ਸਿਆਸਤਚਲੰਤ ਮਾਮਲੇਦੁਨੀਆਵਿਸ਼ੇਸ਼ ਲੇਖ

ਮਹਾਰਾਣੀ ਐਲਿਜ਼ਾਬੈੱਥ ਦੀ ਸਿੱਖਾਂ ਨਾਲ ਨੇੜਤਾ ਰਹੀ 

ਬਰਤਾਨੀਆ ‘ਤੇ ਸਭ ਤੋਂ ਲੰਮਾ ਸਮਾਂ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈੱਥ ਦੂਜੀ 8 ਸਤੰਬਰ 2022 ਦਿਨ ਵੀਰਵਾਰ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ। 96 ਸਾਲਾ ਮਹਾਰਾਣੀ ਐਲਿਜ਼ਾਬੈੱਥ ਨੇ ਆਪਣਾ ਸਾਰਾ ਜੀਵਨ ਦੇਸ਼ ਦੀ ਸੇਵਾ ਨੂੰ ਸਮਰਪਿਤ ਕੀਤਾ। ਮਹਾਰਾਣੀ ਐਲਿਜ਼ਾਬੈੱਥ ਦਾ ਜਨਮ 21 ਅਪ੍ਰੈਲ, 1926 ਨੂੰ ਲੰਡਨ ਦੇ ਬਰਕਲੇ ਸਕੁਏਰ ਮੇਅਫੇਅਰ ਵਿਖੇ ਹੋਇਆ। ਉਹ ਜੌਰਜ ਪੰਜਵੇਂ ਦੇ ਦੂਜੇ ਬੇਟੇ ਡਿਊਕ ਆਫ਼ ਯੌਰਕ (ਜੋ ਬਾਅਦ ਵਿਚ 1936 ਵਿਚ ਮਹਾਰਾਜਾ ਬਣਨ ਤੋਂ ਬਾਅਦ ਜੌਰਜ ਛੇਵੇਂ ਦੇ ਨਾਂਅ ਨਾਲ ਜਾਣੇ ਗਏ) ਅਤੇ ਲੇਡੀ ਐਲਿਜ਼ਾਬੈੱਥ ਬੌਵਿਸ ਲਿਓਨ ਦੀ ਪਹਿਲੀ ਸੰਤਾਨ ਸਨ। ਮਹਾਰਾਣੀ ਦਾ ਪੂਰਾ ਨਾਂਅ ਐਲਿਜ਼ਾਬੈੱਥ ਅਲੈਗਜ਼ੈਂਡਰਾ ਮੇਰੀ ਵਿੰਡਸਰ ਸੀ। ਮਹਾਰਾਣੀ ਦੀ ਛੋਟੀ ਭੈਣ ਮਾਰਗਰੇਟ ਰੋਜ਼ ਸੀ ਜਿਸ ਦਾ ਜਨਮ 1930 ਵਿਚ ਹੋਇਆ ਸੀ। ਮਹਾਰਾਣੀ ਨੂੰ ਬਚਪਨ ਤੋਂ ਹੀ ਘੋੜਿਆਂ ਅਤੇ ਪਾਲਤੂ ਕੁੱਤਿਆਂ ਦਾ ਸ਼ੌਕ ਸੀ। ਇਸੇ ਕਰਕੇ ਮਹਾਰਾਣੀ ਐਸਕੌਟ ਵਿਚ ਹੋਣ ਵਾਲੀਆਂ ਘੋੜ ਦੌੜਾਂ ਵਿਚ ਖਾਸ ਰੁਚੀ ਰੱਖਦੀ ਸੀ।
ਸ਼ਾਹੀ ਤਖ਼ਤ ਪਰਿਵਾਰਕ ਪ੍ਰੇਮ
