ਅਪਰਾਧਸਿਆਸਤਖਬਰਾਂ

 ‘ਮਿਸ਼ਨਰੀਜ਼ ਆਫ ਚੈਰਿਟੀ’ ਖਿਲਾਫ ਲੜਕੀਆਂ ਨੂੰ ਜਬਰੀ ਈਸਾਈ ਬਣਾਉਣ ਦਾ ਦੋਸ਼

ਗੁਜਰਾਤ-ਇੱਥੇ ਇੱਕ ਸੰਸਥਾ ਜਿਸ ਦੀ ਸਥਾਪਨਾ ਮਦਰ ਟੈਰੇਸਾ ਨੇ ਕੀਤੀ, ‘ਮਿਸ਼ਨਰੀਜ਼ ਆਫ ਚੈਰਿਟੀ’ ’ਤੇ ਧਰਮ ਪਰਿਵਰਤਨ ਦਾ ਦੋਸ਼ ਲੱਗਾ ਹੈ। ਇਸ ਧਰਮ ਪਰਿਵਰਤਨ ਵਿਵਾਦ ਨੂੰ ਲੈ ਕੇ ਐਫਆਈਆਰ ਵੀ ਦਰਜ ਕਰਵਾਈ ਗਈ ਹੈ। ਸ਼ਿਕਾਇਤ ਅਨੁਸਾਰ ਸੰਸਥਾ ਵੱਲੋਂ ਚਲਾਏ ਜਾ ਰਹੇ ਬਾਲ ਘਰ ਵਿੱਚ ਰਹਿੰਦੀਆਂ ਲੜਕੀਆਂ ਨੂੰ ਈਸਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਡੋਦਰਾ ਸ਼ਹਿਰ ਦੇ ਇਸ ਚਿਲਡਰਨ ਹੋਮ ਵਿੱਚ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਨੌਜਵਾਨ ਲੜਕੀਆਂ ਨੂੰ ਇਸਾਈ ਧਰਮ ਵੱਲ ਲੁਭਾਉਣ ਦੇ ਦੋਸ਼ ਵਿੱਚ ਗੁਜਰਾਤ ਫ੍ਰੀਡਮ ਆਫ਼ ਰਿਲੀਜਨ ਐਕਟ, 2003 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹਾਲਾਂਕਿ ਸੰਗਠਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਮਯੰਕ ਤ੍ਰਿਵੇਦੀ ਦੀ ਸ਼ਿਕਾਇਤ ’ਤੇ ਐਤਵਾਰ ਨੂੰ ਮਕਰਪੁਰਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਹਾਲ ਹੀ ਵਿੱਚ ਮਯੰਕ ਤ੍ਰਿਵੇਦੀ ਨੇ ਜ਼ਿਲ੍ਹੇ ਦੀ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਨਾਲ ਮਕਰਪੁਰਾ ਇਲਾਕੇ ਵਿੱਚ ਮਿਸ਼ਨਰੀਜ਼ ਆਫ਼ ਚੈਰਿਟੀ ਵੱਲੋਂ ਚਲਾਏ ਜਾ ਰਹੇ ਬਾਲ ਘਰ ਦਾ ਦੌਰਾ ਕੀਤਾ ਸੀ।
ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਆਪਣੀ ਫੇਰੀ ਦੌਰਾਨ ਤ੍ਰਿਵੇਦੀ ਨੇ ਪਾਇਆ ਕਿ ਚਿਲਡਰਨ ਹੋਮ ਵਿੱਚ ਕੁੜੀਆਂ ਨੂੰ ‘‘ਇਸਾਈ ਧਰਮ ਵਿੱਚ ਲਿਜਾਣ” ਦੇ ਇਰਾਦੇ ਨਾਲ ਈਸਾਈ ਧਾਰਮਿਕ ਗ੍ਰੰਥ ਪੜ੍ਹਨ ਅਤੇ ਈਸਾਈ ਪ੍ਰਾਰਥਨਾਵਾਂ ਵਿੱਚ ਹਿੱਸਾ ਲੈਣ ਲਈ ‘‘ਮਜਬੂਰ’’ ਕੀਤਾ ਗਿਆ ਸੀ।
