ਗੈਂਗਸਟਰਾਂ ਤੇ ਡਿਸਮਿਸ ਪੁਲਿਸ ਮੁਲਾਜ਼ਮਾਂ ਦਾ ਕਰ ਰਹੇ ਇਸਤੇਮਾਲ
ਲੁਧਿਆਣਾ-ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਖੁਲਾਸਾ ਕਰਦਿਆਂ ਕਿਹਾ ਕਿ ਕੋਰਟ ਕੰਪਲੈਕਸ ਬਲਾਸਟ ’ਚ ਮਾਰਿਆ ਗਿਆ ਪੁਲਿਸ ਦਾ ਬਰਖ਼ਾਸਤ ਹੌਲਦਾਰ ਗਗਨਦੀਪ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦਾ ਇਕਮਾਤਰ ਮੋਹਰਾ ਸੀ। ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਦੋਵੇਂ ਏਜੰਸੀਆਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਯੋਗ ਵਿਅਕਤੀ ਨਹੀਂ ਮਿਲ ਰਹੇ। ਇਸੇ ਲਈ ਉਹ ਜੇਲ੍ਹ ਵਿੱਚ ਬੰਦ ਗੈਂਗਸਟਰਾਂ, ਨਸ਼ਾ ਤਸਕਰਾਂ ਤੇ ਪੁਲਿਸ ਵਿਭਾਗ ’ਚੋਂ ਬਰਖ਼ਾਸਤ ਮੁਲਾਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ। ਆਈਐਸਆਈ ਨੂੰ ਉਹ ਲੋਕ ਚਾਹੀਦੇ ਹਨ ਜਿਹੜੇ ਪੁਲਿਸ ਤੋਂ ਤੰਗ ਹਨ। ਉਨ੍ਹਾਂ ਨਾਲ ਮਿਲ ਕੇ ਉਹ ਨਾਰਕੋ ਅੱਤਵਾਦ ਫੈਲਾਉਣਾ ਚਾਹੁੰਦੀ ਹੈ।
ਡੀਜੀਪੀ ਨੇ ਕਿਹਾ ਕਿ ਅੱਤਵਾਦ ਦੇ ਦੌਰ ’ਚ ਪਾਕਿਸਤਾਨ ਜ਼ਿਆਦਾ ਹਥਿਆਰ ਭੇਜਦਾ ਸੀ। ਜਦੋਂਕਿ ਡਰੱਗਜ਼ ਬਹੁਤ ਘੱਟ ਹੁੰਦੀ ਸੀ। ਪਰ ਹੁਣ ਪਾਕਿਸਤਾਨ ਤੋਂ ਜ਼ਿਆਦਾ ਨਸ਼ੇ ਆ ਰਹੇ ਹਨ। ਉਨ੍ਹਾਂ ਦੇ ਨਾਲ ਕੁਝ ਹਥਿਆਰ ਵੀ ਆ ਰਹੇ ਹਨ। ਪਹਿਲਾਂ ਸਰਹੱਦ ’ਤੇ ਕੰਡਿਆਲੀਆਂ ਤਾਰਾਂ ਨਹੀਂ ਸਨ। ਉਸ ਸਮੇਂ ਬਹੁਤ ਘੱਟ ਤਸਕਰੀ ਹੁੰਦੀ ਸੀ। ਖ਼ਾਲਿਸਤਾਨ ਲਹਿਰ ਤੋਂ ਬਾਅਦ ਤਾਰਾਂ ਦੀ ਵਾੜ ਕੀਤੀ ਗਈ ਸੀ। ਇਸ ਨਾਲ ਕਾਫੀ ਫਰਕ ਪਿਆ। ਪਰ ਹੁਣ ਡਰੋਨ ਦੇ ਆਉਣ ਨਾਲ ਨਵਾਂ ਖਤਰਾ ਪੈਦਾ ਹੋ ਗਿਆ ਹੈ। ਹੁਣ ਉਸ ਦਾ ਵਿਕਲਪ ਦੇਖਿਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਜਲਦੀ ਹੀ ਕਦਮ ਚੁੱਕੇ ਜਾਣਗੇ।
ਡੀਜੀਪੀ ਨੇ ਮੰਨਿਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਤੇ ਅੱਤਵਾਦੀਆਂ ਲਈ ਸੁਰੱਖਿਅਤ ਜ਼ੋਨ ਬਣ ਚੁੱਕੀਆਂ ਹਨ। ਵੱਡੇ ਪੱਧਰ ’ਤੇ ਕਾਰਵਾਈ ਕਰਨ ਦੀ ਲੋੜ ਹੈ। ਜੇਲ੍ਹ ਵਿੱਚ 14 ਹਜ਼ਾਰ ਵਿਚ ਇਕ ਮੋਬਾਈਲ ਫੋਨ ਆਸਾਨੀ ਨਾਲ ਮਿਲ ਜਾਂਦਾ ਹੈ। ਅੰਦਰ ਬੈਠੇ ਤਸਕਰ ਨਸ਼ੇ ਦਾ ਰੈਕੇਟ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਮੰਤਰੀ, ਗ੍ਰਹਿ ਮੰਤਰੀ, ਉਹ ਖ਼ੁਦ ਅਤੇ ਏਡੀਜੀਪੀ ਜੇਲ੍ਹ ਉਨ੍ਹਾਂ ਖ਼ਿਲਾਫ਼ ਸ਼ਿਕੰਜਾ ਕੱਸਣ ਲਈ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਜਲਦ ਹੀ ਠੋਸ ਕਾਰਵਾਈ ਕੀਤੀ ਜਾਵੇਗੀ।
Comment here