ਸ੍ਰੀਨਗਰ-ਬੀਤੇ ਦਿਨੀਂ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਗੁਪਕਾਰ ਰੋਡ ’ਤੇ ਸਥਿਤ ਆਪਣੀ ਰਿਹਾਇਸ਼ ‘ਫੇਅਰਵਿਊ’ ਤੋਂ ਰਾਜ ਭਵਨ ਤੱਕ ਪਾਰਟੀ ਵਰਕਰਾਂ ਦੇ ਰੋਸ ਮਾਰਚ ਦੀ ਅਗਵਾਈ ਕਰਦਿਆਂ ਇਹ ਮੰਗ ਵੀ ਕੀਤੀ ਹੈ ਕਿ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਹੈਦਰਪੋਰਾ ਮੁਕਾਬਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਨਾਲ-ਨਾਲ ਘਾਟੀ ਦੇ ਪੂਰੇ ਆਵਾਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਲਈ ਸਖ਼ਤ ਸਜ਼ਾ ਦੀ ਮੰਗ ਵੀ ਕੀਤੀ। ਮਹਿਬੂਬਾ ਨੇ ਇੱਥੇ ਗੁਪਕਾਰ ਰੋਡ ’ਤੇ ਸਥਿਤ ਆਪਣੀ ਰਿਹਾਇਸ਼ ‘ਫੇਅਰਵਿਊ’ ਤੋਂ ਰਾਜ ਭਵਨ ਤੱਕ ਪਾਰਟੀ ਵਰਕਰਾਂ ਦੇ ਰੋਸ ਮਾਰਚ ਦੀ ਅਗਵਾਈ ਕਰਦਿਆਂ ਇਹ ਮੰਗ ਵੀ ਕੀਤੀ ਕਿ ਮੁਕਾਬਲੇ ਵਿੱਚ ਮਾਰੇ ਗਏ ਤੀਜੇ ਵਿਅਕਤੀ ਆਮਿਰ ਮਰਗੇ, ਜੋ ਕਿ ਜੰਮੂ ਦੇ ਰਾਮਬਨ ਇਲਾਕੇ ਦਾ ਵਾਸੀ ਸੀ, ਦੀ ਲਾਸ਼ ਵੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮੋੜੀ ਜਾਵੇ। ਉਨ੍ਹਾਂ ਕਿਹਾ, ‘‘ਹੈਦਰਪੋਰਾ ਮੁਕਾਬਲੇ ਵਿੱਚ ਬੇਕਸੂਰ ਲੋਕ ਮਾਰੇ ਗਏ ਕਿਉਂਕਿ ਉੱਪ ਰਾਜਪਾਲ ਏਕੀਕ੍ਰਿਤ ਕਮਾਨ ਦੇ ਮੁਖੀ ਹਨ, ਉਨ੍ਹਾਂ ਨੂੰ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਉਨ੍ਹਾਂ ਤੋਂ ਅਤਿਵਾਦੀ ਜਾਂ ਹਾਈਬ੍ਰਿਡ ਅਤਿਵਾਦੀ ਦਾ ਦਾਗ ਹਟਾਉਣਾ ਚਾਹੀਦਾ ਹੈ।’’
ਮਹਿਬੂਬਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਉਨ੍ਹਾਂ ਨੂੰ ਆਮਿਰ ਦੀ ਲਾਸ਼ ਮੋੜਨੀ ਚਾਹੀਦੀ ਹੈ, ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਏਕੀਕ੍ਰਿਤ ਕਮਾਨ ਨੂੰ ਕਸ਼ਮੀਰ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।’’
