ਇਸਲਾਮਾਬਾਦ-ਪਾਕਿਸਤਾਨ ਦੀ ਸਰਕਾਰ ਆਏ ਦਿਨ ਚਾਹੇ ਆਰਥਿਕ ਮੰਦਹਾਲੀ ਹੋਵੇ ਜਾਂ ਬੇਰੁਜ਼ਗਾਰੀ ਨੂੰ ਲੈ ਕੇ ਸਰਕਾਰ ਘਿਰੀ ਰਹਿੰਦੀ ਹੈ। ਹੁਣੇ ਜਿਹੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਦਾਲਤ ’ਚ ਪੇਸ਼ ਹੋਏ ਪਰ ਇਸ ਵਾਰ ਮਾਮਲਾ ਸਰਕਾਰ ਦਾ ਨਹੀਂ ਸਗੋਂ ਉਨ੍ਹਾਂ ਦਾ ਨਿੱਜੀ ਸੀ ਅਤੇ ਬਹੁਤ ਪੁਰਾਣਾ ਸੀ। ਇਮਰਾਨ ਖ਼ਾਨ ਨੇ ਮਾਣਹਾਨੀ ਦੇ ਇੱਕ ਮਾਮਲੇ ’ਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਮਣੇ ਗਵਾਹੀ ਦਿੱਤੀ। ਇਮਰਾਨ ਖ਼ਾਨ 9 ਸਾਲ ਪਹਿਲਾਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਨੇਤਾ ਖਵਾਜਾ ਮੁਹੰਮਦ ਆਸਿਫ ਵਿਰੁੱਧ ਦਾਇਰ ਮਾਣਹਾਨੀ ਦੇ ਮੁਕੱਦਮੇ ’ਚ ਆਪਣੇ ਦਫ਼ਤਰ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ ’ਚ ਪੇਸ਼ ਹੋਏ।
ਜੱਜ ਮੁਹੰਮਦ ਅਦਨਾਨ ਦੀ ਅਦਾਲਤ ਅੱਗੇ ਬਿਆਨ ਕਰਵਾਏ ਦਰਜ
ਜੱਜ ਮੁਹੰਮਦ ਅਦਨਾਨ ਦੀ ਅਦਾਲਤ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਂਦੇ ਹੋਏ ਇਮਰਾਨ ਖ਼ਾਨ ਨੇ ਕਿਹਾ ਕਿ ਸ਼ੌਕਤ ਖਾਨਮ ਮੈਮੋਰੀਅਲ ਟਰੱਸਟ (ਐੱਸ. ਕੇ. ਐੱਮ. ਟੀ.) ਦੇ ਫੰਡਾਂ ਦੀ ਦੁਰਵਰਤੋਂ ਅਤੇ ਮਨੀ ਲਾਂਡਰਿੰਗ ਬਾਰੇ ਪੀ. ਐੱਮ. ਐੱਲ.-ਐੱਨ. ਦੇ ਨੇਤਾ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਘੱਟੋ-ਘੱਟ 10 ਅਰਬ ਦਾ ਨੁਕਸਾਨ ਹੋਇਆ ਹੈ। ਆਸਿਫ ਨੇ ਇਹ ਦੋਸ਼ ਪੰਜਾਬ ਹਾਊਸ ’ਚ ਪ੍ਰੈੱਸ ਕਾਨਫਰੰਸ ਦੌਰਾਨ ਲਾਏ ਸਨ ਅਤੇ ਇਕ ਟੀ. ਵੀ. ਪ੍ਰੋਗਰਾਮ ਦੌਰਾਨ ਇਨ੍ਹਾਂ ਨੂੰ ਦੁਹਰਾਇਆ ਸੀ। ਆਪਣੇ ਮੁਕੱਦਮੇ ’ਚ ਪੀ. ਐੱਮ. ਇਮਰਾਨ ਖ਼ਾਨ ਨੇ 1 ਅਗਸਤ, 2012 ਦੀ ਪ੍ਰੈੱਸ ਕਾਨਫਰੰਸ ਦਾ ਹਵਾਲਾ ਦਿੱਤਾ।
