ਅੰਮ੍ਰਿਤਸਰ-ਪੰਜਾਬੀ ਲੋਕ ਗਾਇਕ ਲਖਵਿੰਦਰ ਵਡਾਲੀ ਨੇ ਨਸ਼ੇ ਖ਼ਿਲਾਫ਼ ਸ਼ੁਰੂ ਮੁਹਿੰਮ ਸ਼ੁਰੂ ਕੀਤੀ ਹੈ। ਵਡਾਲੀ ਨੇ ਇਸਦੇ ਨਾਲ ਹੀ ਇਕ ਸੰਦੇਸ਼ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਪੁਲਿਸ ਮੁਖੀ ਬਾਰੇ ਵੀ ਬਿਆਨ ਦਿੱਤਾ ਹੈ। ਵਡਾਲੀ ਨੇ ਭਾਵਨਾਤਮਕ ਅਪੀਲ ਕਰਦਿਆਂ ਪੰਜਾਬ ਵਿੱਚੋਂ ਨਸ਼ੇ ਦੇ ਕੋਹੜ ਨੂੰ ਜੜੋਂ ਖਤਮ ਕਰਨ ਦਾ ਸੱਦਾ ਦਿੱਤਾ ਹੈ।
ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਆਏ ਦਿਨ ਪੰਜਾਬ ਵਿੱਚ ਦਿਨ-ਬ-ਦਿਨ ਨਸ਼ੇ ਦਾ ਜਾਲ ਫੈਲ ਰਿਹਾ ਹੈ ਅਤੇ ਇਹ ਸਿਉਂਕ ਵਾਂਗ ਨੌਜਵਾਨਾਂ ਨੂੰ ਖੋਖਲਾ ਕਰ ਰਿਹਾ ਹੈ। ਉਥੇ ਹੀ ਨਸ਼ੇ ਦੇ ਇਸ ਕੋਹੜ ਕਾਰਨ ਅਨੇਕਾਂ ਘਰਾਂ ਵਿੱਚ ਵਿਛੇ ਸੱਥਰਾਂ ਨੇ ਹੁਣ ਘਰਾਂ ਦੇ ਚੁੱਲਿਆਂ ਦੀ ਅੱਗ ਮੱਠੀ ਕਰ ਕੇ ਉੱਥੇ ਘਾਹ ਉਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਦੇਖ ਕੇ ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਮੋਹ ਰੱਖਣ ਅਤੇ ਚਿੰਤਾ ਪ੍ਰਗਟਾਉਣ ਵਾਲੇ ਦੇਸ਼ ਦੁਨੀਆਂ ਵਿੱਚ ਵੱਸਦੇ ਲੋਕ ਬੇਹੱਦ ਦੁਖੀ ਅਤੇ ਭਾਵੁਕ ਹਨ, ਉੱਥੇ ਹੀ ਪੰਜਾਬੀ ਵੀ ਇਨ੍ਹਾਂ ਹਾਲਾਤਾਂ ਕਾਰਨ ਪਰੇਸ਼ਾਨ ਹਨ।
ਗਾਇਕ ਲਖਵਿੰਦਰ ਵਡਾਲੀ ਨੇ ਸੁਨੇਹਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਵਲੋਂ ਨਸ਼ੇ ਖ਼ਿਲਾਫ਼ ਸ਼ੁਰੂ ਕੀਤੀ ਖ਼ਾਸ ਮੁਹਿੰਮ ਸਮੇਂ ਅਨੁਸਾਰ ਬੇਹੱਦ ਜਰੂਰੀ ਹੈ ਅਤੇ ਇਸ ਸਮੇਂ ਹਾਲਾਤਾਂ ਨੂੰ ਦੇਖਦੇ ਹੋਏ ਇਕ ਸੁਹਿਰਦ ਨਾਗਰਿਕ ਹੋਣ ਦੇ ਨਾਲ ਨਾਲ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਾਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਸਾਥ ਦੇਣਾ ਬਹੁਤ ਜਰੂਰੀ ਹੈ ਕਿਉਂਕਿ ਬਿਨਾ ਲੋਕਾਂ ਦੀ ਮਦਦ ਇਹ ਕਾਫੀ ਮੁਸ਼ਕਿਲ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਮੁਕਤਸਰ ਸਾਹਿਬ ਪੁਲਿਸ ਦਾ ਵੀ ਵੱਡਾ ਯੋਗਦਾਨ ਦੇਖਣ ਨੂੰ ਮਿਲ ਰਿਹਾ ਹੈ ਜੋਕਿ ਕਾਬਿਲੇ ਤਾਰੀਫ਼ ਹੈ।
Comment here