ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਮੀਆਂ ਬੀਵੀ ਇਕੱਠਿਆਂ ਨਹੀਂ ਖਾ ਸਕਣਗੇ ਖਾਣਾ-ਤਾਲਿਬਾਨ

ਕਾਬੁਲ- ਅਫਗਾਨਿਸਤਾਨ ਦੇ ਸੱਤਾਧਾਰੀ ਤਾਲਿਬਾਨ ਸ਼ਾਸਨ ਆਏ ਦਿਨ ਜਨਤਾ ਲਈ ਅਜੀਬੋ ਗਰੀਬ ਫਰਮਾਨ ਜਾਰੀ ਕਰਦਾ ਹੈ। ਹੁਣ ਪੱਛਮੀ ਅਫ਼ਗਾਨਿਸਤਾਨ ਦੇ ਹੇਰਾਤ ਸ਼ਹਿਰ ਵਿੱਚ ਤਾਲਿਬਾਨ ਅਧਿਕਾਰੀਆਂ ਨੇ ਪੁਰਸ਼ਾਂ ਅਤੇ ਔਰਤਾਂ ਦੇ ਇਕੱਠੇ ਖਾਣਾ ਖਾਣ ਅਤੇ ਪਾਰਕਾਂ ਵਿੱਚ ਇੱਕੋ ਸਮੇਂ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਫ਼ਗਾਨਿਸਤਾਨ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਹੇਰਾਤ ਵਿੱਚ ਪਿਛਲੇ ਦਿਨੀਂ ਔਰਤਾਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਆਪਣੇ ਪੂਰੇ ਸਰੀਰ ਨੂੰ ਢੱਕਣ ਲਈ ਕਿਹਾ ਗਿਆ ਹੈ। ਅਫ਼ਗਾਨਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੇ ਅਧਿਕਾਰਾਂ ਦੀ ਖੁੱਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਤਾਲਿਬਾਨ ਵੀ ਵਾਅਦੇ ਤੋਂ ਮੁੱਕਰ ਗਿਆ ਹੈ, ਜਿਸ ਵਿਚ ਉਸ ਨੇ ਆਪਣੇ ਪਿਛਲੇ ਕਾਰਜਕਾਲ ਦੇ ਮੁਕਾਬਲੇ ਉਦਾਰਤਾ ਨਾਲ ਸ਼ਾਸਨ ਕਰਨ ਦੀ ਗੱਲ ਕਹੀ ਸੀ। ਨਵੇਂ ਹੁਕਮ ਦੀ ਪੁਸ਼ਟੀ ਕਰਦੇ ਹੋਏ ਇਕ ਤਾਲਿਬਾਨੀ ਅਧਿਕਾਰੀ ਰਿਆਜ਼ੁੱਲਾ ਸੀਰਤ ਨੇ ਕਿਹਾ ਕਿ ਔਰਤਾਂ ਅਤੇ ਮਰਦਾਂ ਨੂੰ ਰੈਸਟੋਰੈਂਟ ‘ਚ ਵੱਖ-ਵੱਖ ਬੈਠਣ ਲਈ ਕਿਹਾ ਗਿਆ ਹੈ। ਸੀਰਤ ਮੁਤਾਬਕ ਰੈਸਟੋਰੈਂਟ ਮਾਲਕਾਂ ਨੂੰ ਜ਼ੁਬਾਨੀ ਚੇਤਾਵਨੀ ਦਿੱਤੀ ਗਈ ਹੈ ਕਿ ‘ਭਾਵੇਂ ਉਹ ਪਤੀ-ਪਤਨੀ ਹੋਣ’, ਨਿਯਮ ਹਰ ਕਿਸੇ ‘ਤੇ ਲਾਗੂ ਹੁੰਦੇ ਹਨ। ਇਕ ਅਫ਼ਗਾਨ ਔਰਤ ਨੇ ਦੱਸਿਆ ਕਿ ਬੁੱਧਵਾਰ ਨੂੰ ਹੇਰਾਤ ਦੇ ਇਕ ਰੈਸਟੋਰੈਂਟ ਦੇ ਮੈਨੇਜਰ ਨੇ ਉਸ ਨੂੰ ਅਤੇ ਉਸ ਦੇ ਪਤੀ ਨੂੰ ਵੱਖ-ਵੱਖ ਬੈਠਣ ਲਈ ਕਿਹਾ। ਰੈਸਟੋਰੈਂਟ ਮਾਲਕ ਤਾਲਿਬਾਨ ਦੇ ਇਸ ਹੁਕਮ ਨੂੰ ਆਪਣੇ ਕਾਰੋਬਾਰ ਦੇ ਨੁਕਸਾਨ ਵਜੋਂ ਦੇਖ ਰਹੇ ਹਨ। ਸੀਰਤ ਨੇ ਇਹ ਵੀ ਦੱਸਿਆ ਕਿ ਉਸ ਦੇ ਦਫ਼ਤਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਹੇਰਾਤ ਦੇ ਪਾਰਕਾਂ ‘ਚ ਔਰਤਾਂ ਅਤੇ ਮਰਦ ਵੱਖ-ਵੱਖ ਦਿਨਾਂ ਵਿਚ ਜਾਣਗੇ। ਔਰਤਾਂ ਨੂੰ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪਾਰਕਾਂ ‘ਚ ਜਾਣ ਲਈ ਕਿਹਾ ਗਿਆ ਹੈ। ਦੂਜੇ ਦਿਨ ਆਦਮੀ ਪਾਰਕਾਂ ਵਿੱਚ ਜਾ ਸਕਦੇ ਹਨ। ਜੇਕਰ ਔਰਤਾਂ ਇਸ ਸਮੇਂ ਦੌਰਾਨ ਕਸਰਤ ਕਰਨਾ ਚਾਹੁੰਦੀਆਂ ਹਨ ਤਾਂ ਬਿਹਤਰ ਹੋਵੇਗਾ ਕਿ ਉਹ ਆਪਣੇ ਘਰਾਂ ‘ਚ ਹੀ ਇਸ ਨੂੰ ਕਰਨ। ਤਾਲਿਬਾਨਾਂ ਦੇ ਅਜਿਹੇ ਹੁਕਮਾਂ ਦੀ ਦੁਨੀਆ ਭਰ ਵਿੱਚ ਵਿਰੋਧਤਾ ਤੇ ਅਲੋਚਨਾ ਹੋ ਰਹੀ ਹੈ।

Comment here