ਹਰਨੂਰ ਆਪਣੇ ਘਰ ਦੀ ਬਾਲਕੋਨੀ ਵਿੱਚ ਬੈਠੀ ਸਵੇਰ ਦੀ ਚਾਹ ਪੀ ਰਹੀ ਸੀ। ਸਾਹਮਣੇ ਮੇਜ਼ ਤੇ ਅੱਜ ਦਾ ਅਖ਼ਬਾਰ ਪਿਆ ਸੀ।ਉਸ ਦੇ ਮੁੜੇ ਹੋਏ ਅੱਧੇ ਅਖ਼ਬਾਰ ਦੀਆਂ ਮੋਟੀਆਂ ਮੋਟੀਆਂ ਖ਼ਬਰਾਂ ਤੇ ਨਿਗਾਹ ਪਈ। ਬਲਾਤਕਾਰ ਦੀ ਇੱਕ ਖ਼ਬਰ ਦੀ ਅੱਧੀ ਕੁ ਸਤਰ ਦਿਖਾਈ ਦਿੱਤੀ ਤਾਂ ਉਹ ਸੋਚਦੀ ਕਿ ਇਹ ਬਲਾਤਕਾਰ ਦੀਆਂ ਖ਼ਬਰਾਂ ਵੀ ਅਖ਼ਬਾਰ ਦਾ ਇੱਕ ਅਟੁੱਟ ਹਿੱਸਾ ਜਿਹਾ ਬਣ ਗਈਆਂ ਲੱਗਦੀਆਂ ਹਨ। ਉਹ ਸੋਚਦੀ ਖੌਰੇ ਕਿਹੜਾ ਭਾਗਾਂ ਵਾਲਾ ਦਿਨ ਹੁੰਦਾ ਹੋਵੇਗਾ ਜਿਸ ਦਿਨ ਇਹੋ ਜਿਹੀ ਮਨਹੂਸ ਖ਼ਬਰ ਨਹੀਂ ਛਪਦੀ ਹੋਵੇਗੀ। ਇੱਕ ਔਰਤ ਹੋਣ ਦੇ ਨਾਤੇ ਹੁਣ ਉਸ ਨੂੰ ਮਾਂ ਦੀਆਂ ਆਖੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ ਪਰ ਜਦੋਂ ਮਾਂ ਸਮਝਾਉਂਦੀ ਹੁੰਦੀ ਸੀ ਤਾਂ ਥੋੜ੍ਹਾ ਜਿਹਾ ਵਿਰੋਧ ਕਰਨ ਨੂੰ ਦਿਲ ਕਰਦਾ ਸੀ ਪਰ ਦਿਲ ਵਿੱਚ ਮਾਂ ਦਾ ਡਰ ਤੇ ਇੱਜ਼ਤ ਐਨੀ ਹੁੰਦੀ ਸੀ? ਕਿ ਕਦੇ ਵਿਰੋਧ ਕਰਨ ਦੀ ਹਿੰਮਤ ਹੀ ਨਹੀਂ ਪੈਂਦੀ ਸੀ। ਕੰਨਾਂ ਵਿੱਚ ਕੌੜਾ ਤੇਲ ਪਾ ਕੇ ਸਾਰੀਆਂ ਗੱਲਾਂ ਸੁਣਨੀਆਂ ਹੀ ਪੈਂਦੀਆਂ ਸਨ ਪਰ ਹੁਣ ਉਹ ਕਹਾਵਤ “ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਪਤਾ ਲੱਗਦਾ”, ਵਾਂਗ ਸੱਚੀਆਂ ਲੱਗਦੀਆਂ ਸਨ।