ਮਹਾਰਾਣੀ ਦੇ ਰਾਜ ਸਿੰਘਾਸਨ ਤੱਕ ਜਾਣ ਦੀ ਵੀ ਇਕ ਰੌਚਕ ਕਥਾ ਹੈ। 1936 ਵਿਚ ਜੌਰਜ ਪੰਜਵੇਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਡੇਵਿਡ ਨੇ ਐਡਵਰਡ ਅੱਠਵੇਂ ਵਜੋਂ ਗੱਦੀ ਸੰਭਾਲੀ। ਪਰ ਉਨ੍ਹਾਂ ਦੀ ਪ੍ਰੇਮ ਕਹਾਣੀ ਕਾਰਨ ਐਡਵਰਡ ਅੱਠਵੇਂ ਨੂੰ ਕੁਝ ਮਹੀਨਿਆਂ ਬਾਅਦ ਹੀ ਰਾਜ ਗੱਦੀ ਤੋਂ ਲਾਂਭੇ ਹੋਣਾ ਪਿਆ। ਡੇਵਿਡ ਨੇ ਅਮਰੀਕਾ ਦੀ ਦੋ ਵਾਰ ਤਲਾਕਸ਼ੁਦਾ ਵਾਲਿਸ ਸਿੰਪਸਨ ਨਾਲ ਵਿਆਹ ਕਰਵਾਇਆ ਸੀ, ਜਿਸ ਨੂੰ ਉਸ ਸਮੇਂ ਦੇ ਸੰਵਿਧਾਨ ਅਨੁਸਾਰ ਅਤੇ ਧਾਰਮਿਕ ਰਹੁ-ਰੀਤਾਂ ਕਾਰਨ ਪ੍ਰਵਾਨ ਨਹੀਂ ਸੀ ਕੀਤਾ ਗਿਆ, ਜਿਸ ਕਾਰਨ ਡਿਊਕ ਆਫ਼ ਯੌਰਕ ਨੂੰ ਸੱਤਾ ਸੰਭਾਲੀ ਗਈ ਜੋ ਜੌਰਜ ਛੇਵੇਂ ਦੇ ਨਾਂਅ ਨਾਲ ਜਾਣੇ ਜਾਂਦੇ ਹਨ, ਜਿਨ੍ਹਾਂ ਦੀ ਮਹਾਰਾਣੀ ਐਲਿਜ਼ਾਬੈੱਥ ਪਹਿਲੀ ਸੰਤਾਨ ਸੀ। ਪਿਤਾ ਦੇ ਰਾਜ ਸੱਤਾ ਸੰਭਾਲਦਿਆਂ ਹੀ ਐਲਿਜ਼ਾਬੈੱਥ ਬਚਪਨ ਸਮੇਂ ਤੋਂ ਹੀ ਆਪਣੇ ਪਿਤਾ ਨਾਲ ਸ਼ਾਹੀ ਸਰਗਰਮੀਆਂ ਦਾ ਹਿੱਸਾ ਬਣਨ ਲੱਗੀ।
ਮਹਾਰਾਣੀ ਐਲਿਜ਼ਾਬੈੱਥ ਜ਼ਿਆਦਾ ਪੜ੍ਹੀ-ਲਿਖੀ ਨਹੀਂ ਸੀ, ਪਰ ਇਸ ਦੇ ਬਾਵਜੂਦ ਉਹ ਕਈ ਭਾਸ਼ਾਵਾਂ ਦਾ ਗਿਆਨ ਰੱਖਦੀ ਸੀ। ਉਨ੍ਹਾਂ ਸੰਵਿਧਾਨ ਦੇ ਇਤਿਹਾਸ ਦਾ ਵਿਸਥਾਰ ਵਿਚ ਅਧਿਐਨ ਕੀਤਾ। ਵਿੰਸਟਨ ਚਰਚਿਲ ਨੇ ਵੀ ਇਕ ਵਾਰ ਮਹਾਰਾਣੀ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਵਿਚ ਰਾਜ ਕਰਨ ਦੀ ਸਮਰੱਥਾ ਹੈ।
