ਸਿਆਸਤਖਬਰਾਂਚਲੰਤ ਮਾਮਲੇ

“ਮੀਡੀਆ ‘ਚ ਜਾਣ ਤੋਂ ਬਚੋ…” ਸੋਨੀਆ ਅਤੇ ਖੜਗੇ ਦੀ ਸਲਾਹ

ਨਵੀਂ ਦਿੱਲੀ-ਕਾਂਗਰਸ ਵਰਕਿੰਗ ਕਮੇਟੀ ਦੀ ਹੈਦਰਾਬਾਦ ‘ਚ ਹੋਈ ਬੈਠਕ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਕਿਹਾ ਕਿ ”ਆਪਣੀ ਪਾਰਟੀ ਦੇ ਅੰਦਰ ਟਕਰਾਅ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਮੀਡੀਆ ਦੇ ਸਾਹਮਣੇ ਕੋਈ ਵੀ ਵਿਵਾਦਿਤ ਬਿਆਨ ਨਾ ਦੇਣਾ ਹੈ।” ਸੋਨੀਆ ਗਾਂਧੀ ਨੇ ਵੀ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਕਾਂਗਰਸ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਿਆਨ ਮੀਡੀਆ ਸਾਹਮਣੇ ਨਾ ਦਿੱਤੇ ਜਾਣ।
ਹੈਦਰਾਬਾਦ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੇ ਦੂਜੇ ਦਿਨ, ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਾਰੇ ਪੱਧਰਾਂ ‘ਤੇ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਨਿਯਮਿਤ ਤੌਰ ‘ਤੇ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਿਹਾ, ਕਿਉਂਕਿ ਕਾਂਗਰਸ ਹੁਣ ਰਾਸ਼ਟਰੀ ਲੜਾਈ ਲਈ ਜਮੀਨ ਤਿਆਰ ਕਰ ਰਹੀ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦਾ ਕਹਿਣਾ ਹੈ ਕਿ “ਲੋਕ ਹੁਣ ਬਦਲ ਦੀ ਤਲਾਸ਼ ਕਰ ਰਹੇ ਹਨ” ਸਬੂਤ ਵਜੋਂ ਦੱਸਦੇ ਹੋਏ ਉਨ੍ਹਾਂ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਚੋਣਾਂ ਵਿੱਚ ਜਿੱਤ ਹਵਾਲਾ ਦਿੱਤਾ। ਉਨ੍ਹਾਂ ਕਿਹਾ ਇਸ ਲਈ ਅਸੀਂ ਹੁਣ ਮੂਕ ਦਰਸ਼ਕ ਬਣ ਕੇ ਨਹੀਂ ਰਹਿ ਸਕਦੇ, ਸਾਨੂੰ ਆਪਣੇ ਲੋਕਤੰਤਰ ਨੂੰ ਬਚਾਉਣ ਲਈ ਇੱਕਜੁੱਟ ਹੋਣਾ ਪਵੇਗਾ ਅਤੇ ਇਹ ਤਾਨਾਸ਼ਾਹੀ ਸਰਕਾਰ ਨੂੰ ਸੱਤਾ ਚੋਂ ਉਖਾੜ ਸੁੱਟਣਾ ਹੋਵੇਗਾ।”
ਮਲਿਕਾਰਜੁਨ ਖੜਗੇ ਨੇ ਵਰਕਰਾਂ ਵਿੱਚ ਜੋਸ਼ ਭਰਦਿਆਂ ਕਿਹਾ ਕਿ ਹੁਣ ਸਾਡੇ ਲਈ ਆਰਾਮ ਕਰਨ ਦਾ ਸਮਾਂ ਨਹੀਂ ਹੈ, ਭਾਜਪਾ ਦੇ ਰਾਜ ਕਾਰਨ ਪਿਛਲੇ 10 ਸਾਲਾਂ ਵਿਚ ਆਮ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਕਈ ਗੁਣਾ ਵਧ ਗਈਆਂ ਹਨ। ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਅਤੇ ਆਪਣੇ ਨਿੱਜੀ ਮਤਭੇਦਾਂ ਨੂੰ ਪਾਸੇ ਰੱਖ ਕੇ ਪਾਰਟੀ ਦੀ ਕਾਮਯਾਬੀ ਨੂੰ ਪਹਿਲ ਦੇਣ ਲਈ ਅਣਥੱਕ ਮਿਹਨਤ ਕਰੀਏ। ਏਕਤਾ ਅਤੇ ਅਨੁਸ਼ਾਸਨ ਨਾਲ ਹੀ ਅਸੀਂ ਆਪਣੇ ਵਿਰੋਧੀਆਂ ਨੂੰ ਹਰਾ ਸਕਦੇ ਹਾਂ। ਕਰਨਾਟਕ ਵਿੱਚ ਅਸੀਂ ਇੱਕਜੁੱਟ ਰਹੇ ਅਤੇ ਸਫਲਤਾ ਪ੍ਰਾਪਤ ਕਰਨ ਲਈ ਅਨੁਸ਼ਾਸਨ ਨਾਲ ਲੜੇ।