ਪੀਡੀਪੀ ਮੁਖੀ ਨੇ ਘਟਨਾ ਦੇ ਤੱਥ ਸਾਹਮਣੇ ਲਿਆਉਣ ਲਈ ਨਿਆਂਇਕ ਜਾਂਚ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ, ‘‘ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਅਤੇ ਜਿਹੜੇ ਇਸ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਮਹਿਬੂਬਾ ਨੇ ਕਿਹਾ ਕਿ ਇਸ ਵਿੱਚ ‘ਸ਼ੱਕ’ ਹੈ ਕਿ ਕੀ ਅਸਲ ਵਿੱਚ ਕੋਈ ਅਤਿਵਾਦੀ ਸੀ, ਜਿਸ ਬਾਰੇ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਹ ਮੁਕਾਬਲੇ ਵਿੱਚ ਮਾਰਿਆ ਗਿਆ। ਉਨ੍ਹਾਂ ਮੁਤਾਬਕ, ‘‘ਅਸੀ ਚੌਥੇ ਵਿਅਕਤੀ ਦੀ ਲਾਸ਼ ਜਾਂ ਚਿਹਰਾ ਨਹੀਂ ਦੇਖਿਆ, ਜਿਸ ਨੂੰ ਅਤਿਵਾਦੀ ਦੱਸਿਆ ਜਾ ਰਿਹਾ ਹੈ। ਸਾਨੂੰ ਸ਼ੱਕ ਹੈ ਕਿ ਕੀ ਅਸਲ ਵਿੱਚ ਕੋਈ ਅਤਿਵਾਦੀ ਸੀ, ਜਾਂ ਉਨ੍ਹਾਂ ਨੇ ਤਿੰਨ ਨਾਗਰਿਕਾਂ ਨੂੰ ਬਿਨਾਂ ਵਜ੍ਹਾ ਮਾਰ ਦਿੱਤਾ।’’ ਉਨ੍ਹਾਂ ਕਿਹਾ ਕਿ ਪੂਰੀ ਘਟਨਾ ’ਤੇ ਵੱਡਾ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ।
ਦੇਸ਼ ਨੂੰ ਭਾਜਪਾ-ਆਰਐੱਸਐੱਸ ਦੇ ਏਜੰਡੇ ’ਤੇ ਚਲਾਉਣ ਦਾ ਦੋਸ਼ ਲਾਇਆ
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਦੋਸ਼ ਲਾਇਆ ਕਿ ਦੇਸ਼ ਨੂੰ ਭਾਜਪਾ-ਆਰਐੱਸਐੱਸ ਦੇ ਏਜੰਡੇ ’ਤੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਇੱਥੇ ਕੋਈ ਅਧਿਕਾਰ ਨਹੀਂ ਹੈ ਉਨ੍ਹਾਂ ਨੇ ਧਾਰਾ 370 ਹਟਾ ਕੇ ਸੰਵਿਧਾਨ ਨੂੰ ਦਰੜ ਦਿੱਤਾ। ਦੇਸ਼ ਜਾਂ ਜੰਮੂ-ਕਸ਼ਮੀਰ ਨੂੰ ਸੰਵਿਧਾਨ ਮੁਤਾਬਕ ਨਹੀਂ ਬਲਕਿ ਭਾਜਪਾ-ਆਰਐੱਸਐੱਸ ਦੇ ਏਜੰਡੇ ’ਤੇ ਚਲਾਇਆ ਜਾ ਰਿਹਾ ਹੈ, ਜਿਸ ਦਾ ਮਕਸਦ ਘੱਟ ਗਿਣਤੀਆਂ ਨੂੰ ਕੁਚਲਣਾ ਹੈ। ਇੱਥੇ ਬਹੁਤ ਜ਼ਿਆਦਾ ਦਮਨ ਹੈ, ਕਿਉਂਕਿ ਜੰਮੂ-ਕਸ਼ਮੀਰ ਮੁਸਲਿਮ ਬਹੁਗਿਣਤੀ ਵਾਲਾ ਰਾਜ ਹੈ।’’ ਮਹਿਬੂਬਾ ਨੇ ਕਿਹਾ, ‘‘ਉਨ੍ਹਾਂ ਨੇ ਇੱਥੇ ਜਮਹੂਰੀਅਤ ਦਾ ਜਨਾਜ਼ਾ ਕੱਢ ਦਿੱਤਾ ਹੈ। ਉਹ ਕਿਸੇ ਨੂੰ ਵੀ ਗੱਲ ਕਰਨ ਜਾਂ ਵਿਰੋਧ ਕਰਨ ਦੀ ਆਗਿਆ ਨਹੀਂ ਦਿੰਦੇ। ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਇਸ ਕਰਕੇ ਉਨ੍ਹਾਂ ਨੂੰ ਇਸ ਦਮਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।’’
Comment here