ਦੂਸਰੇ ਵਿਸ਼ਵ ਯੁੱਧ ਦੌਰਾਨ ਰਾਜਕੁਮਾਰੀ ਨੇ ਡਰਾਈਵਰੀ ਸਿੱਖੀ ਅਤੇ ਮੋਟਰ ਮਕੈਨਿਕ ਦੇ ਤੌਰ ‘ਤੇ ਸੇਵਾਵਾਂ ਦਿੱਤੀਆਂ। ਭਾਵੇਂ ਕਿ ਵਿਸ਼ਵ ਯੁੱਧ ਦੌਰਾਨ ਜਦੋਂ ਲੰਡਨ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਵਿੰਡਸਰ ਕਾਸਲ ਵਿਖੇ ਵਿਸ਼ੇਸ਼ ਸੁਰੱਖਿਅਤ ਥਾਂ ‘ਤੇ ਵੀ ਰੱਖਿਆ ਗਿਆ ਸੀ। ਦੂਜੇ ਵਿਸ਼ਵ ਯੁੱਧ ਵਿਚ ਮਹਾਰਾਣੀ ਐਲਿਜ਼ਾਬੈੱਥ ਅਤੇ ਉਨ੍ਹਾਂ ਦੀ ਛੋਟੀ ਭੈਣ ਮਾਰਗਰੇਟ ਨੇ ਰੇਡੀਓ ਪ੍ਰਸਾਰਨ ਵੀ ਕੀਤਾ ਸੀ। 20 ਨਵੰਬਰ, 1947 ਵਿਚ ਮਹਾਰਾਣੀ ਐਲਿਜ਼ਾਬੈੱਥ ਦਾ ਵਿਆਹ ਉਸ ਸਮੇਂ ਦੇ ਫ਼ੌਜੀ ਅਧਿਕਾਰੀ ਫਿਲਿਪ ਨਾਲ ਹੋਇਆ। ਉਹ ਦੋਵੇਂ 1944 ਵਿਚ ਇਕ ਦੂਜੇ ਦੇ ਕਰੀਬ ਆਏ। ਉਸ ਸਮੇਂ ਮਹਾਰਾਣੀ ਦੀ ਉਮਰ ਮਹਿਜ਼ 18 ਸਾਲ ਸੀ। 1948 ਵਿਚ ਉਨ੍ਹਾਂ ਦੇ ਘਰ ਪ੍ਰਿੰਸ ਚਾਰਲਸ ਅਤੇ 1950 ਵਿਚ ਧੀ ਐਨੀ ਪੈਦਾ ਹੋਏ। ਦੋ ਬੇਟੇ ਮਹਾਰਾਣੀ ਦੀ ਤਾਜਪੋਸ਼ੀ ਤੋਂ ਬਾਅਦ ਪ੍ਰਿੰਸ ਐਂਡਰਿਊ ਅਤੇ ਪ੍ਰਿੰਸ ਐਡਵਰਡ ਪੈਦਾ ਹੋਏ। ਮਹਾਰਾਣੀ ਜਨਵਰੀ 1952 ਵਿਚ ਆਪਣੇ ਪਤੀ ਨਾਲ ਵਿਦੇਸ਼ ਯਾਤਰਾ ‘ਤੇ ਸੀ ਜਦੋਂ ਉਨ੍ਹਾਂ ਦੇ ਪਿਤਾ ਜੌਰਜ 6ਵੇਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਹ ਬਰਤਾਨੀਆ ਦੀ ਮਹਾਰਾਣੀ ਬਣੀ ਅਤੇ ਉਨ੍ਹਾਂ ਦੀ ਤਾਜਪੋਸ਼ੀ 1953 ਨੂੰ ਲੰਡਨ ਦੀ ਵੈਸਟਮਿੰਸਟਰ ਐਬੇ ਵਿਖੇ ਹੋਈ, ਜਿਸ ਵਿਚ 200 ਦੇ ਕਰੀਬ ਮਹਿਮਾਨ ਸ਼ਾਮਿਲ ਹੋਏ ਸਨ। ਉਸ ਸਮੇਂ ਪਹਿਲੀ ਵਾਰ ਤਾਜਪੋਸ਼ੀ ਸਮਾਗਮ ਦਾ ਟੀ. ਵੀ. ‘ਤੇ ਸਿੱਧਾ ਪ੍ਰਸਾਰਨ ਕੀਤਾ ਗਿਆ ਸੀ।
