ਨਵੀਂ ਦਿੱਲੀ-ਭਾਰਤ ਸਰਕਾਰ ਨੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਕਮਰ ਕੱਸ ਲਈ ਹੈ। ਸਰਕਾਰ ਨੇ ਰਿਫਾਇੰਡ ਪਾਮ ਆਇਲ ’ਤੇ ਬੇਸਿਕ ਕਸਟਮ ਡਿਊਟੀ (ਬੀ. ਸੀ. ਡੀ.) 17.5 ਤੋਂ ਘਟਾ ਕੇ 12.5 ਫੀਸਦੀ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਇਹ ਫੈਸਲਾ ਘਰੇਲੂ ਸਪਲਾਈ ਵਧਾਉਣ ਅਤੇ ਖਾਣ ਵਾਲੇ ਤੇਲਾਂ ਦੀਆਂ ਵਧਦੀਆਂ ਕੀਮਤਾਂ ’ਤੇ ਲਗਾਮ ਲਗਾਉਣ ਲਈ ਕੀਤਾ ਹੈ। ਇਸ ਸਬੰਧ ’ਚ ਕੇਂਦਰੀ ਇਨਡਾਇਰੈਕਟ ਟੈਕਸ ਅਤੇ ਕਸਮ ਬੋਰਡ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ’ਚ 21 ਦਸੰਬਰ 2021 ਯਾਨੀ ਅੱਜ ਤੋਂ ਹੀ ਨਵੇਂ ਰੇਟ ਲਾਗੂ ਕਰਨ ਦਾ ਹੁਕਮ ਦਿੱਤਾ ਹੈ ਜੋ ਅਗਲੇ ਸਾਲ ਮਾਰਚ 2022 ਤੱਕ ਲਾਗੂ ਰਹਿਣਗੇ। ਯਾਨੀ ਹੁਣ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ।
ਸਰਕਾਰ ਦਾ ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਵਪਾਰੀਆਂ ਨੂੰ ਦਸੰਬਰ 2022 ਤੱਕ ਬਿਨਾਂ ਲਾਈਸੈਂਸ ਤੋਂ ਰਿਫਾਇੰਡ ਪਾਮ ਆਇਲ ਦਰਾਮਦ ਕਰਨ ਦੀ ਇਜਾਜ਼ਤ ਮਿਲ ਚੁੱਕੀ ਹੈ। ਨਾਲ ਹੀ ਮਾਰਕੀਟ ਰੈਗੂਲੇਟਰਸ ਨੇ ਨਵੇਂ ਕੱਚੇ ਪਾਮ ਆਇਲ ਅਤੇ ਕੁੱਝ ਖੇਤੀ ਕਮੋਡਿਟੀਜ਼ ਦੇ ਡੇਰੀਵੇਟਿਵ ਕਾਂਟ੍ਰੈਕਟਸ ’ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਵਲੋਂ ਇਹ ਉਪਾਅ ਉਸ ਸਮੇਂ ਕੀਤੇ ਗਏ ਹਨ, ਜਦੋਂ ਮਹਿੰਗਾਈ ਆਪਣੇ ਉੱਚ ਪੱਧਰ ’ਤੇ ਹੈ।
ਪਾਮ ਆਇਲ ਦੀ ਦਰਾਮਦ ਵਧੇਗੀ
ਸਾਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ.) ਦੇ ਐਗਜ਼ੀਕਿਊਟਿਵ ਡਾਇਰੈਕਟਰ ਬੀ. ਵੀ. ਮਹਿਤਾ ਮੁਤਾਬਕ ਬੀ. ਸੀ. ਡੀ. ’ਚ ਕਮੀ ਤੋਂ ਬਾਅਦ ਰਿਫਾਇੰਡ ਪਾਮ ਆਇਲ ਅਤੇ ਇਸ ਨਾਲ ਜੁੜੇ ਹੋਰ ਪਦਾਰਥਾਂ ’ਤੇ ਕੁੱਲ ਟੈਕਸ ’ਚ ਕਮੀ 19.25 ਫੀਸਦੀ ਤੋਂ ਘਟ ਕੇ 13.75 ਫੀਸਦੀ ਹੋ ਜਾਏਗੀ। ਇਸ ’ਚ ਸੋਸ਼ਲ ਵੈੱਲਫੇਅਰ ਸੈੱਸ ਵੀ ਸ਼ਾਮਲ ਹੈ। ਡਿਊਟੀ ’ਚ ਕਟੌਤੀ ’ਤੇ ਮਹਿਤਾ ਨੇÇ ਕਹਾ ਕਿ ਰਿਫਾਇੰਡ ਪਾਮ ਤੇਲ ਦੀ ਦਰਾਮਦ ’ਚ ਵਾਧਾ ਹੋਵੇਗਾ ਕਿਉਂਕਿ ਕਰੂਡ ਪਾਮ ਆਇਲ ਦੇ ਨਾਲ ਡਿਊਟੀ ਦਾ ਫਰਕ ਘਟ ਕੇ ਸਿਰਫ 5.5 ਫੀਸਦੀ ਰਹਿ ਗਈ ਹੈ। ਕਰੂਡ ਪਾਮ ਆਇਲ ’ਤੇ ਮੌਜੂਦਾ ਪ੍ਰਭਾਵੀ ਟੈਕਸ 8.25 ਫੀਸਦੀ ਹੈ।
ਘਰੇਲੂ ਪਾਮ ਆਇਲ ਨਿਰਮਾਤਾ ਕੰਪਨੀਆਂ ਨੂੰ ਹੋਵੇਗਾ ਨੁਕਸਾਨ
ਮਹਿਤਾ ਨੇ ਦੱਸਿਆ ਕਿ ਟੈਕਸ ’ਚ ਕਟੌਤੀ ਨਾਲ ਘਰੇਲੂ ਪਾਮ ਤੇਲ ਰਿਫਾਇਨਰੀਆਂ ਨੂੰ ਨੁਕਸਾਨ ਹੋੋਵੇਗਾ। ਐੱਸ. ਈ. ਏ. ਮੁਤਾਬਕ ਭਾਰਤ ਦੀ ਖਾਣ ਵਾਲੇ ਤੇਲਾਂ ਦੀ ਦਰਾਮਦ ’ਤੇ ਨਿਰਭਰਤਾ ਲਗਭਗ 22-22.5 ਮਿਲੀਅਨ ਟਨ ਹੈ ਜੋ ਕੁੱਲ ਖਪਤ ਦਾ ਲਗਭਗ 65 ਫੀਸਦੀ ਹੈ। ਦੇਸ਼ ਮੰਗ ਅਤੇ ਘਰੇਲੂ ਸਪਲਾਈ ਦੇ ਦਰਮਿਆਨ ਪਾੜੇ ਨੂੰ ਖਤਮ ਕਰਨ ਲਈ 13-15 ਮਿਲੀਅਨ ਟਨ ਦੀ ਦਰਾਮਦ ਕਰਦਾ ਹੈ। ਹਾਲਾਂਕਿ ਪਿਛਲੇ ਦੋ ਵਿੱਤੀ ਸਾਲਾਂ ’ਚ ਮਹਾਮਾਰੀ ਕਾਰਨ ਪਾਮ ਆਇਲ ਦੀ ਦਰਾਮਦ ਮਾਤਰਾ ਘਟ ਕੇ ਲਗਭਗ 13 ਮਿਲੀਅਨ ਟਨ ਰਹਿ ਗਈ। ਇਸ ਨਾਲ ਘਰੇਲੂ ਕੰਪਨੀਆਂ ਨੂੰ ਨੁਕਸਾਨ ਹੋਇਆ ਸੀ। ਹੁਣ ਡਿਊਟੀ ਘੱਟ ਹੋਣ ਤੋਂ ਬਾਅਦ ਦਰਾਮਦ ਵਧ ਜਾਵੇਗੀ, ਜਿਸ ਨਾਲ ਘਰੇਲੂ ਬਾਜ਼ਾਰ ਪ੍ਰਭਾਵਿਤ ਹੋਵੇਗਾ।
ਤੇਲ ਦੀਆਂ ਕੀਮਤਾਂ ’ਚ ਆਵੇਗੀ ਕਮੀ
ਖਪਤਕਾਰ ਮਾਮਲਿਆਂ ਦੇ ਮੰਤਰਾਲਾ ਕੋਲ ਮੁਹੱਈਆ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਮੂੰਗਫਲੀ ਤੇਲ ਦੀ ਔਸਤ ਪ੍ਰਚੂਨ ਕੀਮਤ 181.48 ਰੁਪਏ ਪ੍ਰਤੀ ਕਿਲੋਗ੍ਰਾਮ, ਸਰ੍ਹੋਂ ਦਾ ਤੇਲ 187.43 ਰੁਪਏ ਪ੍ਰਤੀ ਕਿਲੋਗ੍ਰਾਮ, ਵਨਸਪਤੀ ਦਾ 138.5 ਰੁਪਏ ਪ੍ਰਤੀ ਕਿਲੋਗ੍ਰਾਮ, ਸੋਇਆਬੀਨ ਦਾ ਤੇਲ 150.78 ਰੁਪਏ ਪ੍ਰਤੀ ਕਿਲੋਗ੍ਰਾਮ, ਸੂਰਜਮੁਖੀ ਦਾ ਤੇਲ 163.18 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪਾਮ ਤੇਲ ਦੀ ਔਸਤ ਪ੍ਰਚੂਨ ਕੀਮਤ 129.94 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
Comment here