ਅਪਰਾਧਸਿਆਸਤਖਬਰਾਂ

ਮਾਲੀਵਾਲ ਨੇ ਪਹਿਲਵਾਨ ਦੀ ਪਛਾਣ ਉਜਾਗਰ ਕਰਨ ‘ਤੇ ਡੀ.ਸੀ.ਪੀ. ਨੂੰ ਭੇਜਿਆ ਸੰਮਨ

ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਵਿਵਾਦ ਜਾਰੀ ਹੈ। ਦਿੱਲੀ ਮਹਿਲਾ ਕਮਿਸ਼ਨ ਮੁਖੀ ਸਵਾਤੀ ਮਾਲੀਵਾਲ ਨੇ ਪੁਲਸ ਨੂੰ ਇਕ ਨੋਟਿਸ ਜਾਰੀ ਕਰ ਕੇ ਉਸ ਵਿਅਕਤੀ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ, ਜਿਸ ਨੇ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਨਾਬਾਲਗ ਪਹਿਲਵਾਨ ਦੀ ਪਛਾਣ ਕਥਿਤ ਤੌਰ ‘ਤੇ ਉਜਾਗਰ ਕੀਤੀ ਹੈ। ਮਾਲੀਵਾਲ ਨੇ ਮਾਮਲੇ ਵਿਚ ਨਵੀਂ ਦਿੱਲੀ ਦੇ ਡੀ.ਸੀ.ਪੀ. ਨੂੰ ਸੰਮਨ ਵੀ ਜਾਰੀ ਕੀਤਾ ਹੈ।
ਸਵਾਤੀ ਮਾਲੀਵਾਲ ਨੇ ਟਵੀਟ ਕੀਤਾ, “ਇਕ ਵਿਅਕਤੀ ਖ਼ੁਦ ਨੂੰ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਸ਼ਿਕਾਇਤ ਦੇਣ ਵਾਲੀ ਨਾਬਾਲਗ ਬੱਚੀ ਦਾ ਚਾਚਾ ਦੱਸ ਕੇ, ਉਸ ਦੇ ਦਸਤਾਵੇਜ਼ ਪ੍ਰੈੱਸ ਵਿਚ ਦਿਖਾ ਕੇ ਕੁੜੀ ਦੀ ਪਛਾਣ ਉਜਾਗਰ ਕਰ ਰਿਹਾ ਹੈ। ਪੁਲਸ ਨੂੰ ਨੋਟਿਸ ਦੇ ਰਹੀ ਹਾਂ, ਇਸ ਵਿਅਕਤੀ ਦੇ ਖ਼ਿਲਾਫ਼ ਪਾਕਸੋ ਐਕਟ ਦੇ ਤਹਿਤ ਐੱਫ.ਆਈ.ਆਰ. ਦਰਜ ਹੋਵੇ। ਕੀ ਇਸ ਲਈ ਬ੍ਰਿਜਭੂਸ਼ਣ ਨੂੰ ਛੱਡਿਆ ਗਿਆ ਹੈ ਕਿ ਪੀੜਤਾ ‘ਤੇ ਦਬਾਅ ਬਣ ਸਕੇ?”
ਡੀਸੀਡਬਲਯੂ ਨੇ ਕਿਹਾ ਕਿ ਉਸ ਨੇ ਦਿੱਲੀ ਪੁਲਸ ਨੂੰ ਮੁੱਖ ਮੁਲਜ਼ਮ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਹੁਣ ਤਕ ਗ੍ਰਿਫ਼ਤਾਰ ਨਾ ਕਰਨ ਦਾ ਕਾਰਨ ਦੱਸਣ ਲਈ ਵੀ ਕਿਹਾ ਹੈ। ਇਸ ਤੋਂ ਇਲਾਵਾ, ਉਸ ਨੇ ਪੁਲਸ ਤੋਂ ਪੁੱਛਗਿੱਛ ਰਿਪੋਰਟ ਦੀ ਇਕ ਕਾਪੀ ਪ੍ਰਦਾਨ ਕਰਨ ਲਈ ਕਿਹਾ ਕਿ ਕੀ ਬ੍ਰਿਜਭੂਸ਼ਣ ਕਿਸੇ ਵੀ ਤਰ੍ਹਾਂ ਨਾਬਾਲਿਗ ਪੀੜਤਾ ਦੀ ਪਛਾਣ ਉਜਾਗਰ ਕਰਨ ਦੇ ਕਾਰੇ ਨਾਲ ਜੁੜਿਆ ਹੋਇਆ ਹੈ। ਮਾਲੀਵਾਲ ਨੇ ਡੀ.ਸੀ.ਪੀ. ਨੂੰ ਮਾਮਲੇ ਵਿਚ ਕੀਤੀ ਗਈ ਕਾਰਵਾਈ ਰਿਪੋਰਟ ਦੇ ਨਾਲ 2 ਜੂਨ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਹੈ।
ਕਮਿਸ਼ਨ ਮੁਤਾਬਕ, ਇਕ ਨਾਬਾਲਗ ਕੁੜੀ ਸਮੇਤ ਕੁੱਝ ਮਹਿਲਾ ਪਹਿਲਵਾਨਾਂ ਨੇ ਦੋਸ਼ ਲਗਾਇਆ ਹੈ ਕਿ ਸਿੰਘ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਮਾਮਲੇ ਵਿਚ ਉਨ੍ਹਾਂ ਦੇ ਖ਼ਿਲਾਫ਼ ਦੋ ਵੱਖ-ਵੱਖ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਮਹਿਲਾ ਕਮਿਸ਼ਨ ਨੇ ਕਿਹਾ ਕਿ ਹੁਣ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਨਾਬਾਲਿਗ ਸ਼ਿਕਾਇਤਕਰਤਾ ਦਾ ਚਾਚਾ ਹੋਣ ਦਾ ਦਾਅਵਾ ਕਰਨ ਵਾਲਾ ਇਕ ਵਿਅਕਤੀ ਆਪਣੀ ਪਛਾਣ ਦੱਸਦਾ ਹੈ ਜੋ ਪਾਕਸੋ ਦੇ ਤਹਿਤ ਇਕ ਜੁਰਮ ਹੈ। ਕਮਿਸ਼ਨ ਨੇ ਪੁਲਸ ਨੂੰ ਕੁੜੀ ਦੀ ਪਛਾਣ ਉਜਾਗਰ ਕਰਨ ਲਈ ਵਿਅਕਤੀ ਦੇ ਖ਼ਿਲਾਫ਼ ਦਰਜ ਕੀਤੀ ਜਾਣ ਵਾਲੀ ਐੱਫ.ਆਈ.ਆਰ. ਦੀ ਇਕ ਕਾਪੀ ਨਾਲ ਵੇਰਵਾ ਮੰਗਿਆ ਹੈ ਤੇ ਉਨ੍ਹਾਂ ਨੂੰ 6 ਜੂਨ ਨੂੰ ਦੁਪਹਿਰ 12 ਵਜੇ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ।

Comment here