ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਮਾਂ ਬੋਲੀ ਇਕ ਵੱਖਰੀ ਕੌਮ ਦੀ ਉਸਾਰੀ ਦੀ ਬੁਨਿਆਦ ਏ

ਇਨਸਾਨ ਦਾ ਦੁਨੀਆ ਨੂੰ ਸਮਝਣਾ ਤੇ ਇਨਸਾਨਾਂ ਦਾ ਇਨਸਾਨਾਂ ਦੇ ਦਿਲਾਂ ਦੇ ਹਾਲ ਨੂੰ ਜਾਣਨਾ ਆਪਣੇ ਵਰਗਿਆਂ ਨਾਲ ਜੁੜੇ ਰਹਿਣਾ, ਮਿਲਣ ਵਾਲਿਆਂ ਦੀਆਂ ਚਾਹਤਾਂ-ਮੁਹੱਬਤਾਂ, ਨੇੜਤਾਵਾਂ-ਦੂਰੀਆਂ ਤੇ ਯਾਦਾਂ ਨੂੰ ਮਨ ਵਿਚ ਵਸਾ ਕੇ ਰੱਖਣਾ ਅਹਿਸਾਸ ਤੇ ਜਜ਼ਬਾਤ ਨੂੰ ਮਨ ਦੀਆਂ ਡੂੰਘਿਆਈਆਂ ਤੱਕ ਮਹਿਸੂਸ ਕਰਨਾ। ਦੱਸਣਾ-ਪੁੱਛਣਾ, ਗੱਲ ਸੁਣਾ ਕੇ ਮੋਹ ਲੈਣਾ, ਗੱਲ ਸੁਣ ਕੇ ਮੋਹਿਆ ਜਾਣਾ। ਇਹ ਇਕੱਲੀ ਬੋਲੀ ਦਾ ਨਹੀਂ, ਬਲਕਿ ਮਾਂ-ਬੋਲੀ ਦਾ ਕਮਾਲ ਤੇ ਚਮਤਕਾਰ ਹੈ। ਬੋਲੀ ਇਕ ਅਜਿਹਾ ਖਜ਼ਾਨਾ ਹੈ, ਜੋ ਸੋਚ-ਵਿਚਾਰ, ਇਤਿਹਾਸ ਤੇ ਵਿਰਸਾ ਆਪਣੀ ਬੁੱਕਲ ਅੰਦਰ ਲੁਕਾ ਕੇ ਰੱਖਦੀ ਹੈ ਤੇ ਮਾਂ-ਬੋਲੀ ਇਸ ਖਜ਼ਾਨੇ ਨੂੰ ਪਛਾਣ ਦਿੰਦੀ ਹੈ ਤੇ ਪਛਾਣ ਕਰਾਉਂਦੀ ਵੀ ਹੈ। ਇਨਸਾਨੀ ਬੋਲੀ ਹੀ ਕਿਸੇ ਤਹਿਜ਼ੀਬ ਨੂੰ ਇਕ ਮੰਜ਼ਿਲ ਤੋਂ ਦੂਜੀ ਮੰਜ਼ਿਲ ਤੱਕ ਲੈ ਜਾਂਦੀ ਹੈ ਤੇ ਮਾਂ-ਬੋਲੀ ਹੀ ਇਸ ਤਹਿਜ਼ੀਬ ਦਾ ਹੁਸਨ ਤੇ ਸ਼ਿੰਗਾਰ ਬਣ ਜਾਂਦੀ ਹੈ।