ਸ਼ਿਕਾਇਤ ਦੇ ਅਨੁਸਾਰ- “10 ਫਰਵਰੀ, 2021 ਤੋਂ 9 ਦਸੰਬਰ, 2021 ਦੇ ਵਿਚਕਾਰ, ਸੰਸਥਾ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਹੀ ਹੈ। ਲੜਕੀਆਂ ਨੂੰ ਗਲਾਂ ਵਿੱਚ ਕਰਾਸ ਬੰਨ੍ਹ ਕੇ ਇਸਾਈ ਧਰਮ ਵਿੱਚ ਤਬਦੀਲ ਕਰਨ ਲਈ ਲੁਭਾਇਆ ਜਾ ਰਿਹਾ ਹੈ। ਕੁੜੀਆਂ ਦੁਆਰਾ ਵਰਤੇ ਜਾਂਦੇ ਸਟੋਰਰੂਮ ਦੇ ਮੇਜ਼ ਉੱਤੇ ਬਾਈਬਲ ਰੱਖ ਕੇ, ਉਨ੍ਹਾਂ ਨੂੰ ਬਾਈਬਲ ਪੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ।”
ਇਸ ਦੇ ਨਾਲ ਹੀ ਮਿਸ਼ਨਰੀਜ਼ ਆਫ ਚੈਰਿਟੀ ਦੇ ਪ੍ਰਬੰਧਕਾਂ ਨੇ ਕਿਸੇ ਵੀ ਜ਼ਬਰਦਸਤੀ ਧਰਮ ਪਰਿਵਰਤਨ ਤੋਂ ਇਨਕਾਰ ਕੀਤਾ ਹੈ। ਮਿਸ਼ਨਰੀਜ਼ ਆਫ ਚੈਰਿਟੀ ਦੇ ਬੁਲਾਰੇ ਨੇ ਕਿਹਾ- “ਅਸੀਂ ਕਿਸੇ ਵੀ ਧਰਮ ਪਰਿਵਰਤਨ ਦੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹਾਂ… ਸਾਡੇ ਬਾਲ ਘਰ ਵਿੱਚ 24 ਲੜਕੀਆਂ ਹਨ। ਇਹ ਕੁੜੀਆਂ ਸਾਡੇ ਨਾਲ ਰਹਿੰਦੀਆਂ ਹਨ ਅਤੇ ਉਹ ਸਾਡੇ ਅਭਿਆਸ ਦਾ ਪਾਲਣ ਕਰਦੀਆਂ ਹਨ ਕਿਉਂਕਿ ਉਹ ਸਾਨੂੰ ਅਜਿਹਾ ਕਰਦੇ ਦੇਖਦੀਆਂ ਹਨ। ਅਸੀਂ ਕਿਸੇ ਦਾ ਧਰਮ ਪਰਿਵਰਤਨ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਨੂੰ ਈਸਾਈ ਧਰਮ ਵਿੱਚ ਵਿਆਹ ਕਰਨ ਲਈ ਮਜਬੂਰ ਕੀਤਾ ਹੈ।”
ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਲ ਕਲਿਆਣ ਕਮੇਟੀ ਦੀ ਸ਼ਿਕਾਇਤ ਦੇ ਅਨੁਸਾਰ, ਸੰਗਠਨ ਨੇ ਇੱਕ ਹਿੰਦੂ ਲੜਕੀ ਨੂੰ ਈਸਾਈ ਪਰੰਪਰਾ ਅਨੁਸਾਰ ਇੱਕ ਈਸਾਈ ਪਰਿਵਾਰ ਵਿੱਚ ਵਿਆਹ ਕਰਨ ਲਈ ਮਜਬੂਰ ਕੀਤਾ ਸੀ।
ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਸ਼ੈਲਟਰ ਹੋਮ ਵਿੱਚ ਰਹਿਣ ਵਾਲੀਆਂ ਲੜਕੀਆਂ ਨੂੰ ਹਿੰਦੂ ਹੋਣ ਦੇ ਬਾਵਜੂਦ ਮਾਸਾਹਾਰੀ ਭੋਜਨ ਪਰੋਸਿਆ ਜਾਂਦਾ ਸੀ। ਸਹਾਇਕ ਪੁਲਿਸ ਕਮਿਸ਼ਨਰ ਐਸਬੀ ਕੁਮਾਵਤ ਨੇ ਕਿਹਾ ਕਿ ਤ੍ਰਿਵੇਦੀ ਵੱਲੋਂ ਲਗਾਏ ਗਏ ਦੋਸ਼ਾਂ ਦੀ ਇੱਕ ਕਮੇਟੀ ਦੁਆਰਾ ਪੜਤਾਲ ਕਰਨ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਨੇ ਸੰਗਠਨ ਦੇ ਖ਼ਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।

Comment here