ਚੰਡੀਗੜ੍ਹ- ਪੰਜਾਬ ਚੋਣਾਂ ਲਈ ਕਿਸਾਨ ਅੰਦੋਲਨ ਚ ਰਹੀਆਂ ਧਿਰਾਂ ਵੀ ਚੋਣ ਮੈਦਾਨ ਵਿੱਚ ਹਨ, ਸੰਯੁਕਤ ਸਮਾਜ ਮੋਰਚੇ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ ਕਰ ਰਹੇ ਹਨ, ਅਤੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਪੰਜਾਬ ਮਿਸ਼ਨ ਵਲੋਂ ਇਸ ਮੋਰਚੇ ਦੇ ਨਾਲ ਰਲ ਕੇ ਚੋਣ ਲੜਨ ਲਈ ਗੱਲਬਾਤ ਚਲਾ ਰਹੇ ਹਨ, ਪਰ ਸੀਟਾਂ ਦੀ ਵੰਡ ਨੂੰ ਲੈ ਕੇ ਰਾਜੇਵਾਲ ਤੇ ਚੜੂਨੀ ਚ ਟਕਰਾਅ ਦੇ ਅਸਾਰ ਹਨ। ਦੋਵਾਂ ਧਿਰਾਂ ਦੀ ਆਪਸੀ ਸਾਂਝ ਬਣਨ ਤੋਂ ਪਹਿਲਾਂ ਹੀ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ। ਚੜੂਨੀ ਨੇ ਰਾਜੇਵਾਲ ਨੂੰ ਅੱਜ ਸ਼ਾਮ ਤੱਕ ਦਾ ਵਕਤ ਦਿੱਤਾ ਹੈ, ਨਹੀਂ ਤਾਂ ਇਕੱਲੇ ਹੀ ਮੈਦਾਨ ਵਿੱਚ ਉੱਤਰਨ ਨੂੰ ਤਿਆਰ ਹਨ। ਇਸ ਦੇ ਨਾਲ ਹੀ ਚੜੂਨੀ ਨੇ ਕਿਹਾ ਕਿ ਰਾਜੇਵਾਲ ਆਮ ਆਦਮੀ ਪਾਰਟੀ ਤੋਂ ਚੋਣ ਲੜਨਾ ਚਾਹੁੰਦੇ ਸਨ ਅਤੇ ਜਦੋਂ ਗੱਲ ਨਹੀਂ ਬਣੀ ਤਾਂ ਉਨ੍ਹਾਂ ਨੇ ਫਿਰ ਆਪਣਾ ਰੁਖ ਬਦਲ ਲਿਆ। ਕਿਹਾ ਕਿ ਅਸੀਂ ਅੰਦੋਲਨ ਵਿੱਚ ਆਪਣਾ ਪੂਰਾ ਹਿੱਸਾ ਪਾਇਆ ਤਾਂ ਮੇਰੇ ਅੱਗੇ ਵਧ ਕੇ ਅੰਦੋਲਨ ਲੜਣ ਤੋਂ ਰਾਜੇਵਾਲ ਨਾਰਾਜ ਸਨ। ਕਈ ਵਾਰ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ। ਅੰਦੋਲਨ ਦੇ ਦੌਰਾਨ ਕਈ ਵਾਰ ਨਜ਼ਰਅੰਦਾਜ਼ ਕੀਤਾ ਗਿਆ। ਮਿਸ਼ਨ ਪੰਜਾਬ ਦੀ ਗੱਲ ਕਰਨ ‘ਤੇ ਮੈਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਕੱਢਿਆ ਗਿਆ। ਅੰਦੋਲਨ ਖ਼ਤਮ ਹੋਣ ਤੋਂ ਬਾਅਦ ਰਾਜੇਵਾਲ ਚੋਣ ਲੜਨ ਲਈ ਤਿਆਰ ਹੋਏ ਪਰ ਚੋਣਾਂ ਵਿੱਚ ਵੀ ਸਾਡੇ ਨਾਲ ਇਕੱਠੇ ਹੋ ਕੇ ਚੱਲਣਾ ਚਾਹੀਦਾ ਸੀ। ਅਸੀ ਸਮਝੌਤੇ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। 9 ਜਨਵਰੀ ਨੂੰ ਅਸੀਂ ਸੰਯੁਕਤ ਸਮਾਜ ਮੋਰਚਾ ਕੋਲ ਸਮਝੌਤੇ ਲਈ ਗਏ ਸੀ ਤੇ ਸਾਨੂੰ 9 ਸੀਟਾਂ ਦੇ ਰਹੇ ਹਨ ਜਦਕਿ ਸਾਡੇ ਨਾਲ ਕਈ ਕਿਸਾਨ ਦਲ ਤੇ ਹੋਰ ਯੂਨੀਅਨਾਂ ਹਨ। ਕਿਸਾਨ ਆਗੂ ਨੇ ਕਿਹਾ ਕਿ ਰਾਜੇਵਾਲ ਸਾਨੂੰ ਅਲੱਗ ਕਦਮ ਚੁੱਕਣ ਲਈ ਮਜ਼ਬੂਰ ਕਰ ਰਹੇ ਹਨ। ਮੈਂ ਕੱਲ ਵੀ ਰਾਜੇਵਾਲ ਨਾਲ ਗੱਲਬਾਤ ਕੀਤੀ ਸੀ ਕਿ ਸਾਨੂੰ 25 ਸੀਟਾਂ ਚਾਹੀਦੀਆਂ ਹਨ। ਜੇਕਰ ਇਹ ਸੀਟਾਂ ਨਹੀਂ ਮਿਲੀਆਂ ਤਾਂ ਸਾਨੂੰ ਅਲੱਗ ਤੋਂ ਉਮੀਦਵਾਰ ਉਤਾਰਨੇ ਪੈਣਗੇ। ਉਧਰ ਕੱਲ੍ਹ ਆਪ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੰਯੁਕਤ ਸਮਾਜ ਮੋਰਚੇ ਨਾਲ ਗਠਜੋੜ ਨਾ ਹੋਣ ਤੇ ਖੁੱਲ੍ਹ ਕੇ ਗੱਲ ਕੀਤੀ। ਕੇਜਰੀਵਾਲ ਮੁਤਾਬਕ ਰਾਜੇਵਾਲ ਜ਼ਿਆਦਾ ਸੀਟਾਂ ਮੰਗ ਰਹੇ ਸਨ, ਜਿਸ ਕਰਕੇ ਗੱਲ ਨਹੀਂ ਬਣੀ। ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਕਿਸਾਨਾਂ ਦੇ ਵੱਖ ਲੜਨ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ।
Comment here