ਮਾਂ-ਬੋਲੀ ਤਹਿਜ਼ੀਬ ਨੂੰ ਕਿਸੇ ਖ਼ਾਸ ਇਲਾਕੇ ‘ਵਿਚ ਵੱਖਰੇ ਰਸਮੋ-ਰਿਵਾਜ ਦੇ ਰੰਗਾਂ ਵਿਚ ਰੰਗ ਦਿੰਦੀ ਹੈ। ਇੰਜ ਇਕ ਖ਼ਾਸ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ਇਕ ‘ਵੱਖਰਾ ਨਾਂਅ’ ‘ਵੱਖਰੀ ਪਛਾਣ’ ਤੇ ਇਕ ਵੱਖਰੀ ਕੌਮ ਦੀ ਉਸਾਰੀ ਦੀ ਬੁਨਿਆਦ ਬਣ ਜਾਂਦੀ ਹੈ। ਕਿਸੇ ਵੀ ਕੌਮ ਦੀ ਮਾਂ-ਬੋਲੀ ਉਸ ਕੌਮ ਦੇ ਬੁੱਤ ਤੇ ਰੂਹ ਨੂੰ ਜੋੜ ਦਿੰਦੀ ਹੈ। ਕਿਸੇ ਵੀ ਕੌਮ ਦੇ ਕਰੋੜਾਂ ਜਿਊਂਦੇ-ਜਾਗਦੇ ਤੇ ਜ਼ਿੰਦਗੀ ਦੀ ਦੌੜ ਦੌੜਦੇ ਇਨਸਾਨੀ ਰੂਪ ਵਿਚ ਬੁੱਤ ਵੱਖਰੇ-ਵੱਖਰੇ ਹੋਣ ਦੇ ਬਾਵਜੂਦ ਇਕ ਲਗਦੇ ਹਨ। ਇਕ ਮਾਂ-ਬੋਲੀ ਦਾ ਹੀ ਕਮਾਲ, ਇਜਾਜ਼ ਤੇ ਸ਼ਾਨ ਹੈ ਕਿ ਉਹ ਕਿਸੇ ਵੀ ਕੌਮ ਨੂੰ ਨਾਂਅ ਤੇ ਪਛਾਣ ਦਿੰਦੀ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਇਹ ਸ਼ਬਦ ਵੱਖਰੇ ਹੋਣ ਦੇ ਬਾਵਜੂਦ ਇਕ ਹੀ ਤਸਵੀਰ ਦੇ ਤਿੰਨ ਰੁਖ਼ (ਪਾਸੇ) ਹਨ। ਹਰ ਕੌਮ ਦਾ ਮੁਹੱਬਤਾਂ ਤੇ ਆਜ਼ਾਦੀ ਦੀਆਂ ਲੜਾਈਆਂ ਦਾ ਆਪਣਾ ਇਤਿਹਾਸ ਤੇ ਆਪਣੀ ਵੱਖਰੀ ਵਿਰਾਸਤ ਹੁੰਦੀ ਹੈ। ਕਿਸੇ ਵੀ ਕੌਮ ਦੀ ਵਿਰਾਸਤ ਭਾਵੇਂ ਕਿਸੇ ਇਕ ਧਰਮ ਨਾਲ ਜੁੜੀ ਹੋਵੇ ਪਰ ਸਾਰੀ ਕੌਮ ਉਸ ਦੀ ਮਾਲਕ ਹੁੰਦੀ ਹੈ। ਪੰਜਾਬ ਅੰਦਰ ਪੰਜਾਬੀਆਂ ਦੀ ਮੁਹੱਬਤਾਂ ਭਰੀ ਵਿਰਾਸਤ, ਧਰਮਾਂ-ਮਜ਼੍ਹਬਾਂ ਤੋਂ ਹਟ ਕੇ ਸਾਰੀ ਪੰਜਾਬੀ ਕੌਮ ਦੀ ਸਾਂਝੀ ਹੈ। ਹੀਰ ਰਾਂਝਾ, ਸੋਹਣੀ ਮਹੀਂਵਾਲ, ਮਿਰਜ਼ਾ ਜੱਟ ਆਦਿ ਇਹ ਮੁਹੱਬਤਾਂ ਭਰੀ ਵਿਰਾਸਤ ਸਾਰੇ ਪੰਜਾਬ ਤੇ ਸਭ ਪੰਜਾਬੀਆਂ ਦੀ ਹੈ। ਆਜ਼ਾਦੀ ਦੀ ਖ਼ਾਤਰ ਜਾਨਾਂ ਵਾਰਨ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਦੁੱਲਾ ਭੱਟੀ, ਅਹਿਮਦਯਾਰ ਖਰਲ ਆਦਿ, ਇਹ ਸਾਰੇ ਪੰਜਾਬ ਤੇ ਪੰਜਾਬੀਆਂ ਦੀ ਕੌਮੀ ਆਜ਼ਾਦੀ ਦੀ ਵਿਰਾਸਤ ਹੈ। ਚਾਹੇ ਕੋਈ ਪੰਜਾਬੀ ਹਿੰਦੂ ਹੈ, ਸਿੱਖ ਹੈ ਜਾਂ ਮੁਸਲਮਾਨ ਆਦਿ। ਪੰਜਾਬੀ ਇਕ ਕੌਮ ਹਨ। ਇਨ੍ਹਾਂ ਦੀ ਮਾਂ-ਬੋਲੀ ਇਕ, ਇਨ੍ਹਾਂ ਦਾ ਪੰਜਾਬ ਇਕ। ਇਸ ਪੰਜਾਬ ਦੇ ਪੰਜ ਦਰਿਆ ਹਨ, ਜੋ ਪੰਜਾਬ ਦੇ ਨਾਂਅ ‘ਨਾਲ ਸੰਬੰਧਿਤ ਹਨ ਅਤੇ ਇਸ ਦੀ ਪਛਾਣ ਹਨ। ਸਾਡੇ ਹੱਥਾਂ ਦੀਆਂ ਪੰਜ ਉਂਗਲਾਂ ਖੋਲ੍ਹੀਏ ਤਾਂ ਇਕ ਪੰਜਾ ਬਣਦਾ ਹੈ। ਇਸ ਪੰਜੇ ਨੂੰ ਵੱਢ-ਕੱਟ ਦੇਈਏ ਤਾਂ ਇਹ ਪੰਜਾ ਨਹੀਂ ਰਹਿੰਦਾ। ਟੁੰਡ ਬਣ ਜਾਂਦਾ ਹੈ। ਜਿਵੇਂ ਪੰਜਾਬ ਦੇ ਪੰਜੇ (ਪੰਜ ਆਬ ਪੰਜ ਦਰਿਆ) ਨੂੰ ਵੱਢ-ਟੁੱਕ ਕੇ ਟੁੰਡ ਬਣਾ ਦਿੱਤਾ ਗਿਆ ਹੈ। ਪੰਜਾਬ ਦੀ ਵੱਢ-ਟੁੱਕ ਤੋਂ ਬਾਅਦ ਵੀ ਇਸ ਦੇ ਟੋਟੇ ਕੀਤੇ ਗਏ। ਕੇਵਲ ਗੱਲ ਇਥੇ ਹੀ ਨਹੀਂ ਮੁੱਕੀ, ਇਨ੍ਹਾਂ ਟੁਕੜਿਆਂ ਦੀ ਬੋਟੀ-ਬੋਟੀ ਕਰਨ ਦੇ ਯਤਨ ਹੋ ਰਹੇ ਹਨ। ਦਰਅਸਲ ਪੰਜਾਬ ਦੀ ਵੰਡ ਗ਼ੈਰ-ਫ਼ਿਤਰੀ, ਗ਼ੈਰ-ਇਨਸਾਨੀ ਹੀ ਨਹੀਂ, ਬਲਕਿ ਕੁਦਰਤ ਨਾਲ ਖਿਲਵਾੜ ਹੈ। ਰੱਬ ਨੇ ਪੰਜਾਬ ਨੂੰ ਜੋ ਸ਼ਕਲ-ਓ-ਸੂਰਤ ਤੇ ਬਨਾਵਟ ਦਿੱਤੀ ਸੀ, ਇਕ ਸਾਮਰਾਜੀ ਤਾਕਤ ਨੇ ਪੰਜਾਬੀਆਂ ਦਾ ਰੂਪ ਧਾਰ ਕੇ ਪੰਜਾਬ ਦੇ ਦੁਸ਼ਮਣ ਲੀਡਰਾਂ ਨੂੰ ਨਾਲ ਰਲਾ ਕੇ ਪੰਜਾਬ ਦੀ ਬਨਾਵਟ-ਸ਼ਕਲ ਤੇ ਉਸ ਦੇ ਕੁਦਰਤੀ ਹੁਸਨ ਨੂੰ ਤਬਾਹ ਕਰਕੇ ਰੱਖ ਦਿੱਤਾ।
ਜਦ ਕਿਸੇ ਦੀ ਸ਼ਕਲ-ਸੂਰਤ ਵਿਗਾੜ ਦਿੱਤੀ ਜਾਂਦੀ ਹੈ, ਨਾ ਕੇਵਲ ਉਸ ਦਾ ਹੁਸਨ ਤਬਾਹ ਹੋ ਜਾਂਦਾ ਹੈ, ਸਗੋਂ ਉਸ ਦੀ ਸ਼ਨਾਖ਼ਤ ਹੀ ਬਦਲ ਜਾਂਦੀ ਹੈ। ਨਾ ਜਿਊਂਦਾ, ਨਾ ਮੋਇਆ, ਨਾ ਹੀ ਕੁੱਲੀ ‘ਤੇ ਕੱਖ ਰਹਿੰਦਾ ਹੈ। ਪੰਜਾਬ ਦਾ ਕਤਲ ਇਸ ਦੇ ਟੋਟੇ ਤੇ ਫਿਰ ਬੋਟੀ-ਬੋਟੀ ਕਰਨ ਦੇ ਯਤਨ ਤੇ ਹੁਣ ਇਨ੍ਹਾਂ ਟੋਟਿਆਂ ਤੇ ਬੋਟੀਆਂ ਨੂੰ ਧਾਰਮਿਕ ਨਫ਼ਰਤ ਦੀ ਅੱਗ ਵਿਚ ਸਾੜਿਆ ਜਾ ਰਿਹਾ ਹੈ। ਵੰਡੇ ਗਏ ਪੰਜਾਬ ਦੀ ਮਾਂ-ਬੋਲੀ ਤਾਂ ਫਿਰ ਵੀ ਤਾਂ ਫਿਰ ਵੀ ਪੰਜਾਬੀ ਹੀ ਹੈ ਪਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਮਾਂ-ਬੋਲੀ ਵਿਚ ਓਪਰੇ-ਓਸੜ ਤੇ ਪ੍ਰਦੇਸੀ ਸ਼ਬਦ ਬਹੁਤ ਵਧਦੇ ਜਾ ਰਹੇ ਹਨ। ਡਰ ਹੈ ਕਿ ਜੇ ਇਹ ਸਿਲਸਿਲਾ ਇੰਜ ਹੀ ਚਲਦਾ ਰਿਹਾ ਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਇਕ-ਦੂਜੇ ਨਾਲ ਪੰਜਾਬੀ ਮਾਂ-ਬੋਲੀ ਵਿਚ ਆਪਸੀ ਗੱਲਬਾਤ ਕਰਨਾ ਬਹੁਤ ਮੁਸ਼ਕਿਲ ਹੋ ਜਾਏਗਾ। ਮੈਨੂੰ ਤਾਂ ਇਹ ਡਰ ਹੈ ਕਿ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੀ ਬੋਲੀ ਨੂੰ ਸਮਝਣ ਲਈ ਕਿਸੇ ਤੀਜੀ ਧਿਰ ਦੀ ਨਾ ਲੋੜ ਪੈ ਜਾਏ। ਪੰਜਾਬ ਦੀ ਵੰਡ ਤੋਂ ਬਾਅਦ ਲਹਿੰੰਦਿਉਂ ਚੜ੍ਹਦੇ ਤੇ ਚੜ੍ਹਦਿਉਂ ਲਹਿੰਦੇ ਪੰਜਾਬ ਆਉਣ-ਜਾਣ ਵਾਲੇ ਪੰਜਾਬੀ ਸਾਰੀ ਜ਼ਿੰਦਗੀ ਆਪਣੇ ਪਿੰਡਾਂ, ਸ਼ਹਿਰਾਂ ਤੇ ਆਪਣੇ ਯਾਰਾਂ-ਬੇਲੀਆਂ ਨੂੰ ਯਾਦ ਕਰਦੇ ਰਹੇ, ਰੋਂਦੇ ਰਹੇ, ਪਛਤਾਉਂਦੇ ਰਹੇ।
ਜਦ ਵੀ ਆਉਣ-ਜਾਣ ਵਾਲੇ ਪੰਜਾਬੀਆਂ ਨੂੰ ਇਕ-ਦੂਜੇ ਨਾਲ ਮਿਲਣ ਦਾ ਮੌਕਾ ਮਿਲਿਆ, ਇਹੋ ਹੀ ਸਵਾਲ ਪੁੱਛਿਆ ਜਾਂਦਾ ਰਿਹਾ, ਤੁਸੀਂ ਕਿਹੜੇ ਜ਼ਿਲ੍ਹੇ ਦੇ ਹੋ, ਤੁਹਾਡਾ ਪਿੰਡ ਕਿਹੜਾ ਸੀ। ਅਸੀਂ ਵੀ ਫਲਾਣੇ ਜ਼ਿਲ੍ਹੇ ਦੇ, ਫਲਾਣੇ ਪਿੰਡ ਦੇ ਹਾਂ, ਤੁਸੀਂ ਵੀ ਦੱਸੋ? ਪੰਜਾਬ ਹੀ ਨਹੀਂ ਵੰਡਿਆ ਗਿਆ, ਅਸੀਂ-ਤੁਸੀਂ ਪੰਜਾਬੀ ਵੀ ਬਰਬਾਦ ਹੋ ਗਏ। ਘਰ-ਬਾਰ ਹੀ ਨਹੀਂ, ਦਿਲ ਦੀ ਦੁਨੀਆ ਵੀ ਲੁੁੱਟੀ-ਪੁੱਟੀ ਗਈ। ਪਤਾ ਨਹੀਂ ਸਾਨੂੰ ਪੰਜਾਬੀਆਂ ਨੂੰ ਸਾਡੇ ਕਿਹੜੇ ਪਾਪਾਂ ਦੀ ਸਜ਼ਾ ਮਿਲੀ ਹੈ। ਫਿਰ ਪੰਜਾਬੀ ਮਿਲਣ ਵਾਲੇ ਇਕ-ਦੂਜੇ ਨੂੰ ਬੇਨਤੀ ਕਰਦੇ ਹਨ। ਸਮਾਂ ਕੱਢ ਕੇ ਸਾਡੇ ਪਿੰਡ ਜ਼ਰੂਰ ਜਾਣਾ, ਉਥੇ ਰਹਿਣ ਵਾਲੇ ਆਪਣੇ ਦੋਸਤਾਂ ਦੇ ਨਾਂਅ ਵੀ ਲੋਕ ਤੁਹਾਨੂੰ ਦੱਸਦੇ ਹਨ। ਉਨ੍ਹਾਂ ਨੂੰ ਕਹਿਣਾ ਸਾਨੂੰ ਜ਼ਰੂਰ ਚਿੱਠੀ ਲਿਖਣ। ਆਪਣੇ ਪਰਿਵਾਰਾਂ ਦੀ ਖੈਰ-ਸੁੱਖ ਦਾ ਵੀ ਲਿਖਣ। ਸਾਡੇ ਦੋਸਤਾਂ ਤੇ ਮਿਲਣ ਵਾਲਿਆਂ ਵਿਚੋਂ ਕਿਹੜਾ ਹੈ, ਕਿਹੜਾ ਇਹ ਫ਼ਾਨੀ ਦੁਨੀਆ ਛੱਡ ਕੇ ਚਲਾ ਗਿਆ। ਜੇ ਸਾਡੇ ਕਿਸੇ ਦੋਸਤ ਨਾਲ ਮੁਲਾਕਾਤ ਹੋਵੇ ਤਾਂ ਸਾਡਾ ਸਲਾਮ ਕਹਿਣਾ। ਸਤਿ ਸ੍ਰੀ ਅਕਾਲ ਬੁਲਾ ਦੇਣਾ। ਪਰ ਆਪਣੇ ਸ਼ਹਿਰਾਂ, ਪਿੰਡਾਂ ਤੇ ਦੋਸਤਾਂ ਦੀਆਂ ਯਾਦਾਂ ਨੂੰ ਆਪਣੇ ਸੀਨੇ ਲਾਈ ਰੱਖਣ ਵਾਲੀ ਇਹ ਪੀੜ੍ਹੀ 95 ਫ਼ੀਸਦੀ ਤਾਂ ਮਰ ਚੁੱਕੀ ਹੈ। ਦੂਜੀ ਪੀੜ੍ਹੀ ਵੀ ਬੁੱਢੀ ਹੋ ਗਈ ਹੈ ਤੇ ਅੱਧੋਂ ਬਹੁਤੀ ਇਹ ਦੁਨੀਆ ਛੱਡ ਗਈ ਹੈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਤੀਜੀ ਜਾਂ ਜਵਾਨ ਹੋ ਰਹੀ ਚੌਥੀ ਪੀੜ੍ਹੀ ਇਕ-ਦੂਜੇ ਨੂੰ ਪੁੱਛਣ-ਦੱਸਣ ਤੇ ਆਪਸੀ ਬਜ਼ੁਰਗਾਂ ਦੇ ਯਾਰਾਨੇ ਤੇ ਮੁਹੱਬਤਾਂ ਭਰੀਆਂ ਸਾਂਝਾਂ ਨੂੰ ਭੁਲਦੀ ਹੋਈ ਹਨੇਰਿਆਂ ‘ਚ ਗਵਾਚਦੀ ਜਾ ਰਹੀ ਹੈ। ਆਪਣੇ ਪਿੰਡਾਂ, ਸ਼ਹਿਰਾਂ ਨੂੰ ਦੇਖਣ ਦੀ ਖਾਹਿਸ਼ ਇਸ ਬਾਰੇ ਚਾਵਾਂ ਭਰੇ ਆਉਣ ਵਾਲੇ ਸੁਪਨੇ ਸਮੇਂ ਦੀ ਧੁੰਦਲ ਹੌਲੀ-ਹੌਲੀ ਦਫ਼ਨ ਹੁੰਦੇ ਜਾ ਰਹੇ ਹਨ। ਖਿਆਲਾਂ, ਵਿਚਾਰਾਂ, ਜਜ਼ਬਾਤ ਤੇ ਆਸਾਂ-ਉਮੀਦਾਂ ਦੀ ਮੌਤ ਹੋ ਰਹੀ ਹੈ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਦੁਸ਼ਮਣ ਇਹੋ ਹੀ ਤਾਂ ਚਾਹੁੰਦੇ ਹਨ। ਚੜ੍ਹਦੇ ਪੰਜਾਬ ਦਾ ਕੋਈ ਸੱਜਣ ਪੰਜਾਬੀ ਚਿੱਠੀ ਲਿਖ ਕੇ ਆਪਣੇ ਲਹਿੰਦੇ ਪੰਜਾਬ ਦੇ ਪਿਆਰੇ ਨੂੰ ਭੇਜੇ ਤਾਂ ਚਿੱਠੀ ਮਿਲਣ ਤੋਂ ਬਾਅਦ ਉਹ ਵਿਚਾਰਾ ਪਿੰਡਾਂ, ਸ਼ਹਿਰਾਂ ‘ਵਿਚ ਚਿੱਠੀ ਪੜ੍ਹਾਉਣ ਲਈ ਰਾਹਾਂ ਵਿਚ ਰੁਲ ਜਾਏਗਾ। ਕਿਉਂਕਿ ਗੁਰਮੁਖੀ ਪੜ੍ਹੇਗਾ ਕੌਣ? ਇੰਜ ਹੀ ਲਹਿੰਦੇ ਪੰਜਾਬ ਦਾ ਪੰਜਾਬੀ ਉਰਦੂ ‘ਚ ਚਿੱਠੀ ਲਿਖ ਕੇ ਆਪਣੇ ਚੜ੍ਹਦੇ ਪੰਜਾਬ ਦੇ ਪੰਜਾਬੀ ਨੂੰ ਭੇਜੇ ਤਾਂ ਲਿਖੇ ਮੂਸਾ ਤੇ ਪੜ੍ਹੇ ਖ਼ੁਦਾ ਵਾਲੀ ਗੱਲ ਹੋਵੇਗੀ। ਜਿਸ ਬੋਲ ਦੀ ਜਿਸ ਲਿਖੇ ਦੀ ਸਮਝ ਨਾ ਆਵੇ, ਉਹ ਸਮਝਦਾਰਾਂ ਦੀ ਸਮਝ ਦੀ ਵੀ ਮੱਤ ਮਾਰ ਦਿੰਦਾ ਹੈ। ਇਹ ਤਾਂ ਗੂੰਗੇ-ਬੋਲੇ ਅੱਗੇ ਬਾਤ ਪਾਉਣ ਵਾਲੀ ਗੱਲ ਹੈ। ਜਦ ਓਸੜ (ਗ਼ੈਰ) ਤੇ ਓਪਰੀ ਬੋਲੀ ‘ਚ ਦੋ ਪੰਜਾਬੀ ਆਪਸ ‘ਚ ਗੱਲ ਕਰਦੇ ਹਨ ਤਾਂ ਹੋਣ ਵਾਲੀਆਂ ਗੱਲਾਂ ਮੂੰਹੋਂ ਥੱਲੇ ਦਿਲ ਵਿਚ ਨਹੀਂ ਉਤਰਦੀਆਂ। ਪਰ ਜਦ ਕਦੀ ਪੰਜਾਬਣ ਮੁਟਿਆਰ ਤੇ ਪੰਜਾਬੀ ਮੁੰਡਾ ਭਾਵੇਂ ਕੋਈ ਚੜ੍ਹਦੇ ਪੰਜਾਬ ਦਾ ਤੇ ਕੋਈ ਲਹਿੰਦੇ ਪੰਜਾਬ ਦੀ ਪੰਜਾਬਣ ਹੈ, ਜਦ ਆਪਣੀ ਮਾਂ-ਬੋਲੀ ਪੰਜਾਬੀ ‘ਚ ਗੱਲ ਜਾਂ ਗੀਤ ਰਾਹੀਂ ਮਨ ਦੀਆਂ ਸਾਂਝਾਂ ਦਾ ਇਕਰਾਰ (ਇਜ਼ਹਾਰ-ਵਾਅਦਾ) ਕਰਨ ਤਾਂ ਵੰਡਾਂ ਦੀਆਂ ਵਾੜਾਂ ਦਾ ਫ਼ਰਕ ਮਿਟ ਜਾਂਦਾ ਹੈ। ਦਿਲ ਮੋਹੇ ਜਾਂਦੇ ਹਨ। ਇਕ-ਦੂਜੇ ਦੇ ਹੋਣ ਦਾ ਅਹਿਸਾਸ ਦਿਲ ਧੜਕਾਉਂਦਾ ਹੈ।
ਡਾਕਟਰ ਤਾਹਿਰ ਮਹਿਮੂਦ     

Comment here