ਸਿਆਸਤਖਬਰਾਂਚਲੰਤ ਮਾਮਲੇ

ਮਹਿੰਗੇ ਹੋਟਲਾਂ ਦੀ ਥਾਂ ਸਰਕਟ ਹਾਊਸਾਂ ’ਚ ਠਹਿਰਨ ਕੈਬਨਿਟ ਵਜ਼ੀਰ-ਭਗਵੰਤ ਮਾਨ 

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਵਜ਼ੀਰਾਂ ਨੂੰ ਹੁਕਮ ਦਿੱਤਾ ਹੈ ਕਿ ਜਦੋਂ ਵੀ ਫ਼ੀਲਡ ਵਿਚ ਜਾਣ ਤਾਂ ਉਹ ਸਰਕਟ ਹਾਊਸਾਂ ਜਾਂ ਸਰਕਾਰੀ ਗੈਸਟ ਹਾਊਸਾਂ ’ਚ ਠਹਿਰਨ। ਕੈਬਨਿਟ ਵਜ਼ੀਰਾਂ ਨੂੰ ਪੰਜ ਤਾਰਾ ਹੋਟਲਾਂ ’ਚ ਠਹਿਰਨ ਤੋਂ ਗੁਰੇਜ਼ ਕਰਨ ਵਾਸਤੇ ਆਖਿਆ ਹੈ।
ਆਉਂਦੇ ਦਿਨਾਂ ਵਿਚ ਮੁੱਖ ਮੰਤਰੀ ਦਫ਼ਤਰ ਵੱਲੋਂ ਲਿਖਤੀ ਹੁਕਮ ਵੀ ਜਾਰੀ ਕੀਤੇ ਜਾਣੇ ਹਨ। ਮੁੱਖ ਮੰਤਰੀ ਦਫ਼ਤਰ ਨੇ ਸਾਰੇ ਸਰਕਟ ਹਾਊਸਾਂ ਤੇ ਸਰਕਾਰੀ ਗੈਸਟ ਹਾਊਸਾਂ ਨੂੰ ਸੁਰਜੀਤ ਕਰਨ ਦੀ ਵਿਉਂਤਬੰਦੀ ਕੀਤੀ ਹੈ। ਸਾਰੇ ਵਿਭਾਗਾਂ ਤੋਂ ਰੈਸਟ ਹਾਊਸਾਂ ਦੇ ਵੇਰਵੇ ਹਾਸਲ ਕੀਤੇ ਗਏ ਹਨ।
ਕੈਬਨਿਟ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਸਰਕਾਰੀ ਕੰਮਕਾਰ ਸਰਕਟ ਹਾਊਸਾਂ ’ਚੋਂ ਕਰਨ ਵਾਸਤੇ ਕਿਹਾ ਗਿਆ ਹੈ।ਨਵੀਂ ਯੋਜਨਾਬੰਦੀ ਵਿੱਚ ਰੈਸਟ ਹਾਊਸਾਂ ਨੂੰ ਆਮ ਲੋਕਾਂ ਲਈ ਵੀ ਖੋਲ੍ਹਿਆ ਜਾਣਾ ਹੈ ਤਾਂ ਜੋ ਉਹ ਵੀ ਬੁਕਿੰਗ ਕਰਾ ਸਕਣ।
ਸੂਤਰਾਂ ਅਨੁਸਾਰ ਕੈਬਨਿਟ ਮੰਤਰੀਆਂ ਨੂੰ ਸਰਕਟ ਹਾਊਸਾਂ ਦਾ ਗੇੜਾ ਰੱਖਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਵੀ 20 ਅਕਤੂਬਰ ਨੂੰ ਪਟਿਆਲਾ ਦੇ ਸਰਕਟ ਹਾਊਸ ਦਾ ਦੌਰਾ ਕੀਤਾ ਸੀ। ਪੰਜਾਬ ਵਿਚ ਸੱਤ ਸਰਕਟ ਹਾਊਸ ਹਨ ਜਦਕਿ ਰੈਸਟ ਹਾਊਸਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ।
ਸੂਤਰ ਦੱਸਦੇ ਹਨ ਕਿ ਸਰਕਾਰ ਇਨ੍ਹਾਂ ਆਰਾਮ ਘਰਾਂ ਦੀ ਮੁਰੰਮਤ ਕਰਾਉਣ ਦੀ ਯੋਜਨਾ ਬਣਾ ਰਹੀ ਹੈ। ਜੰਗਲਾਤ ਵਿਭਾਗ ਦੇ ਕਾਫ਼ੀ ਰੈਸਟ ਹਾਊਸ ਚਾਲੂ ਹਾਲਤ ’ਚ ਹਨ। ਲੋਕ ਨਿਰਮਾਣ ਵਿਭਾਗ ਦੇ 25 ਸਰਕਟ ਹਾਊਸ/ਗੈੱਸਟ ਹਾਊਸ ਮੌਜੂਦ ਹਨ ਜਿਨ੍ਹਾਂ ’ਚੋਂ ਕੁਝ ਕੁ ਪੁਲਿਸ ਦੇ ਕਬਜ਼ੇ ਹੇਠ ਹਨ।

Comment here