ਮਾਹਿਰਾਂ ਦੀ ਕਮੇਟੀ ਦੇ ਫੈਸਲੇ ’ਚ ਨਹੀਂ ਸੀ ਕੋਈ ਦਖ਼ਲ
ਇਮਰਾਨ ਖ਼ਾਨ ਨੇ ਦੋਸ਼ਾਂ ਨੂੰ ‘‘ਝੂਠੇ ਅਤੇ ਮਾਣਹਾਨੀ” ਕਰਾਰ ਦਿੰਦੇ ਹੋਏ ਕਿਹਾ ਕਿ ਐੱਸ. ਕੇ. ਐੱਮ. ਟੀ. ਹਸਪਤਾਲ ਦੀਆਂ ਨਿਵੇਸ਼ ਯੋਜਨਾਵਾਂ ’ਤੇ ਫੈਸਲੇ ਉਨ੍ਹਾਂ ਦੇ ਦਖਲ ਤੋਂ ਬਿਨਾਂ ਇੱਕ ਮਾਹਰ ਕਮੇਟੀ ਦੁਆਰਾ ਲਏ ਗਏ ਸਨ। ਪ੍ਰੈੱਸ ਕਾਨਫਰੰਸ ’ਚ ਪੀ. ਐੱਮ. ਐੱਲ. -ਐਨ ਨੇਤਾ ਨੇ ਕਿਹਾ ਸੀ ਕਿ ਐੱਸ. ਕੇ. ਐੱਮ. ਟੀ. ਦੇ 45 ਲੱਖ ਡਾਲਰ ਫੰਡ ਨੂੰ ਵਿਦੇਸ਼ਾਂ ’ਚ ਨਿਵੇਸ਼ ਕੀਤਾ ਗਿਆ ਸੀ। ਇਮਰਾਨ ਖ਼ਾਨ ਨੇ ਭਰੋਸਾ ਜਤਾਇਆ ਕਿ ਅਦਾਲਤ ਬੇਬੁਨਿਆਦ ਮਾਮਲੇ ’ਤੇ ਇਤਿਹਾਸਕ ਫੈਸਲਾ ਸੁਣਾ ਕੇ ਇਕ ਮਿਸਾਲ ਕਾਇਮ ਕਰੇਗੀ।
ਪਿਛਲੇ ਮਹੀਨੇ ਵੀ ਅਦਾਲਤ ’ਚ ਪੇਸ਼ ਹੋਏ ਸਨ ਇਮਰਾਨ ਖ਼ਾਨ
ਇਸ ਤੋਂ ਪਹਿਲਾਂ ਨਵੰਬਰ ’ਚ ਵੀ ਇਮਰਾਨ ਖ਼ਾਨ ਪਾਕਿਸਤਾਨ ਦੇ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਸਾਹਮਣੇ ਪੇਸ਼ ਹੋਏ ਸਨ। ਆਰਮੀ ਪਬਲਿਕ ਸਕੂਲ (ਏ. ਪੀ. ਐੱਸ.) ਕਤਲੇਆਮ ਨਾਲ ਸਬੰਧਤ ਇੱਕ ਮਾਮਲੇ ’ਚ ਚੀਫ਼ ਜਸਟਿਸ ਦੁਆਰਾ ਸੰਮਨ ਕੀਤੇ ਜਾਣ ਤੋਂ ਬਾਅਦ ਇਮਰਾਨ ਪਾਕਿਸਤਾਨ ਦੀ ਸੁਪਰੀਮ ਕੋਰਟ ’ਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ’ਚ ਕੋਈ ‘ਪਵਿੱਤਰ ਗਾਂ’ ਨਹੀਂ ਹੈ। ਮੈਂ ਕਾਨੂੰਨ ਦੇ ਰਾਜ ’ਚ ਵਿਸ਼ਵਾਸ ਕਰਦਾ ਹਾਂ।
Comment here