ਸੋਨੀਆ ਗਾਂਧੀ ਨੇ ਪਾਰਟੀ ਨੇਤਾਵਾਂ ਨੂੰ ਸੰਜਮ ਬਣਾਈ ਰੱਖਣ ਅਤੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਟਿੱਪਣੀਆਂ ਨਾਲ ਮੀਡੀਆ ਵਿੱਚ ਜਾਣ ਤੋਂ ਬਚਣ ਲਈ ਕਿਹਾ। ਪਾਰਟੀ ਪਹਿਲਾਂ ਹੀ ਉਨ੍ਹਾਂ ਪੱਤਰਕਾਰਾਂ ਅਤੇ ਮੀਡੀਆ ਸੰਸਥਾਵਾਂ ਦੀ ਸੂਚੀ ਜਾਰੀ ਕਰ ਚੁੱਕੀ ਹੈ, ਜਿਨ੍ਹਾਂ ਨਾਲ ਕਾਂਗਰਸ ਹੁਣ ਕੋਈ ਗੱਲਬਾਤ ਨਹੀਂ ਕਰੇਗੀ।
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸਥਾਨਕ ਚੋਣਾਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦੇਣ ਲਈ ਬਿੱਲ ਪਾਸ ਕਰਨ ‘ਤੇ ਵੀ ਚਰਚਾ ਹੋਈ। ਇਸ ਸਬੰਧੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਹੈ, ਕਿਉਂਕਿ ਇਹ ਬਿੱਲ ਰਾਜ ਸਭਾ ਵੱਲੋਂ ਪਾਸ ਹੋ ਚੁੱਕਿਆ ਹੈ, ਪਰ ਵੀ ਅਜੇ ਲੰਬਿਤ ਪਿਆ ਹੈ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਸਰਕਾਰ ਔਰਤਾਂ ਬਾਰੇ ਸੋਚ ਰਹੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿਲਾ ਰਾਖਵੇਂਕਰਨ ਬਿੱਲ ਨੂੰ ਪਾਸ ਕਰਨ। ਬੈਠਕ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸੀ ਆਗੂ ਚਾਹੁੰਦੇ ਹਨ ਕਿ ਜਨਤਾ ਇਹ ਸਮਝ ਲਵੇ ਕਿ ਕਾਂਗਰਸ ਸਾਡੇ ਲਈ ਰਾਜਨੀਤੀ ਕਰਦੀ ਹੈ, ਸਾਡੇ ਹਿੱਤਾਂ ਲਈ ਲੜਦੀ ਹੈ, ਸਾਡੇ ਮੁੱਦਿਆਂ ‘ਤੇ ਖੜ੍ਹੀ ਹੈ, ਸਾਡੇ ਦੁੱਖ-ਦਰਦ ‘ਚ ਸਾਡੇ ਨਾਲ ਹੈ, ਇਸ ਲਈ ਕਾਂਗਰਸ ਦੇ ਲੀਡਰਾਂ ਨੂੰ ਕੰਮ ਵੀ ਕਰਨਾ ਪਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਪਵਨ ਖੇੜਾ ਨੇ ਦੱਸਿਆ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਰਾਹੁਲ ਗਾਂਧੀ ਵੱਲੋਂ ਪੁੱਛੇ ਜਾਣ ‘ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ 1969 ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਸਨ ਕਿਉਂਕਿ ਇਹ ਪਾਰਟੀ ਗਰੀਬਾਂ, ਦਲਿਤਾਂ ਅਤੇ ਸ਼ੋਸ਼ਣ ਪੀੜਤਾ ਲਈ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵਨ ਨੇਸ਼ਨ ਵਨ ਇਲੈਕਸ਼ਨ ‘ਤੇ ਕਾਂਗਰਸ ਵਰਕਿੰਗ ਕਮੇਟੀ ‘ਚ ਬਹੁਤ ਸਪੱਸ਼ਟ ਫੈਸਲਾ ਲਿਆ ਗਿਆ ਹੈ ਕਿ ਕਾਂਗਰਸ ਵਨ ਨੇਸ਼ਨ ਵਨ ਇਲੈਕਸ਼ਨ ਦੇ ਹੱਕ ‘ਚ ਨਹੀਂ ਹੈ।

Comment here