ਹਰਨੂਰ ਸੋਚਣ ਲੱਗੀ ਜਦ ਉਹ ਛੋਟੀ ਜਿਹੀ ਮਸਾਂ ਤਿੰਨ ਚਾਰ ਕੁ ਵਰਿ੍ਹਆਂ ਦੀ ਬੇਸਮਝ ਬਾਲੜੀ ਸੀ ਤਾਂ ਉਹਨਾਂ ਦੇ ਗੁਆਂਢੀਆਂ ਦਾ ਬਾਰਾਂ ਤੇਰਾਂ ਸਾਲਾਂ ਦਾ ਮੁੰਡਾ ਗੁਗੂ ਉਸ ਨੂੰ ਬਹੁਤ ਖਿਡਾਉਂਦਾ ਹੁੰਦਾ ਸੀ।ਇੱਕ ਦਿਨ ਇਸ ਨੂੰ ਉੰਗਲੀ ਫੜ ਕੇ ਆਪਣੇ ਘਰ ਲੈਕੇ ਜਾਣ ਲੱਗਿਆ ਸੀ ਤਾਂ ਮਾਂ ਨੇ ਉਸ ਨੂੰ ਆਪਣੇ ਘਰ ਲਿਜਾਣ ਤੋਂ ਟੋਕ ਕੇ ਇੱਥੇ ਹੀ ਖਿਡਾਉਣ ਨੂੰ ਕਿਹਾ।ਇਹ ਉਸ ਨੂੰ ਗੁਗੂ ਵੀਰਾ ਕਹਿੰਦੀ ਹੁੰਦੀ ਸੀ, ਫ਼ਿਰ ਗੁਗੂ ਵੀਰਾ ਗੁੱਸਾ ਕਰ ਗਿਆ ਸੀ ਜਾਂ ਉਸ ਦੀ ਬੀਬੀ ਨੇ ਉਸ ਨੂੰ ਆਉਣ ਤੋਂ ਰੋਕ ਦਿੱਤਾ ਸੀ, ਮੁੜ ਕੇ ਕਦੇ ਖਿਡਾਉਣ ਨਾ ਆਇਆ। ਅੱਜ ਕੱਲ੍ਹ ਦੀਆਂ ਖ਼ਬਰਾਂ ਮੁਤਾਬਕ ਮਾਂ ਨੇ ਠੀਕ ਹੀ ਕੀਤਾ ਸੀ। ਹਰਨੂਰ ਸੋਚਣ ਲੱਗੀ ਕਿ ਉਹਨਾਂ ਦੀ ਮਾਂ ਨੂੰ ਜੇ ਕੋਈ ਰਿਸ਼ਤੇਦਾਰ ਕਹਿ ਦਿੰਦਾ ਤਾਂ ਉਹ ਕਦੇ ਕਿਸੇ ਰਿਸ਼ਤੇਦਾਰੀ ਵਿੱਚ ਰਾਤ ਨਾ ਰਹਿੰਦੀ , ਸ਼ਾਮ ਨੂੰ ਘਰ ਵਾਪਸ ਆ ਜਾਂਦੀ। ਜਿਵੇਂ ਜਿਵੇਂ ਉਹ ਵੱਡੀ ਹੋਈ ਜਾਂਦੀ ਸੀ ਮਾਂ ਦੀ ਤਾੜਨਾ ਵਧਦੀ ਜਾਂਦੀ ਸੀ।ਜਵਾਨ ਖੂਨ ਹੋਣ ਕਰਕੇ ਹਰ ਸਮੇਂ ਦੀ ਟੋਕਾ ਟਕਾਈ ਕਾਰਨ ਹਰਨੂਰ ਨੂੰ ਵੀ ਕਦੇ ਕਦੇ ਬੁਰਾ ਲੱਗਦਾ।
ਹਰਨੂਰ ਨੂੰ ਆਪਣੀ ਕਾਲਜ ਦੇ ਸਮੇਂ ਦੀ ਗੱਲ ਯਾਦ ਆਈ ਤਾਂ ਉਸ ਦੇ ਅੰਦਰ ਕੰਬਣੀ ਜਿਹੀ ਛਿੜ ਗਈ। ਗੱਲ ਹੀ ਇਹੋ ਜਿਹੀ ਸੀ , ਉਹ ਕਾਲਜ ਪੜ੍ਹਨ ਆਪਣੀ ਸਹੇਲੀ ਹਰਜੀਤ ਨਾਲ ਜਾਂਦੀ ਹੁੰਦੀ ਸੀ। ਉਹਨਾਂ ਦੋਨਾਂ ਦਾ ਸਾਥ ਪੱਕਾ ਸੀ।