ਈਡੀ ਦੀ ਵੀ ਹੋਈ ਮਹਾਰਾਸ਼ਟਰ ਸਿਆਸਤ ਚ ਐਂਟਰੀ
ਮੁੰਬਈ-ਮਹਾਰਾਸ਼ਟਰ ’ਚ ਜੋੜ ਤੋੜ ਦੀ ਸਿਆਸਤ ਗਰਮਾ ਚੁੱਕੀ ਹੈ। ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਕੇਂਦਰ ਸਰਕਾਰ ਵਲੋਂ ‘ਵਾਈ ਪਲੱਸ’ ਸੁਰੱਖਿਆ ਦਿੱਤੇ ਜਾਣ ਮਗਰੋਂ ਸੋਮਵਾਰ ਨੂੰ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਹੁਣ ਇਹ ਸਾਫ਼ ਹੋ ਗਿਆ ਹੈ ਕਿ ਸੂਬੇ ’ਚ ਜਾਰੀ ਸਿਆਸੀ ਸੰਕਟ ਦਰਮਿਆਨ ਭਾਜਪਾ ਹੀ ਇਹ ਸਭ ਤਮਾਸ਼ਾ ਕਰ ਰਹੀ ਹੈ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਵਿਚ ਇਕ ਸੰਪਾਦਕੀ ’ਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਪਾਰਟੀ ਦੇ ਬਾਗੀ ਵਿਧਾਇਕਾਂ ’ਤੇ ਦੋਸ਼ ਲਾਇਆ ਗਿਆ ਹੈ ਕਿ ਉਹ 50-50 ਕਰੋੜ ਰੁਪਏ ’ਚ ‘ਵਿਕ’ ਗਏ ਹਨ। ਕੇਂਦਰ ਸਰਕਾਰ ਨੇ ਐਤਵਾਰ ਨੂੰ ਸ਼ਿਵ ਸੈਨਾ ਦੇ ਘੱਟ ਤੋਂ ਘੱਟ 15 ਬਾਗੀ ਵਿਧਾਇਕਾਂ ਨੂੰ ਛ੍ਰਫਢ ਕਮਾਂਡੋ ਦੇ ਘੇਰੇ ਵਾਲੀ ‘ਵਾਈ ਪਲੱਸ’ ਸੁਰੱਖਿਆ ਪ੍ਰਦਾਨ ਕੀਤੀ ਹੈ।
ਅਧਿਕਾਰੀਆਂ ਮੁਤਾਬਕ ਜਿਨ੍ਹਾਂ ਵਿਧਾਇਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ, ਉਨ੍ਹਾਂ ’ਚ ਰਮੇਸ਼ ਬੋਰਨਾਰੇ, ਮੰਗੇਸ਼ ਕੁਡਲਕਰ, ਸੰਜੇ ਸ਼੍ਰਿਸ਼ਠ, ਲਤਾਬਾਈ ਸੋਨਵਣੇ, ਪ੍ਰਕਾਸ਼ ਸੁਰਵੇ ਅਤੇ 10 ਹੋਰ ਵਿਧਾਇਕ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਮਹਾਰਾਸ਼ਟਰ ’ਚ ਰਹਿ ਰਹੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਵਿਧਾਇਕਾਂ ਦੇ ਗੁਹਾਟੀ ਤੋਂ ਮਹਾਰਾਸ਼ਟਰ ਪਰਤਣ ਮਗਰੋਂ ਲੱਗਭਗ 4 ਤੋਂ 5 ਕਮਾਂਡੋ ਉਨ੍ਹਾਂ ਦੀ ਸੁਰੱਖਿਆ ਕਰਨਗੇ।
