ਮਾਨਸਾ-ਇੱਥੋਂ ਦੇ ਪਿੰਡ ਮੂਸਾ ਦੇ ਖੇਤਾਂ ’ਚ ਰਹਿ ਰਹੇ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਤਲਾਂ ਨੇ ਕਤਲ ਇੰਨੀ ਬੇਰਹਿਮੀ ਨਾਲ ਕੀਤਾ ਕਿ ਮਾਂ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਤੇ ਪੁੱਤ ਦਾ ਵੀ ਗਲਾ ਵੱਢ ਦਿੱਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਦੇ ਘਰ ’ਚ ਕੰਮ ਕਰਦੀ ਔਰਤ ਦੋ ਦਿਨ ਤੋਂ ਦਰਵਾਜ਼ਾ ਖੜਕਾ ਕੇ ਵਾਪਸ ਜਾ ਰਹੀ ਸੀ ਤਾਂ ਜਦੋਂ ਅੱਜ ਉਸ ਨੇ ਇਸ ਬਾਰੇ ਪਿੰਡ ਵਾਸੀਆਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਕੰਧ ਟੱਪ ਕੇ ਦੇਖਿਆ ਤਾਂ ਦੋਹਾਂ ਮਾਂ-ਪੁੱਤ ਦੀਆਂ ਲਾਸ਼ਾਂ ਪਈਆਂ ਸਨ।
ਪਹਿਲੀ ਨਜ਼ਰੇ ਦੇਖਿਆਂ ਲੱਗ ਰਿਹਾ ਸੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਜਿਥੇ ਘਰ ਦੀ ਪੂਰੀ ਤਲਾਸ਼ੀ ਲਈ ਹੈ। ਕਤਲ ਇੰਨਾ ਬੇਰਹਿਮੀ ਨਾਲ ਕੀਤਾ ਹੈ ਕਿ ਮਾਂ ਜਸਵਿੰਦਰ ਕੌਰ (65) ਦਾ ਸਿਰ ਧੜ ਤੋਂ ਵੱਖ ਤੇ ਪੁੱਤ ਜਗਸੀਰ ਸਿੰਘ (40) ਦਾ ਵੀ ਗਲਾ ਵੱਢਿਆ ਮਿਲਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਘਟਨਾ ਬਾਰੇ ਜਾਣਕਾਰੀ ਮਿਲਣ ’ਤੇ ਮਾਨਸਾ ਥਾਣਾ ਸਦਰ ਪੁਲਸ ਦੇ ਸੀਨੀਅਰ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ। ਮਾਨਸਾ ਦੇ ਐੱਸ. ਐੱਸ. ਪੀ. ਪ੍ਰਵੀਨ ਪਾਰਕ ਤੇ ਡੀ. ਐੱਸ. ਪੀ. ਗੁਬਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਾਂ-ਪੁੱਤ ਦੇ ਕਤਲ ਨੂੰ ਨਿੱਜੀ ਰੰਜਿਸ਼ ਤੇ ਲੁੱਟ-ਖੋਹ ਦੀ ਘਟਨਾ ਨਾਲ ਜੋੜ ਕੇ ਜਾਂਚ ਕਰ ਰਹੇ ਹਨ ਤੇ ਫੋਰੈਂਸਿਕ ਟੀਮ ਤੇ ਡਾਗ ਸਕੁਐਡ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Comment here