀ ਦਰਿਆਬੀ ਤੇ ਨਮਤੁੱਲ੍ਹਾ ਨਕਦੀ ਦੀ ਉਨ੍ਹਾਂ ਦੀ ਅਦਾਰੇ ਨੇ ਸ਼ਿਨਾਖਤ ਕੀਤੀ ਹੈ। ਇਹ ਦੋਵੇਂ ਪੱਤਰਕਾਰ ਪੱਛਮੀ ਕਾਬੁਲ ‘ਚ ਕਵਰੇਜ ਕਰ ਰਹੇ ਸਨ, ਉਸੇ ਵੇਲੇ ਉਨ੍ਹਾਂ ਨੂੰ ਤਾਲਿਬਾਨ ਨੇ ਅਗ਼ਵਾ ਕਰ ਲਿਆ। ਲਾਸ ਏਂਜਲਸ ਟਾਈਮਜ਼ ਦੇ ਪੱਤਰਕਾਰਾਂ ਨੂੰ ਵੀ ਔਰਤਾਂ ਦੇ ਮੁਜ਼ਾਹਰੇ ਦੀ ਤਸਵੀਰ ਲੈਣ ਤੋਂ ਰੋਕ ਦਿੱਤਾ ਗਿਆ।
Comment here