ਸੰਪਾਦਕੀ ਵਿਚ ਦਾਅਵਾ ਕੀਤਾ ਗਿਆ ਹੈ, “ਵਡੋਦਰਾ ’ਚ ਏਕਨਾਥ ਸ਼ਿੰਦੇ ਅਤੇ ਦੇਵੇਂਦਰ ਫੜਨਵੀਸ ਦੀ ਇਕ ਗੁਪਤ ਮੀਟਿੰਗ ਹੋਈ ਸੀ। ਮੀਟਿੰਗ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ।” ਸੰਪਾਦਕੀ ’ਚ ਇਹ ਵੀ ਕਿਹਾ ਗਿਆ ਹੈ ਕਿ ਮੀਟਿੰਗ ਤੋਂ ਤੁਰੰਤ ਬਾਅਦ ਕੇਂਦਰ ਨੇ ਬਾਗੀ ਵਿਧਾਇਕਾਂ ਨੂੰ ‘ਵਾਈ ਪਲੱਸ’ ਸੁਰੱਖਿਆ ਇਸ ਤਰ੍ਹਾਂ ਪ੍ਰਦਾਨ ਕੀਤੀ, ਜਿਵੇਂ ਉਹ ‘ਲੋਕਤੰਤਰ ਦੇ ਰਾਖੇ’ ਹੋਣ। ‘ਸਾਮਨਾ’ ‘ਚ ਪੁੱਛਿਆ ਗਿਆ ਹੈ ਕਿ ਕੀ ਕੇਂਦਰ ਸਰਕਾਰ ਨੂੰ ਡਰ ਸੀ ਕਿ ਉਹ ਸੂਬੇ ‘ਚ ਵਾਪਸ ਆ ਕੇ ਆਪਣੀ ਪਾਰਟੀ ‘ਚ ਵਾਪਸ ਚਲੇ ਜਾਣਗੇ? ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਅਤੇ ਸੂਬੇ ‘ਚ ਭਾਜਪਾ ਦੇ ਨੇਤਾਵਾਂ ਨੇ ਹੀ ਇਨ੍ਹਾਂ ਬਾਗੀ ਵਿਧਾਇਕਾਂ ਦੀ ਸਕ੍ਰਿਪਟ ਲਿਖੀ ਹੈ ਅਤੇ ਉਹ ਇਸ ਪੂਰੇ ਤਮਾਸ਼ੇ ਨੂੰ ਨਿਰਦੇਸ਼ਿਤ ਕਰ ਰਹੇ ਹਨ। ਬਾਗੀ ਵਿਧਾਇਕਾਂ ਨੂੰ ਵਾਈ ਪਲੱਸ ਸੁਰੱਖਿਆ ਪ੍ਰਦਾਨ ਕਰਕੇ ਮਹਾਰਾਸ਼ਟਰ iਖ਼ਲਾਫ ਭਾਜਪਾ ਦੀ ‘ਗੱਦਾਰੀ’ ਦਾ ਪਰਦਾਫਾਸ਼ ਹੋ ਗਿਆ ਹੈ।
ਬਾਗੀ ਵਿਧਾਇਕਾਂ ਨੂੰ ਕੇਂਦਰ ਵਲੋਂ ਮਿੱਲੀ ‘ਵਾਈ ਪਲੱਸ’ ਸੁਰੱਖਿਆ-
ਏਕਨਾਥ ਸ਼ਿੰਦੇ ਦੇ ਨਾਲ ਗਏ ਸ਼ਿਵ ਸੈਨਾ ਦੇ 15 ਬਾਗੀ ਵਿਧਾਇਕਾਂ ਨੂੰ ਕੇਂਦਰ ਸਰਕਾਰ ਨੇ ਵਾਈ ਪਲੱਸ ਸੁਰੱਖਿਆ ਦਿੱਤੀ ਹੈ। ਹੁਣ ਉਨ੍ਹਾਂ ਨੂੰ ਸੀ. ਆਰ. ਪੀ. ਐੱਫ. ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਨ੍ਹਾਂ ਵਿਧਾਇਕਾਂ ਦੇ ਘਰਾਂ ’ਤੇ ਵੀ ਸੀ. ਆਰ. ਪੀ. ਐੱਫ. ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਫ਼ੈਸਲਾ ਵਿਧਾਇਕਾਂ ਦੇ ਘਰਾਂ ਅਤੇ ਦਫਤਰਾਂ ’ਤੇ ਸ਼ਿਵ ਸੈਨਿਕਾਂ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਲਿਆ ਗਿਆ ਹੈ। ਜਿਨ੍ਹਾਂ ਵਿਧਾਇਕਾਂ ਨੂੰ ਸੁਰੱਖਿਆ ਦਿੱਤੀ ਗਈ ਹੈ, ਉਨ੍ਹਾਂ ’ਚ ਰਮੇਸ਼ ਬੋਰਨਾਰੇ, ਮੰਗੇਸ਼ ਕੁਡਲਕਰ, ਸੰਜੇ ਸ਼੍ਰਿਸ਼ਠ, ਲਤਾਬਾਈ ਸੋਨਵਣੇ, ਪ੍ਰਕਾਸ਼ ਸੁਰਵੇ ਅਤੇ 10 ਹੋਰ ਵਿਧਾਇਕ ਸ਼ਾਮਲ ਹਨ।
ਊਧਵ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਬਦਲਿਆ
ਮੁੱਖ ਮੰਤਰੀ ਊਧਵ ਠਾਕਰੇ ਨੇ ਗੁਹਾਟੀ ਦੇ ਹੋਟਲ ’ਚ ਠਹਿਰੇ ਹੋਏ 9 ਬਾਗੀ ਮੰਤਰੀਆਂ ਦੇ ਵਿਭਾਗ ਹੋਰ ਮੰਤਰੀਆਂ ਨੂੰ ਵੰਡ ਦਿੱਤੇ ਹਨ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਬਾਗੀ ਮੰਤਰੀਆਂ ਦੇ ਵਿਭਾਗ ਹੋਰ ਮੰਤਰੀਆਂ ਨੂੰ ਇਸ ਲਈ ਦਿੱਤੇ ਜਾ ਰਹੇ ਹਨ, ਤਾਂ ਕਿ ਪ੍ਰਸ਼ਾਸਨ ਚਲਾਉਣ ’ਚ ਆਸਾਨੀ ਹੋਵੇ। ਮਹਾਰਾਸ਼ਟਰ ਦੀ ਗਠਜੋੜ ਸਰਕਾਰ ’ਚ ਸ਼ਿਵ ਸੈਨਾ ਦੇ 9 ਮੰਤਰੀ ਹੁਣ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਬਾਗੀ ਧੜੇ ’ਚ ਸ਼ਾਮਲ ਹੋ ਚੁੱਕੇ ਹਨ।
ਸ਼ਿਵ ਸੈਨਾ ’ਚ ਹੁਣ 4 ਕੈਬਨਿਟ ਮੰਤਰੀ ਹਨ, ਜਿਸ ’ਚ ਮੁੱਖ ਮੰਤਰੀ ਊਧਵ ਠਾਕਰੇ, ਆਦਿੱਤਿਆ ਠਾਕਰੇ, ਅਨਿਲ ਪਰਬ ਅਤੇ ਸੁਭਾਸ਼ ਦੇਸਾਈ ਸ਼ਾਮਲ ਹਨ। ਆਦਿੱਤਿਆ ਨੂੰ ਛੱਡ ਕੇ ਬਾਕੀ 3 ਵਿਧਾਨ ਪਰੀਸ਼ਦ ਦੇ ਮੈਂਬਰ (ਐਐਲਸੀ) ਹਨ। ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾਵਿਕਾਸ ਅਘਾੜੀ (ਐਮਵੀਏ) ਸਰਕਾਰ ’ਚ ਬਗਾਵਤ ਤੋਂ ਪਹਿਲਾਂ ਪਾਰਟੀ ਦੇ 10 ਕੈਬਨਿਟ ਮੰਤਰੀ ਅਤੇ 4 ਰਾਜ ਮੰਤਰੀ ਸਨ। ਸਾਰੇ 4 ਰਾਜ ਮੰਤਰੀ ਅਸਾਮ ਦੇ ਗੁਹਾਟੀ ਦੇ ਹੋਟਲ ’ਚ ਠਹਿਰੇ ਹੋਏ ਹਨ।
ਇਨ੍ਹਾਂ ਵਫ਼ਾਦਾਰ ਮੰਤਰੀਆਂ ਨੂੰ ਸੌਂਪੇ ਗਏ ਬਾਗੀਆਂ ਦੇ ਮੰਤਰਾਲਾ
ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਸੂਚਨਾ ਮੁਤਾਬਕ ਏਕਨਾਥ ਸ਼ਿੰਦੇ ਦੇ ਸ਼ਹਿਰੀ ਵਿਕਾਸ, ਲੋਕ ਨਿਰਮਾਣ ਵਿਭਾਗ ਨੂੰ ਉਨ੍ਹਾਂ ਤੋਂ ਵਾਪਸ ਲੈ ਕੇ ਸੁਭਾਸ਼ ਦੇਸਾਈ ਨੂੰ ਫਿਰ ਤੋਂ ਸੌਂਪ ਦਿੱਤਾ ਗਿਆ ਹੈ। ਬਾਗੀ ਮੰਤਰੀ ਗੁਲਾਬਰਾਵ ਪਾਟਿਲ ਦਾ ਜਲ ਸਪਲਾਈ ਅਤੇ ਸਵੱਛਤਾ ਵਿਭਾਗ ਨੂੰ ਵਾਪਸ ਲੈ ਕੇ ਅਨਿਲ ਪਰਬ ਨੂੰ ਦਿੱਤਾ ਗਿਆ ਹੈ। ਸੰਦੀਪਨਰਾਵ ਭੁਮਰੇ ਨੂੰ ਦਾਦਾਜੀ ਭੁਸੇ ਦਾ ਖੇਤੀ ਵਿਭਾਗ ਦਿੱਤਾ ਗਿਆ ਹੈ। ਉੱਥੇ ਹੀ ਉਦੈ ਸਾਮੰਤ ਦਾ ਉੱਚ ਅਤੇ ਤਕਨੀਕੀ ਸਿੱਖਿਆ ਵਿਭਾਗ ਨੂੰ ਆਦਿੱਤਿਆ ਠਾਕਰੇ ਨੂੰ ਫਿਰ ਤੋਂ ਸੌਂਪ ਦਿੱਤਾ ਗਿਆ ਹੈ। ਸ਼ੰਭੂਰਾਜ ਦੇਸਾਈ, ਰਾਜਿੰਦਰ ਯੇਡ੍ਰਾਵਰਕਰ, ਅਬਦੁੱਲ ਸੱਤਾਰ, ਅਤੇ ਬੱਚੂ ਕਡੂ ਦੇ ਵਿਭਾਗ ਵੀ ਦੂਜੇ ਮੰਤਰੀਆਂ ਨੂੰ ਦਿੱਤੇ ਗਏ ਹਨ।
ਗੁਹਾਟੀ ਤੋਂ 40 ਵਿਧਾਇਕਾਂ ਦੀਆਂ ਆਉਣਗੀਆਂ ਲਾਸ਼ਾਂ-ਰਾਊਤ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਇਕ ਪ੍ਰੋਗਰਾਮ ਕਿਹਾ ਕਿ ਗੁਹਾਟੀ ਤੋਂ ਸਿੱਧੀਆਂ 40 ਵਿਧਾਇਕਾਂ ਦੀਆਂ ਲਾਸ਼ਾਂ ਮੁੰਬਈ ਆਉਣਗੀਆਂ, ਜਿਨ੍ਹਾਂ ਨੂੰ ਪੋਸਟਮਾਰਟਮ ਲਈ ਵਿਧਾਨ ਸਭਾ ਭੇਜਾਂਗੇ। ਮਹਾਰਾਸ਼ਟਰ ਨੂੰ ਤਿੰਨ ਟੁਕੜਿਆਂ ’ਚ ਵੰਡਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸ਼ਿਵ ਸੈਨਾ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਾਮਯਾਬੀ ਨਹੀਂ ਮਿਲੇਗੀ।
ਸ਼ਿਵ ਸੈਨਾ ਦੇ ਮੁੱਖ ਪੱਤਰ ’ਚ ਵੀ ਸੰਜੇ ਰਾਊਤ ਨੇ ਲਿਖਿਆ ਕਿ 2019 ’ਚ ਊਧਵ ਠਾਕਰੇ ਨੇ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਭਾਜਪਾ ਨੇ ਢਾਈ ਸਾਲ ਦਾ ਸਮਝੌਤਾ ਤੋੜ ਦਿੱਤਾ, ਜਿਸ ਕਾਰਨ ਸ਼ਿੰਦੇ ਮੁੱਖ ਮੰਤਰੀ ਨਹੀਂ ਬਣ ਸਕੇ। ਰਾਊਤ ਨੇ ਅੱਗੇ ਲਿਖਿਆ- ਹਾਰਸ ਟ੍ਰੇਡਿੰਗ ਦੀ ਗੰਦੀ ਖੇਡ ਖੇਡੀ ਜਾ ਰਹੀ ਹੈ। ਜੇਕਰ ਭਾਜਪਾ ਇਸ ’ਚ ਸ਼ਾਮਲ ਹੁੰਦੀ ਹੈ ਤਾਂ ਮਹਾਰਾਸ਼ਟਰ ਦੇ ਲੋਕ ਮੁਆਫ਼ ਨਹੀਂ ਕਰਨਗੇ।
ਰਾਊਤ ਦੀ ਲਾਸ਼ ਬਾਰੇ ਬਿਆਨ ਸਹੀ ਨਹੀਂ : ਸ਼ਰਦ ਪਵਾਰ
ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮੈਨੂੰ ਊਧਵ ’ਤੇ ਭਰੋਸਾ ਹੈ। ਵਿਧਾਇਕ ਗੁਹਾਟੀ ਤੋਂ ਆਉਂਦੇ ਹਨ ਤਾਂ ਉਹ ਗਠਜੋੜ ਦਾ ਸਮਰਥਨ ਕਰਨਗੇ। ਸੰਜੇ ਰਾਊਤ ਦਾ ਲਾਸ਼ਾਂ ਵਾਲਾ ਬਿਆਨ ਸਹੀ ਨਹੀਂ ਹੈ। 16 ਬਾਗੀ ਵਿਧਾਇਕ ਡਿਪਟੀ ਸਪੀਕਰ ਦੇ ਨੋਟਿਸ iਖ਼ਲਾਫ ਜਾਣਗੇ ਸੁਪਰੀਮ ਕੋਰਟ
ਮਹਾਰਾਸ਼ਟਰ ਦੀ ਲੜਾਈ ਹੁਣ ਸੁਪਰੀਮ ਕੋਰਟ ’ਚ ਜਾਵੇਗੀ। 16 ਬਾਗੀ ਵਿਧਾਇਕ ਡਿਪਟੀ ਸਪੀਕਰ ਦੇ ਨੋਟਿਸ ਖਿਲਾਫ ਸੁਪਰੀਮ ਕੋਰਟ ’ਚ ਅਰਜ਼ੀ ਦਾਇਰ ਕਰਨਗੇ।
ਈਡੀ ਨੇ ਸੰਜੇ ਰਾਊਤ ਨੂੰ ਭੇਜਿਆ ਸੰਮਨ
