ਲਖਨਊ- ਯੂ ਪੀ ਵਿੱਚ ਅਗਲੇ ਵਰੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਸਾਰੀਆਂ ਹੀ ਪਾਰਟੀਆਂ ਸਿਆਸੀ ਸਰਗਰਮੀਆਂ ਚ ਜੁਟੀਆਂ ਹੋਈਆਂ ਹਨ। ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਚੱਲ ਰਹੀ ਹੈ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਨੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਤੋਂ ਕਿਨਾਰਾ ਕਰਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਸ ਨੂੰ ਮਊ ਸੀਟ ਤੋਂ ਟਿਕਟ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੀ ਜਗ੍ਹਾ ਪਾਰਟੀ ਪ੍ਰਧਾਨ ਭੀਮ ਰਾਜਭਰ ਚੋਣ ਲੜਨਗੇ। ਬਸਪਾ ਮੁਖੀ ਮਾਇਆਵਤੀ ਨੇ ਇਸ ਬਾਰੇ ਅੱਜ ਟਵੀਟ ਕੀਤਾ,‘‘ਬਸਪਾ ਦੀ ਆਉਣ ਵਾਲੀ ਉੱਤਰ ਪ੍ਰਦੇਸ਼ ਵਿਧਾਨ ਸਭਾ ਆਮ ਚੋਣ ’ਚ ਕੋਸ਼ਿਸ਼ ਹੋਵੇਗੀ ਕਿ ਕਿਸੇ ਵੀ ਬਾਹੁਬਲੀ ਅਤੇ ਮਾਫ਼ੀਆ ਆਦਿ ਨੂੰ ਪਾਰਟੀ ਤੋਂ ਚੋਣ ਨਾ ਲੜਾਈ ਜਾਵੇ। ਇਸ ਦੇ ਮੱਦੇਨਜ਼ਰ ਵੀ ਆਜ਼ਮਗੜ੍ਹ ਮੰਡਲ ਦੀ ਮਊ ਸੀਟ ਤੋਂ ਹੁਣ ਮੁਖਤਾਰ ਅੰਸਾਰੀ ਦਾ ਨਹੀਂ ਸਗੋਂ ਬਸਪਾ ਦੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਭੀਮ ਰਾਜਭਰ ਦਾ ਨਾਮ ਤੈਅ ਕੀਤਾ ਗਿਆ ਹੈ।’’ ਅੰਸਾਰੀ ਇਸ ਸਮੇਂ ਬਾਂਦਾ ਜੇਲ੍ਹ ’ਚ ਬੰਦ ਹਨ। ਉਨ੍ਹਾਂ ਕਿਹਾ,‘‘ਜਨਤਾ ਦੀ ਕਸੌਟੀ ਅਤੇ ਉਨ੍ਹਾਂ ਦੀ ਪਾਰਟੀ ਉਮੀਦਾਂ ’ਤੇ ਖਰ੍ਹਾ ਉਤਰਨ ਦੀਆਂ ਕੋਸ਼ਿਸ਼ਾਂ ਦੇ ਅਧੀਨ ਹੀ ਲਏ ਗਏ ਇਸ ਫ਼ੈਸਲੇ ਦੇ ਨਤੀਜੇ ਵਜੋਂ ਪਾਰਟੀ ਇੰਚਾਰਜਾਂ ਤੋਂ ਅਪੀਲ ਹੈ ਕਿ ਉਹ ਪਾਰਟੀ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਤਾਂ ਕਿ ਸਰਕਾਰ ਬਣਨ ’ਤੇ ਅਜਿਹੇ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ’ਚ ਕੋਈ ਵੀ ਪਰੇਸ਼ਾਨੀ ਨਾ ਹੋਵੇ।’’ ਮਾਇਆਵਤੀ ਨੇ ਕਿਹਾ,‘‘ਬਸਪਾ ਦਾ ਸੰਕਲਪ ‘ਕਾਨੂੰਨ ਵਲੋਂ ਕਾਨੂੰਨ ਦਾ ਰਾਜ’ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਤਸਵੀਰ ਨੂੰ ਵੀ ਹੁਣ ਬਦਲਣ ਦਾ ਹੈ ।’’
Comment here