ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਮੁਕਤਸਰ ਚ ਚਿੱਟੇ ਨਾਲ ਦੋ ਨੌਜਵਾਨਾਂ ਦੀ ਮੌਤ

ਬੀਬੀਆਂ ਵੀ ਡਰੱਗ ਸਪਲਾਇਰ ਬਣੀਆਂ

ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਜ਼ਿਲ੍ਹੇ ਵਿਚ ਚਿੱਟੇ ਦਾ ਨਸ਼ਾ ਨਾਸੂਰ ਬਣਦਾ ਜਾ ਰਿਹਾ ਹੈ। ਚਿੱਟੇ ਕਾਰਨ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ ਪਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਇਸ ਪ੍ਰਤੀ ਬਿਲਕੁਲ ਵੀ ਗੰਭੀਰ ਦਿਖਾਈ ਨਹੀਂ ਦੇ ਰਹੀ। ਮੁਕਤਸਰ ਜ਼ਿਲ੍ਹੇ ਅੰਦਰ ਇਕੋ ਦਿਨ ਵਿਚ ਚਿੱਟੇ ਦੇ ਨਸ਼ੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ ਇਕ ਝੋਰੜ ਤੇ ਦੂਜਾ ਮੁਕਤਸਰ ਦਾ ਰਹਿਣ ਵਾਲਾ ਸੀ। ਮੁਕਤਸਰ ਦੇ ਆਦੇਸ਼ ਨਗਰ ਵਿਚ ਬੀਤੇ ਦਿਨ ਲਵਪ੍ਰੀਤ ਸਿੰਘ (28)  ਦੀ ਚਿੱਟੇ ਕਾਰਨ ਮੌਤ ਹੋ ਗਈ। ਇਸ ਸਬੰਧੀ ਜਗਦੇਵ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਲਵਪ੍ਰੀਤ ਸਿੰਘ ਨੂੰ ਅਨਵਰ  , ਵਿਨੈ , ਮੀਨਾ ਤੇ ਪਿ੍ਰੰਸ  ਚਿੱਟਾ ਦਿੰਦੇ ਸੀ ਤੇ ਬੀਤੇ ਦਿਨ ਉਸਦੀ ਚਿੱਟੇ ਦੇ ਨਸ਼ੇ ਕਾਰਨ ਮੌਤ ਹੋ ਗਈ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮ੍ਰਿਤਕ ਲਵਪ੍ਰੀਤ ਦੇ ਪਿਤਾ ਜਗਦੇਵ ਸਿੰਘ ਦੇ ਬਿਆਨਾਂ ’ਤੇ ਉਕਤ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ ਵਿਚੋਂ ਬਾਹਰ ਹਨ। ਦੂਜੇ ਮਾਮਲੇ ਵਿਚ ਪਿੰਡ ਝੋਰੜ ਵਿਖੇ ਨੌਜਵਾਨ ਗਗਨਦੀਪ ਸਿੰਘ ਦੀ ਵੀ ਬੀਤੇ ਦਿਨ ਹੀ ਚਿੱਟੇ ਦੇ ਨਸ਼ੇ ਕਾਰਨ ਮੌਤ ਹੋ ਗਈ। ਥਾਣਾ ਸਦਰ ਮਲੋਟ ਪੁਲਿਸ ਵੱਲੋਂ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਬੀਰਬਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੰਟੀ , ਭਿੰਦਾ ਸਿੰਘ,ਅਮਨ ਸਿੰਘ , ਬੱਬੂ ਕੌਰ, ਮਾਹਣੀ, ਨਿਰਮਲ ਸਿੰਘ , ਬਿੱਟੂ ਸਿੰਘ , ਸੋਮਵਤੀ ਦੇਵੀ , ਅਮਰਬੀਰ ਸਿੰਘ  , ਜੱਗਾ  ਸਿੰਘ  ਪਿੰਡ ਵਿਚ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਉਸ ਨੇ ਦੱਸਿਆ ਕਿ 26 ਜੂਨ 2022 ਨੂੰ ਗਗਨਦੀਪ ਸਿੰਘ ਦੀ ਚਿੱਟੇ ਦੇ ਨਸ਼ੇ ਕਾਰਨ ਮੌਤ ਹੋ ਗਈ। ਗਗਨਦੀਪ ਉਕਤ ਲੋਕਾਂ ਕੋਲੋਂ ਚਿੱਟਾ ਲੈ ਕੇ ਨਸ਼ਾ ਕਰਦਾ ਸੀ ਤੇ ਇਨ੍ਹਾਂ ਦੇ ਨਸ਼ਾ ਦੇਣ ਕਰਕੇ ਹੀ ਗਗਨਦੀਪ ਸਿੰਘ ਦੀ ਮੌਤ ਹੋਈ ਹੈ। ਇਸ ਸਬੰਧੀ ਉਸ ਨੇ ਫੇਸਬੁੱਕ ’ਤੇ ਪੋਸਟ ਵੀ ਪਾਈ ਹੈ। ਥਾਣਾ ਸਦਰ ਮਲੋਟ ਪੁਲਿਸ ਵੱਲੋਂ ਉਕਤਾਨ 11 ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਜਿਨ੍ਹਾਂ ਵਿਚੋਂ 8 ਲੋਕਾਂ ਦੀ ਗ੍ਰਿਫ਼ਤਾਰ ਹੋ ਚੁੱਕੀ ਹੈ ਜਦਕਿ ਤਿੰਨ ਲੋਕ ਬੰਟੀ , ਭਿੰਦਾ ਤੇ ਮਾਹਣੀ ਪੁਲਿਸ ਦੀ ਗ੍ਰਿਫ਼ਤ ਵਿਚੋਂ ਅਜੇ ਬਾਹਰ ਹਨ।

Comment here