ਮਹਾਰਾਣੀ ਨੇ ਆਪਣੇ ਰਾਜਕਾਲ ਦੌਰਾਨ ਕਈ ਤਰ੍ਹਾਂ ਦੇ ਸਿਆਸੀ ਸੰਕਟਾਂ ਦਾ ਸਾਹਮਣਾ ਕੀਤਾ ਹੈ। ਜ਼ਿਆਦਾਤਰ ਇਹ ਸੰਕਟ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਮੌਕੇ ਹੀ ਆਏ। ਮਿਸਰ ਵਲੋਂ ਸੁਏਜ਼ ਨਹਿਰ ਦੇ ਰਾਸ਼ਟਰੀਕਰਨ ਦੇ ਵਿਰੋਧ ਵਿਚ ਬਰਤਾਨਵੀ ਫ਼ੌਜ ਭੇਜਣ ਅਤੇ ਵਾਪਸ ਸੱਦਣ ਕਰਕੇ ਜਦੋਂ ਪ੍ਰਧਾਨ ਮੰਤਰੀ ਐਂਥਨੀ ਈਡਨ ਨੇ ਅਸਤੀਫ਼ਾ ਦਿੱਤਾ ਤਾਂ ਮਹਾਰਾਣੀ ਨੂੰ ਸਿਆਸੀ ਸੰਕਟ ਦਾ ਸਾਹਮਣਾ ਕਰਨਾ ਪਿਆ। ਉਸ ਸਮੇਂ ਟੋਰੀ ਪਾਰਟੀ ਕੋਲ ਨੇਤਾ ਚੁਣਨ ਦੀ ਕੋਈ ਵਿਧੀ ਨਹੀਂ ਸੀ ਅਤੇ ਮਹਾਰਾਣੀ ਨੇ ਅਜਿਹੇ ਹਾਲਾਤ ਵਿਚ ਹੈਰਲਡ ਮੈਕਮਿਲਨ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਲਾਰਡ ਅਲਟ੍ਰਿੰਚਮ ਦੇ ਨਿੱਜੀ ਹਮਲਿਆਂ ਤੋਂ ਬਾਅਦ ਮਹਾਰਾਣੀ ‘ਤੇ ਕਈ ਤਰ੍ਹਾਂ ਦੇ ਸਵਾਲ ਹੋਣ ਲੱਗੇ। ਇਸ ਤੋਂ ਬਾਅਦ ਲੋਕਾਂ ਦੇ ਰਾਜਾਸ਼ਾਹੀ ਪ੍ਰਤੀ ਬਦਲਦੇ ਰਵਈਏ ਕਾਰਨ ਕਈ ਤਬਦੀਲੀਆਂ ਕੀਤੀਆਂ ਗਈਆਂ। 1963 ਵਿਚ ਹੈਰਲਡ ਦੇ ਅਸਤੀਫ਼ੇ ਤੋਂ ਬਾਅਦ ਮਹਾਰਾਣੀ ਨੇ ਅਰਲ ਆਫ਼ ਹੋਮ ਨੂੰ ਉਨ੍ਹਾਂ ਦੀ ਥਾਂ ਨਿਯੁਕਤ ਕੀਤਾ। ਇਸ ਮੌਕੇ ਆਪਣੇ ਅਹੁਦੇ ਨੂੰ ਸੰਵਿਧਾਨਕ ਮਾਨਤਾ ਦਿਵਾਉਂਦਿਆਂ, ਰਾਜਸ਼ਾਹੀ ਨੂੰ ਸਰਕਾਰ ਤੋਂ ਵੱਖ ਰੱਖਿਆ ਗਿਆ। ਖ਼ਾਸ ਤੌਰ ‘ਤੇ ਸੂਚਿਤ ਕਰਨ, ਸਲਾਹ ਦੇਣ ਅਤੇ ਚਿਤਾਵਨੀ ਦੇਣ ਵਾਲੇ ਅਧਿਕਾਰਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਗਿਆ।