ਬੱਸ ਨਾਲ ਦੇ ਪਿੰਡ ਦੇ ਮੋੜ ਤੇ ਲਾਹ ਕੇ ਇਹਨਾਂ ਦੇ ਪਿੰਡ ਨੂੰ ਜਾਣ ਵਾਲੀ ਸੜਕ? ਤੋਂ ਉਲਟ ਦੂਜੇ ਪਾਸੇ ਨੂੰ ਮੁੜ ਜਾਂਦੀ ਸੀ ।ਅੱਧਾ ਕੁ ਕਿਲੋਮੀਟਰ ਦਾ ਰਸਤਾ ਸੁੰਨਾ ਸੀ ਪਰ ਸੜਕ ਤੇ ਦੋ ਵੱਡੀਆਂ ਵੱਡੀਆਂ ਕੋਠੀਆਂ ਸਨ। ਇੱਕ ਕੋਠੀ ਵਾਲਿਆਂ ਦੀ ਕੁੜੀ ਤਾਂ ਉਸ ਦੀ ਸਹੇਲੀ ਸੀ। ਇੱਕ ਦਿਨ ਹਰਜੀਤ ਬਿਮਾਰ ਹੋਣ ਕਰਕੇ ਕਾਲਜ ਨਾ ਗਈ। ਹਰਨੂਰ ਕਾਲਜ ਦੀ ਬੱਸ ਉਤਰ ਕੇ ਜਿਵੇਂ ਹੀ ਆਪਣੇ ਪਿੰਡ ਵਾਲੀ ਸੜਕ ਤੇ ਤੁਰੀ ਆ ਰਹੀ ਸੀ ਤਾਂ ਦੂਜੇ ਪਾਸੇ ਤੋਂ ਆ ਰਹੀ ਇੱਕ ਕਾਰ ਵਿੱਚੋਂ ਕਿਸੇ ਨੇ ਹੱਥ ਦੇ ਕੇ ਰੋਕਣਾ ਚਾਹਿਆ। ਹਰਨੂਰ ਨੂੰ ਮਾਂ ਦੀ ਗੱਲ ਯਾਦ ਸੀ ਕਿ ਜੇ ਰਸਤੇ ਵਿੱਚ ਕੋਈ ਰੋਕਣਾ ਚਾਹੇ ਤਾਂ ਰੁਕਣਾ ਨਹੀਂ ਚਾਹੀਦਾ। ਉਹ ਰੁਕਣ ਦੀ ਬਿਜਾਏ ਵੱਡੇ ਵੱਡੇ ਕਦਮ? ਕਾਹਲ਼ੀ ਕਾਹਲ਼ੀ ਪੁੱਟਣ ਲੱਗੀ।ਜਦ ਤੱਕ ਉਹਨਾਂ ਨੇ ਕਾਰ ਮੋੜੀ ਤਾਂ ਉਹ ਨੱਠ ਕੇ ਸੜਕ ਉਤਲੀ ਕੋਠੀ ਵਿੱਚ ਚਲੇ ਗਈ ਸੀ। ਉਹ ਕਾਰ ਵਾਲੇ ਮੁਸ਼ਟੰਡੇ ਫਟਾਫਟ ਫ਼ਰਾਰ ਹੋ ਗਏ। ਉਸ ਨੇ ਸਾਹੋ ਸਾਹ ਹੋਈ ਨੇ ਚੱਕਰ ਆਉਣ ਦਾ ਬਹਾਨਾ ਲਾ ਕੇ ਪਾਣੀ ਦਾ ਗਿਲਾਸ ਮੰਗ ਕੇ ਗੱਲ ਟਾਲ ਦਿੱਤੀ ਸੀ।ਉਸ ਨੂੰ ਸਾਰੀ ਰਾਤ ਭੈਅ ਆਉਂਦਾ ਰਿਹਾ ਸੀ। ਅਗਲੇ ਦਿਨ ਦੀਆਂ ਖਬਰਾਂ ਵਿੱਚ ਨਾਲ਼ ਦੇ ਪਿੰਡ ਨਬਾਲਿਗ ਕੁੜੀ ਨਾਲ ਬਲਾਤਕਾਰ ਦੀ ਘਟਨਾ ਦੀ ਖ਼ਬਰ ਅਖ਼ਬਾਰ ਵਿੱਚ ਛਪੀ ਹੋਈ ਸੀ। ਬੇਸ਼ੱਕ ਉਸ ਨੇ ਇਹ ਗੱਲ ਆਪਣੀ ਮਾਂ ਨੂੰ ਨਹੀਂ ਦੱਸੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦੀ ਮਾਂ ਨੇ ਉਸ ਨੂੰ ਪੜ੍ਹਨੋਂ ਹਟਾ ਲੈਣਾ ਸੀ। ਮਾਂ ਕਹਿੰਦੀ ਹੁੰਦੀ ਸੀ ਕਿ ਇੱਜ਼ਤ ਤੋਂ ਮਹਿੰਗੀ ਕੋਈ ਸ਼ੈਅ ਨਹੀਂ ਹੁੰਦੀ।ਪਰ ਉਸ ਤੋਂ ਬਾਅਦ ਹਰਨੂਰ ਵੀ ਉਸ ਦਿਨ ਕਾਲਜ ਨਾ ਜਾਂਦੀ ਜਿਸ ਦਿਨ ਹਰਜੀਤ ਨੇ? ਨਾ ਜਾਣਾ ਹੁੰਦਾ।
ਹਰਨੂਰ ਦਾ ਇਹ ਗੱਲ ਸੋਚਦੀ ਸੋਚਦੀ ਦਾ ਇਕਦਮ ਧਿਆਨ ਆਪਣੀ ਕਨੇਡਾ ਪੜ੍ਹਦੀ ਬੇਟੀ ਰੋਜ਼ੀ ਵੱਲ ਗਿਆ ਤਾਂ ਫਟਾਫਟ ਉਸ ਨੂੰ ਫ਼ੋਨ ਲਾ ਲਿਆ,”ਬੇਟਾ ਤੂੰ ਠੀਕ ਹੈਂ? ਆਪਣਾ ਧਿਆਨ ਰੱਖਦੀ ਹੈਂ?” “ਹਾਂ ਜੀ ਮੰਮਾ, ਤੁਹਾਨੂੰ ਕੀ ਹੋਇਆ, ਤੁਸੀਂ ਐਨੇ ਘਬਰਾਏ ਕਿਉਂ ਹੋ? ਨਾਲ਼ੇ ਇਸ ਸਮੇਂ ਫੋਨ…? ਗੱਲ ਕੀ ਏ ਮੰਮਾ….?” ਰੋਜ਼ੀ ਨੇ ਪੁੱਛਿਆ। ” ਕੁਛ ਨਹੀਂ ਪੁੱਤਰ ,ਐਵੇਂ ਕੋਈ ਬੁਰਾ ਖਿਆਲ ਦਿਮਾਗ ਵਿੱਚ ਆ ਗਿਆ ਸੀ। ਮੇਰੀਆਂ ਗੱਲਾਂ ਯਾਦ ਨੇ ਨਾ,ਜੋ ਮੈਂ ਤੈਨੂੰ ਸਮਝਾ ਕੇ ਭੇਜਿਆ ਸੀ?” ਹਰਨੂਰ ਰੋਜ਼ੀ ਨੂੰ ਪੁੱਛਣ ਲੱਗੀ। ਰੋਜ਼ੀ ਨੇ ਮਾਂ ਨੂੰ ਤਸੱਲੀ ਦਿੰਦੇ ਹੋਏ ਆਖਿਆ,”ਹਾਂ ਜੀ ਮੰਮਾ,ਡੌਂਟ ਵਰੀ, ਮੰਮਾ ਮੈਨੂੰ ਪਤਾ, ਇੱਜ਼ਤ ਤੋਂ ਮਹਿੰਗੀ ਕੋਈ ਸ਼ੈਅ ਨਹੀਂ ਹੁੰਦੀ।” ਹਰਨੂਰ ਨੂੰ ਰੋਜ਼ੀ ਦਾ ਜਵਾਬ ਸੁਣ ਕੇ ਸਕੂਨ ਜਿਹਾ ਆ ਗਿਆ ਸੀ।
ਮਹਿੰਗੀ ਸ਼ੈਅ
ਬਰਜਿੰਦਰ ਕੌਰ
Comment here