ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਹਾਤਮਾ ਗਾਂਧੀ ਦੇ ਸ਼ਾਂਤੀ ਦੇ ਸੰਦੇਸ਼ਾਂ ਨੂੰ ਯਾਦ ਰੱਖਣ ਦੀ ਅਪੀਲ ਕਰਨ ਦੇ ਨਾਲ ਹੀ ਕਿਹਾ ਕਿ ਦੁਨੀਆ ਭਰ ਦੇ ਲੜਾਕਿਆਂ ਨੂੰ ਆਪਣੇ ਹਥਿਆਰ ਸੁੱਟ ਦੇਣੇ ਚਾਹੀਦੇ ਹਨ ਅਤੇ ਮਨੁੱਖਤਾ ਦੇ ਦੁਸ਼ਮਣ ਕੋਵਿਡ-19 ਮਹਾਮਾਰੀ ਨੂੰ ਹਰਾਉਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਨਾ ਕਿ ਇਕ-ਦੂਜੇ ਨੂੰ ਹਰਾਉਣ ’ਤੇ। ਗੁਤਾਰੇਸ ਨੇ 2 ਅਕਤੂਬਰ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ’ਤੇ ਆਪਣੇ ਸੰਦੇਸ਼ ਵਿਚ ਕਿਹਾ, ‘ਇਹ ਸੰਯੋਗ ਨਹੀਂ ਹੈ ਕਿ ਅਸੀਂ ਮਹਾਤਮਾ ਗਾਂਧੀ ਦੇ ਜਨਮਦਿਨ ’ਤੇ ਅੰਤਰਰਾਸ਼ਟਰੀ ਅਹਿੰਸਾ ਦਿਵਸ ਮਨਾਉਂਦੇ ਹਾਂ। ਗਾਂਧੀ ਲਈ ਅਹਿੰਸਾ, ਸ਼ਾਂਤੀਪੂਰਨ ਪ੍ਰਦਰਸ਼ਨ, ਮਾਣ ਅਤੇ ਸਮਾਨਤਾ ਸਿਰਫ਼ ਸ਼ਬਦ ਨਹੀਂ ਸਨ, ਸਗੋਂ ਮਨੁੱਖਤਾ ਦੇ ਮਾਰਗ ਦਰਸ਼ਕ ਸਨ, ਬਿਹਤਰ ਭਵਿੱਖ ਦਾ ਖਾਕਾ ਸਨ।’
ਉਨ੍ਹਾਂ ਕਿਹਾ ਕਿ ਅਹਿੰਸਾ, ਸ਼ਾਂਤੀਪੂਰਨ ਪ੍ਰਦਰਸ਼ਨ, ਮਾਣ ਅਤੇ ਸਮਾਨਤਾ ਅੱਜ ਦੇ ਸੰਕਟ ਦੇ ਸਮੇਂ ਵਿਚ ਵੀ ਸਮੱਸਿਆਵਾਂ ਨੂੰ ਦੂਰ ਕਰਨ ਦਾ ਰਸਤਾ ਦਿਖਾਉਂਦੇ ਹਨ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ, ‘ਦੁਨੀਆ ਭਰ ਵਿਚ ਸੰਘਰਸ਼ ਅਤੇ ਜਲਵਾਯੂ ਤਬਦੀਲੀ, ਗ਼ਰੀਬੀ ਅਤੇ ਅਸਮਾਨਤਾ, ਅਵਿਸ਼ਵਾਸ ਅਤੇ ਵੰਡ, ਇਹ ਸਭ ਕੁੱਝ ਕੋਵਿਡ-19 ਮਹਾਮਾਰੀ ਦੇ ਪਰਛਾਵੇਂ ਹੇਠ ਹੋ ਰਿਹਾ ਹੈ, ਜੋ ਲੋਕਾਂ ਅਤੇ ਅਰਥਵਿਵਸਥਾਵਾਂ ਨੂੰ ਬਰਾਬਰ ਰੂਪ ਨਾਲ ਤਬਾਹ ਕਰ ਰਹੀ ਹੈ।’ ਗੁਤਾਰੇਸ ਨੇ ਕਿਹਾ ਕਿ ਇਸ ਸਾਲ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਮੌਕੇ ’ਤੇ, ‘ਆਓ ਅਸੀਂ ਗਾਂਧੀ ਦੇ ਸ਼ਾਂਤੀ ਦੇ ਸੰਦੇਸ਼ ਨੂੰ ਯਾਦ ਰੱਖੀਏ ਅਤੇ ਸਾਰਿਆਂ ਲਈ ਇਕ ਬਿਹਤਰ ਅਤੇ ਵਧੇਰੇ ਸ਼ਾਂਤਮਈ ਭਵਿੱਖ ਦੇ ਨਿਰਮਾਣ ਦੇ ਕੰਮ ਵਿਚ ਉਤਰੀਏ।’
ਉਨ੍ਹਾਂ ਕਿਹਾ, ‘ਅਸੀਂ ਦੁਨੀਆ ਭਰ ਦੇ ਲੜਾਕਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਹਥਿਆਰ ਸੁੱਟ ਦੇਣ ਅਤੇ ਮਨੁੱਖਤਾ ਦੇ ਦੁਸ਼ਮਣ ਕੋਵਿਡ-19 ਨੂੰ ਹਰਾਉਣ ’ਤੇ ਧਿਆਨ ਕੇਂਦਰਿਤ ਕਰਨ, ਇਕ-ਦੂਜੇ ਨੂੰ ਨਹੀਂ।’ ਨਾਲ ਹੀ ਉਨ੍ਹਾਂ ਨੇ ਜੀਵਨ ਬਚਾਉਣ ਵਾਲੇ ਟੀਕੇ ਅਤੇ ਇਲਾਜ਼ ਮੁਹੱਈਆ ਕਰਾਉਣ ਅਤੇ ਮਹਾਮਾਰੀ ਤੋਂ ਉਭਰਨ ਦੇ ਇਸ ਲੰਬੇ ਰਸਤੇ ਵਿਚ ਦੇਸ਼ਾਂ ਦਾ ਸਮਰਥਨ ਕਰਨ ਦੀ ਤੁਰੰਤ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਗੁਤਾਰੇਸ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੀਆਂ ਚੁਣੌਤੀਆਂ ਦਾ ਹੱਲ ‘ਸਾਡੇ ਹੱਥ ਵਿਚ ਹੈ, ਉੁਹ ਹੈ ਏਕਤਾ। ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ, ਜਿਵੇਂ ਕਿ ਗਾਂਧੀ ਨੇ ਕਿਹਾ ਸੀ, ਕਿ ਜੋ ਸਾਨੂੰ ਇਕਜੁੱਟ ਕਰਦਾ ਹੈ, ਉਹ ਸਾਨੂੰ ਵੰਡਣ ਨਾਲੋਂ ਕਿਤੇ ਜ਼ਿਆਦਾ ਵੱਡਾ ਹੈ। ਸ਼ਾਂਤੀ ਸਾਰਿਆਂ ਲਈ ਬਿਹਤਰ ਭਵਿੱਖ ਦਾ ਇਕੋ-ਇਕ ਮਾਰਗ ਪ੍ਰਦਾਨ ਕਰਦੀ ਹੈ।’
Comment here