ਮਹਾਰਾਣੀ ਐਲਿਜ਼ਾਬੈੱਥ ਦੇ ਜੀਵਨ ਦੀ ਸਭ ਤੋਂ ਵੱਡੀ ਸੰਕਟ ਦੀ ਘੜੀ 1991-92 ਵਿਚ ਉਸ ਸਮੇਂ ਆਈ ਜਦੋਂ ਉਨ੍ਹਾਂ ਦਾ ਬੇਟਾ ਡਿਊਕ ਆਫ਼ ਯੌਰਕ ਅਤੇ ਉਸ ਦੀ ਪਤਨੀ ਸਾਰਾ ਵੱਖ ਹੋਏ। ਦੂਜੇ ਪਾਸੇ ਧੀ ਰਾਜਕੁਮਾਰੀ ਐਨੀ ਦਾ ਮਾਰਕ ਫਿਪਿਸ ਨਾਲ ਤਲਾਕ ਹੋ ਗਿਆ। ਕੁਝ ਸਮੇਂ ਬਾਅਦ ਪ੍ਰਿੰਸ ਆਫ਼ ਵੇਲਜ਼ (ਮੌਜੂਦਾ ਮਹਾਰਾਜਾ) ਚਾਰਲਸ ਅਤੇ ਰਾਜਕੁਮਾਰੀ ਡਾਇਨਾ ਦਾ ਵਿਵਾਦ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਦੀ ਨੌਬਤ ਤਲਾਕ ਤੱਕ ਪਹੁੰਚ ਗਈ। ਮਹਾਰਾਣੀ ਦੇ ਕਰੀਬੀ ਦੱਸਦੇ ਹਨ ਕਿ ਅਜਿਹੇ ਹਾਲਾਤ ਵਿਚ ਮਹਾਰਾਣੀ ਬੁਰੀ ਤਰ੍ਹਾਂ ਟੁੱਟ ਗਈ ਸੀ। ਵਿੰਡਸਰ ਕਾਸਲ ਨੂੰ ਲੱਗੀ ਅੱਗ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਬਕਿੰਘਮ ਪੈਲੇਸ ਲੋਕਾਂ ਲਈ ਖੋਲ੍ਹਿਆ ਗਿਆ। ਇਸ ਤੋਂ ਹੋਈ ਆਮਦਨ ਨਾਲ ਵਿੰਡਸਰ ਕਾਸਲ ਦੀ ਮੁਰੰਮਤ ਹੋਈ ਅਤੇ ਮਹਾਰਾਣੀ ਅਤੇ ਪ੍ਰਿੰਸ ਆਫ਼ ਵੇਲਜ਼ ਦੇ ਆਮਦਨ ਟੈਕਸ ਦੇਣ ਦੀ ਸ਼ੁਰੂਆਤ ਹੋਈ। ਅਗਸਤ 1997 ਵਿਚ ਰਾਜਕੁਮਾਰੀ ਡਾਇਨਾ ਦੀ ਸੜਕ ਹਾਦਸੇ ਵਿਚ ਹੋਈ ਮੌਤ ਤੋਂ ਬਾਅਦ ਮਹਾਰਾਣੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਥੇ ਹੀ ਬੱਸ ਨਹੀਂ, ਮਹਾਰਾਣੀ ਦੇ ਬੇਟੇ ਐਂਡਰਿਊ ਦੇ ਸਰੀਰਕ ਸ਼ੋਸ਼ਣ ਵਾਲੇ ਵਿਵਾਦ ਨੇ ਵੀ ਮਹਾਰਾਣੀ ਨੂੰ ਸਵਾਲਾਂ ਦੇ ਘੇਰੇੇ ਵਿਚ ਖੜ੍ਹਾ ਕੀਤਾ, ਪਰ ਉਨ੍ਹਾਂ ਸਖ਼ਤੀ ਦਾ ਰੁੱਖ ਅਪਣਾਉਂਦਿਆਂ ਪ੍ਰਿੰਸ ਐਂਡਰਿਊ ਨੂੰ ਸ਼ਾਹੀ ਸਰਗਰਮੀਆਂ ਤੋਂ ਲਾਂਭੇ ਕਰ ਦਿੱਤਾ। ਪ੍ਰਿੰਸ ਹੈਰੀ ਅਤੇ ਮੇਗਨ ਦੇ ਵਿਆਹ ਤੋਂ ਬਾਅਦ ਉੱਠੇ ਵਿਵਾਦ ਨੂੰ ਠੱਲ੍ਹਣ ਲਈ ਮਹਾਰਾਣੀ ਆਪਣੇ ਪੋਤੇ ਨੂੰ ਘਰ ਵਾਪਸੀ ਲਈ ਮਨਾਉਣ ਦੇ ਯਤਨ ਕਰਦੀ ਰਹੀ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਮਹਾਰਾਣੀ ਦੀ ਤਾਜਪੋਸ਼ੀ ਦੀ ਸਿਲਵਰ ਜੁਲਬਲੀ, ਗੋਲਡਨ ਜੁਬਲੀ ਅਤੇ ਪਲੈਟੀਨਮ ਜੁਬਲੀ ਦੇਸ਼ ਭਰ ਵਿਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਮਨਾਈ। ਮਹਾਰਾਣੀ ਵਿਕਟੋਰੀਆ ਦੇ ਰਾਜਕਾਲ ਨੂੰ ਪਿੱਛੇ ਛੱਡਦਿਆਂ, ਉਹ 9 ਸਤੰਬਰ, 2015 ਨੂੰ ਬਰਤਾਨਵੀ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਸਮਾਂ ਰਾਜ ਕਰਨ ਵਾਲੀ ਸ਼ਾਸ਼ਕ ਬਣੀ।
ਮਹਾਰਾਣੀ ਐਲਿਜ਼ਾਬੈੱਥ ਨੇ ਆਪਣੇ ਰਾਜਕਾਲ ਦੌਰਾਨ ਬਰਤਾਨੀਆਂ ਦੇ 15 ਪ੍ਰਧਾਨ ਮੰਤਰੀਆਂ ਵਿਚੋਂ 14 ਪ੍ਰਧਾਨ ਮੰਤਰੀਆਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਖੁਦ ਦਿੱਤੀ ਹੈ, ਜਿਸ ਸਮੇਂ ਮਹਾਰਾਣੀ ਨੇ ਰਾਜ ਪ੍ਰਬੰਧ ਸੰਭਾਲਿਆ ਸੀ, ਉਸ ਸਮੇਂ ਵਿੰਸਟਨ ਚਰਚਿਲ ਪ੍ਰਧਾਨ ਮੰਤਰੀ ਸਨ ਅਤੇ ਦੇਹਾਂਤ ਤੋਂ ਕੁਝ ਦਿਨ ਪਹਿਲਾਂ ਮਹਾਰਾਣੀ ਨੇ ਮੌਜੂਦਾ ਪ੍ਰਧਾਨ ਮੰਤਰੀ ਲਿਜ਼ ਟਰੱਸ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਹੈ। ਮਹਾਰਾਣੀ ਐਲਿਜ਼ਾਬੈੱਥ ਦੇ ਅਧਿਕਾਰਾਂ ਦੀ ਗੱਲ ਕਰੀਏ ਤਾਂ ਮਹਾਰਾਣੀ ਕੋਲ ਕੋਈ ਪਾਸਪੋਰਟ ਨਹੀਂ ਸੀ, ਪਰ ਉਹ ਦੁਨੀਆ ਦੀ ਇਕੱਲੀ ਔਰਤ ਸੀ ਜਿਸ ਨੂੰ ਵਿਦੇਸ਼ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਸੀ ਹੁੰਦੀ। ਮਹਾਰਾਣੀ ਨੂੰ ਵਾਹਨ ਚਲਾਉਣ ਦਾ ਵੀ ਸ਼ੌਕ ਸੀ, ਪਰ ਉਨ੍ਹਾਂ ਕੋਲ ਡਰਾਈਵਿੰਗ ਲਾਇਸੰਸ ਨਹੀਂ ਸੀ। ਮਹਾਰਾਣੀ ਦੀ ਕੁੱਲ ਆਮਦਨ 365 ਮਿਲੀਅਨ ਪੌਂਡ ਭਾਵ 33.36 ਅਰਬ ਰੁਪਏ ਤੋਂ ਵੱਧ ਦੀ ਦੱਸੀ ਜਾਂਦੀ ਹੈ।
ਮਹਾਰਾਣੀ ਦੇ ਤਾਜ ਅਤੇ ਕੋਹੇਨੂਰ ਹੀਰੇ ਨੂੰ ਲੈ ਕੇ ਅਕਸਰ ਕਈ ਤਰ੍ਹਾਂ ਦੇ ਭੁਲੇਖੇ ਪਾਏ ਜਾਂਦੇ ਹਨ। ਦੱਸਣਯੋਗ ਹੈ ਕਿ ਖ਼ਾਲਸਾ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਤੋਂ ਧੋਖੇ ਨਾਲ ਖੋਹਿਆ ਕੋਹੇਨੂਰ ਹੀਰਾ ਮਹਾਰਾਣੀ ਐਲਿਜ਼ਾਬੈੱਥ ਦੀ ਮਾਂ ਮੇਰੀ ਦੇ ਤਾਜ ਵਿਚ ਜੜ੍ਹਿਆ ਹੋਇਆ ਹੈ, ਜੋ ਅਧਿਕਾਰਤ ਤੌਰ ‘ਤੇ ਹੁਣ ਮਹਾਰਾਜਾ ਚਾਰਲਸ ਤੀਜੇ ਦੀ ਪਤਨੀ ਮਹਾਰਾਣੀ ਕੈਮਿਲਾ ਦੇ ਅਧਿਕਾਰ ਹੇਠ ਹੋਵੇਗਾ। ਇਹ ਤਾਜ ਇਸ ਸਮੇਂ ਟਾਵਰ ਆਫ ਲੰਡਨ ਵਿੱਚ ਸੁਸ਼ੋਭਿਤ ਹੈ, ਉਕਤ ਤਾਜ ਵਿੱਚ 2800 ਹੋਰ ਕੀਮਤੀ ਪੱਥਰ ਜੜੇ ਹੋਏ ਹਨ। 105 ਕੈਰਿਟ ਦਾ ਇਹ ਹੀਰਾ ਤਾਜ ਦੇ ਬਿਲਕੁਲ ਵਿਚਕਾਰ ਅੰਡੇ ਦੇ ਅਕਾਰ ਦਾ ਹੈ। ਕੋਹੇਨੂਰ ਨੂੰ ਪ੍ਰਿੰਸ ਐਲਬਰਟ ਅਤੇ ਉਨ੍ਹਾਂ ਦੀ ਪਤਨੀ ਦੇ ਆਦੇਸ਼ਾਂ ਤੇ ਦੁਬਾਰਾ ਕੱਟਿਆ ਗਿਆ ਸੀ ਜੋ 1937 ਵਿਚ ਮਹਾਰਾਣੀ ਮੈਰੀ ਦੇ ਤਾਜ ਵਿਚ ਜੜਿਆ ਗਿਆ। ਮਹਾਰਾਣੀ ਮੈਰੀ ਨੇ ਉਕਤ ਤਾਜ ਨੂੰ 1953 ਵਿਚ ਮਹਾਰਾਣੀ ਐਲਿਜ਼ਾਬੈੱਥ ਦੀ ਤਾਜਪੋਸ਼ੀ ਮੌਕੇ ਕੁਝ ਸਮੇਂ ਲਈ ਪਹਿਨਿਆ ਸੀ।
