ਖਬਰਾਂਮਨੋਰੰਜਨ

ਮਾਂ ਹੁੰਦੀ ਏ ਮਾਂ.. ਦਾ ਰਚੇਤਾ ਦੇਵ ਥਰੀਕਿਆਂ ਵਾਲਾ ਦੇ ਗਿਆ ਵਿਛੋੜਾ

ਲੁਧਿਆਣਾ-ਪੰਜਾਬੀ ਸੰਗੀਤ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਹੈ, ਕਿਉਂਕਿ ਉੱਘੇ ਗੀਤਕਾਰ ਦੇਵ ਥਰੀਕਿਆਂ ਵਾਲਾ ਅੱਜ ਸਦੀਵੀ ਵਿਛੋੜਾ ਦੇ ਗਿਆ। ਸੈਂਕੜੇ ਗੀਤ ਤੇ ਪੰਜਾਬੀ ਸਾਹਿਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਮੰਨੇ ਜਾਂਦੇ ਦੇਵ ਥਰੀਕਿਆਂ ਵਾਲੇ ਦਾ ਅੱਜ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਨਾਲ ਦੇਹਾਂਤ ਹੋ ਗਿਆ। ਦੇਵ ਥਰੀਕੇ ਦੇ ਅਚਾਨਕ ਵਿਛੋੜੇ ਨਾਲ ਸਮਝੋ ਪੰਜਾਬੀ ਗੀਤਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ। ਜਿਨ੍ਹਾਂ ਦੀ ਘਾਟ ਹਮੇਸ਼ਾ ਪੰਜਾਬੀ ਇੰਡਸਟਰੀ ਨੂੰ ਰੜਕਦੀ ਰਹੇਗੀ। ਦੇਵ ਥਰੀਕਿਆਂ ਵਾਲੇ ਦਾ ਅਸਲ ਨਾਂਅ ਹਰਦੇਵ ਸਿੰਘ ਸੀ ਪਰ ਇੰਡਸਟਰੀ ‘ਚ ਉਹਨਾਂ ਨੂੰ ਦੇਵ ਥਰੀਕਿਆਂ ਦੇ ਨਾਂ ਵਜੋਂ ਜਾਣਿਆ ਜਾਂਦਾ ਸੀ। ਦੇਵ ਦਾ ਜਨਮ ਪਿੰਡ ਥਰੀਕੇ ‘ਚ ਸੰਨ 1932 ਵਿੱਚ ਹੋਇਆ ਸੀ । ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਸੀ। ਬਾਅਦ ‘ਚ ਉਹ ਆਪਣੀ ਉਚੇਰੀ ਪੜ੍ਹਾਈ ਕਰਨ ਦੇ ਲਈ ਲੁਧਿਆਣਾ ਆ ਗਏ ਸਨ। ਪਿੰਡ ਦੇ ਸਕੂਲ ‘ਚ ਪੜ੍ਹਦਿਆਂ ਉਨ੍ਹਾਂ ਬੱਚਿਆਂ ‘ਤੇ ਇੱਕ ਗੀਤ ਲਿਖਿਆ ਸੀ, ਜਿਸਦਾ ਨਾਂਅ ਸੀ ‘ਚੱਲ ਚੱਕ ਭੈਣੇ ਬਸਤਾ ਸਕੂਲ ਚੱਲੀਏ’, ਜੋ ਬਾਲ ਦਰਬਾਰ ਨਾਮ ਦੇ ਮੈਗਜ਼ੀਨ ਵਿਚ ਵੀ ਪ੍ਰਕਾਸ਼ਿਤ ਹੋਇਆ ਸੀ। ਇਸਤੋਂ ਬਾਅਦ ਉਨ੍ਹਾਂ ਲਿਖਣਾ ਜਾਰੀ ਰੱਖਿਆ। ਚੱਲ ਸੋ ਚੱਲ ਫਿਰ ਉਨ੍ਹਾਂ ਬਹੁਤ ਕਹਾਣੀਆਂ ਲਿਖੀਆਂ, ਕਿਤਾਬਾਂ ਵੀ ਲਿਖੀਆਂ, ਜੋ ਕਿ ਕਾਫ਼ੀ ਮਕਬੂਲ ਵੀ ਹੋਈਆ । ਦੇਵ ਨੂੰ 1960 ਵਿੱਚ ਇੱਕ ਅਧਿਆਪਕ ਦੀ ਨੌਕਰੀ ਵੀ ਮਿਲੀ। ਗੱਲ ਕਰੀਏ ਉਨ੍ਹਾਂ ਦੀ ਗੀਤਕਾਰੀ ਦੀ ਸਫ਼ਰ ਦੀ ਤਾਂ ਉਨ੍ਹਾਂ ਦਾ ਲਿਖਿਆ ਪਹਿਲਾ ਗੀਤ 1961 ਵਿੱਚ ਰਿਕਾਰਡ ਹੋਇਆ ਸੀ। ਦੇਵ ਦੇ ਗੀਤਾਂ ਨੂੰ ਕਰਮਜੀਤ ਧੂਰੀ, ਕਰਨੈਲ ਗਿੱਲ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ,ਸਵਰਨ ਲਤਾ, ਪੰਮੀ ਬਾਈ, ਜਗਮੋਹਨ ਕੌਰ, ਨਰਿੰਦਰ ਬੀਬਾ ਸੰਮੇਤ ਬਹੁਤ ਸਾਰੇ ਆਧੁਨਿਕ ਪੰਜਾਬੀ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਕਲਾਕਾਰਾਂ ਅਤੇ ਸੰਗੀਤ ਤੇ ਸਾਹਿਤ ਪ੍ਰੇਮੀਆਂ ਨੇ ਵੀ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।

Comment here