ਈਡੀ ਨੇ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੂੰ ਸੰਮਨ ਭੇਜਿਆ ਅਤੇ ਪੁੱਛ-ਗਿੱਛ ਲਈ ਕੱਲ ਯਾਨੀ ਕਿ 28 ਜੂਨ ਨੂੰ ਬੁਲਾਇਆ ਹੈ। ਰਾਊਤ ਨੂੰ ਮੁੰਬਈ ਦੀ ਇਕ ‘ਚੌਲ’ ਜ਼ਮੀਨ ਵਿਕਾਸ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਰਾਊਤ ਨੂੰ 28 ਜੂਨ ਨੂੰ ਤਲਬ ਕੀਤਾ ਹੈ।
ਇਹ ਘਟਨਾਕ੍ਰਮ ਅਜਿਹੇ ਸਮੇਂ ’ਤੇ ਹੋਇਆ ਹੈ, ਜਦੋਂ ਸ਼ਿਵ ਸੈਨਾ ਦੇ ਵਿਧਾਇਕਾਂ ਦੀ ਬਗਾਵਤ ਦੀ ਵਜ੍ਹਾ ਨਾਲ ਮਹਾਰਾਸ਼ਟਰ ਦੀ ਮਹਾਵਿਕਾਸ ਅਘਾੜੀ (ਐਮਵੀਏ) ਸਰਕਾਰ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ। ਸ਼ਿਵ ਸੈਨਾ ਅਗਵਾਈ ਵਾਲੀ ਮਹਾਵਿਕਾਸ ਅਘਾੜੀ ਗਠਜੋੜ ’ਚ ਹੋਰ ਪਾਰਟੀਆਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਹਨ। ਈਡੀ ਨੇ ਅਪ੍ਰੈਲ ਮਹੀਨੇ ’ਚ ਰਾਊਤ ਦੀ ਪਤਨੀ ਵਰਸ਼ਾ ਅਤੇ ਸੰਸਦ ਮੈਂਬਰ ਦੇ ਦੋ ਸਹਿਯੋਗੀਆਂ ਦੀ 11.15 ਕਰੋੜ ਰੁਪਏ ਦੀ ਸੰਪਤੀ ਨੂੰ ਅਸਥਾਈ ਤੌਰ ’ਤੇ ਕੁਰਕ ਕਰ ਲਿਆ ਸੀ।
ਸੰਜੇ ਰਾਊਤ ਨੇ ਟਵੀਟ ਕਰਕੇ ਕਿਹਾ ਕਿ ਮੈਂ ਹੁਣ ਸਮਝ ਗਿਆ ਹਾਂ ਕਿ ਈਡੀ ਨੇ ਮੈਨੂੰ ਸੰਮਨ ਕੀਤਾ ਹੈ। ਬਾਲਾ ਸਾਹਿਬ ਦੇ ਅਸੀਂ ਸਾਰੇ ਸ਼ਿਵ ਸੈਨਿਕ ਇਕ ਵੱਡੀ ਲੜਾਈ ਲੜ ਰਹੇ ਹਾਂ, ਇਹ ਸਾਜ਼ਿਸ਼ ਚੱਲ ਰਹੀ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ ਸੰਸਦ ਪ੍ਰਿਅੰਕਾ ਚਤੁਰਵੇਦੀ ਨੇ ਸੰਜੇ ਰਾਊਤ ਨੂੰ ਸੰਮਨ ਭੇਜਣ ਨੂੰ ਲੈ ਕੇ ਈਡੀ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ‘ਚ ਲਿਖਿਆ ਕਿ ਈਡੀ ਵਿਭਾਗ ਭਾਜਪਾ ਤੋਂ ਪਰਮ ਸ਼ਰਧਾ ਦੀ ਸਭ ਤੋਂ ਵੱਡੀ ਮਿਸਾਲ ਪੇਸ਼ ਕਰ ਰਿਹਾ ਹੈ।
Comment here