ਸਿਆਸਤਖਬਰਾਂਦੁਨੀਆ

ਮਾਰੀਸ਼ਸ ਦੇ ਮੈਟਰੋ ਸਟੇਸ਼ਨ ਦਾ ਨਾਮ ਮਹਾਤਮਾ ਗਾਂਧੀ ਦੇ ਨਾਮ ਤੇ

ਨਵੀਂ ਦਿੱਲੀ– ਮੋਦੀ ਸਰਕਾਰ ਦੀਆਂ ਪਹਿਲ ਕਦਮੀਆਂ ਦੇ ਚਲਦਿਆਂ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਨਾਮ ਨਾਲ ਇਕ ਹੋਰ ਮਾਣਮੱਤੀ ਪ੍ਰਾਪਤੀ ਜੁੜੀ ਹੈ, ਉਹਨਾਂ ਦੇ ਅਹਿੰਸਾ ਦੇ ਸਿਧਾਂਤ ਤੋਂ ਦੁਨੀਆ ਭਰ ਵਿੱਚ ਕਈ ਮੁਲਕ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪੋ ਆਪਣੇ ਤਰੀਕੇ ਨਾਲ ਨਮਨ ਕਰਦੇ ਹਨ। ਹੁਣ ਮਾਰੀਸ਼ਸ ਨੇ ਅਹਿਮ ਫੈਸਲਾ ਲਿਆ ਹੈ। ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨੇ ਸਾਂਝੇ ਰੂਪ ਨਾਲ ਮਾਰੀਸ਼ਸ ‘ਚ ਭਾਰਤ-ਮਦਦ ਪ੍ਰਾਪਤ ਸਮਾਜਿਕ ਰਿਹਾਇਸ਼ ਇਕਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਮੌਕੇ 2 ਹੋਰ ਪ੍ਰਾਜੈਕਟ ਵੀ ਲਾਂਚ ਕੀਤੇ। ਇਸ ਦੌਰਾਨ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਨੇ ਦੱਸਿਆ ਕਿ ਮੈਟਰੋ ਐਕਸਪ੍ਰੈੱਸ ਪ੍ਰਾਜੈਕਟ ਲਈ ਭਾਰਤ ਦੇ ਸਮਰਥਨ ਦਾ ਆਭਾਰ ਜ਼ਾਹਰ ਕਰਨ ਲਈ ਮੇਰੀ ਸਰਕਾਰ ਨੇ ਇਕ ਪ੍ਰਮੁੱਖ ਮੈਟਰੋ ਸਟੇਸ਼ਨ ਦਾ ਨਾਮ ‘ਮਹਾਤਮਾ ਗਾਂਧੀ’ ਸਟੇਸ਼ਨ ਰੱਖਣ ਦਾ ਫ਼ੈਸਲਾ ਕੀਤਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਅਤੇ ਮਾਰੀਸ਼ਸ ਇਤਿਹਾਸ, ਸੰਸਕ੍ਰਿਤੀ, ਭਾਸ਼ਾ ਅਤੇ ਹਿੰਦ ਮਹਾਸਾਗਰ ਦੇ ਸਾਂਝੇ ਜਲ ਨਾਲ ਇਕਜੁਟ ਹਨ। ਅੱਜ ਸਾਡੀ ਮਜ਼ਬੂਤ ਵਿਕਾਸ ਸਾਂਝੇਦਾਰੀ ਸਾਡੇ ਸੰਬੰਧਾਂ ਦੇ ਇਕ ਪ੍ਰਮੁੱਖ ਪਿੱਲਰ ਦੇ ਰੂਪ ‘ਚ ਉਭਰੀ ਹੈ। ਆਪਣੀ 2015 ਦੀ ਯਾਤਰਾ ਦੌਰਾਨ ਮਾਰੀਸ਼ਸ ‘ਚ ਮੈਂ ਭਾਰਤ ਦੇ ਸਮੁੰਦਰੀ ਸਹਿਯੋਗ ਦੇ ਦ੍ਰਿਸ਼ਟੀਕੋਣ ਖੇਤਰ ‘ਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ ਨੂੰ ਰੇਖਾਂਕਿਤ ਕੀਤਾ ਸੀ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਸਮੁੰਦਰੀ ਸੁਰੱਖਿਆ ਸਮੇਤ ਦੋ ਪੱਖੀ ਸਹਿਯੋਗ ਨੇ ਇਸ ਦ੍ਰਿਸ਼ਟੀਕੋਣ ਨੂੰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਅਸੀਂ ਕਈ ਮਹੱਤਵਪੂਰਨ ਪ੍ਰਾਜੈਕਟਾਂ ‘ਤੇ ਕੰਮ ਕਰਾਂਗੇ। ਜਿਵੇਂ ਕਿ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ, ਰਾਸ਼ਟਰੀ ਲਾਇਬਰੇਰੀ, ਮਾਰੀਸ਼ਸ ਪੁਲਸ ਅਕਾਦਮੀ ਅਤੇ ਕਈ ਹੋਰ। ਭਾਰਤ ਹਮੇਸ਼ਾ ਮਾਰੀਸ਼ਸ ਨਾਲ ਖੜ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਮਾਰੀਸ਼ਸ ਪਹਿਲਾ ਦੇਸ਼ ਸੀ, ਜਿਸ ਨੂੰ ਭਾਰਤ ਨੇ ਵੈਕਸੀਨ ਮੈਤਰੀ ਦੇ ਅਧੀਨ ਕੋਰੋਨਾ ਦੇ ਟੀਕੇ ਭੇਜੇ। ਉਨ੍ਹਾਂ ਖ਼ੁਸ਼ੀ ਜ਼ਾਹਰ ਕੀਤੀ ਕਿ ਅੱਜ ਮਾਰੀਸ਼ਸ ਉਨ੍ਹਾਂ ਦੇਸ਼ਾਂ ‘ਚ ਹੈ, ਜਿਸ ਨੇ ਆਪਣੀ ਤਿੰਨ-ਚੌਥਾਈ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਕਰ ਦਿੱਤਾ ਹੈ। ਇਸ ਮੌਕੇ ਮੈਟਰੋ ਐਕਸਪ੍ਰੈਸ ਪ੍ਰਾਜੈਕਟ ਅਤੇ ਹੋਰ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਭਾਰਤ ਤੋਂ ਮਾਰੀਸ਼ਸ ਨੂੰ 19 ਕਰੋੜ ਅਮਰੀਕੀ ਡਾਲਰ ਦੀ ਕਰਜ਼ ਸਹੂਲਤ (ਐੱਲ.ਓ.ਸੀ.) ਦੇਣ ਦਾ ਸਮਝੌਤਾ ਕੀਤਾ ਗਿਆ।

Comment here