ਮਹਾਰਾਣੀ ਐਲਿਜ਼ਾਬੈੱਥ ਨੇ ਆਪਣੀ ਜ਼ਿੰਦਗੀ ਵਿਚ ਤਿੰਨ ਵਾਰ 1961, 1983 ਅਤੇ 1997 ਵਿਚ ਭਾਰਤ ਦਾ ਦੌਰਾ ਕੀਤਾ। 1961 ਵਿਚ ਉਨ੍ਹਾਂ ਭਾਰਤ ਦੇ ਗਣਤੰਤਰ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਰਾਜਘਾਟ, ਕਲਕੱਤਾ, ਬੰਬੇ, ਮਦਰਾਸ ਅਤੇ ਤਾਜ ਮਹਿਲ ਵੇਖਣ ਲਈ ਆਗਰਾ ਦੀ ਯਾਤਰਾ ਕੀਤੀ। 1983 ਵਿਚ 7ਵੀਆਂ ਰਾਸ਼ਟਰਮੰਡਲ ਦੇਸ਼ਾਂ ਦੇ ਮੁਖੀਆਂ ਦੀ ਇਕੱਤਰਤਾ ਵਿਚ ਮਹਾਰਾਣੀ ਆਪਣੇ ਪਤੀ ਫਿਲਪ ਨਾਲ ਭਾਰਤ ਦੇ 9 ਦਿਨਾਂ ਸਰਕਾਰੀ ਦੌਰੇ ‘ਤੇ ਆਈ, ਜਿਸ ਮੌਕੇ ਉਨ੍ਹਾਂ ਮਦਰ ਟਰੇਸਾ ਨੂੰ ਵਿਸ਼ੇਸ਼ ਖਿਤਾਬ ਨਾਲ ਸਨਮਾਨਿਤ ਕੀਤਾ। ਇਸ ਤੋਂ ਬਾਅਦ ਭਾਰਤ ਦੇ 50ਵੇਂ ਆਜ਼ਾਦੀ ਦਿਵਸ ਮੌਕੇ 1997 ਵਿਚ ਭਾਰਤ ਦਾ ਦੌਰਾ ਕਰਦਿਆਂ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਅਤੇ ਇਸ ਮੌਕੇ ਉਨ੍ਹਾਂ ਜਲ੍ਹਿਆਂਵਾਲਾ ਬਾਗ਼ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪਰ ਅਜੇ ਤੱਕ ਬਰਤਾਨੀਆ ਨੇ ਇਸ ਗੋਲੀ ਕਾਂਡ ਦੀ ਜਨਤਕ ਤੌਰ ‘ਤੇ ਜ਼ਿੰਮੇਵਾਰੀ ਲੈਂਦਿਆਂ ਮੁਆਫ਼ੀ ਨਹੀਂ ਮੰਗੀ।
ਇੰਗਲੈਂਡ ਵਿਚ ਵੀ ਮਹਾਰਾਣੀ ਦੀ ਸਿੱਖਾਂ ਨਾਲ ਕਾਫ਼ੀ ਨੇੜਤਾ ਰਹੀ ਹੈ। ਮਹਾਰਾਣੀ ਐਲਿਜ਼ਾਬੈੱਥ 2002 ਵਿਚ ਪਹਿਲੀ ਵਾਰ ਲੈਸਟਰ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਪਹਿਲੀ ਬਰਤਾਨਵੀ ਸ਼ਾਸਕ ਸੀ। ਇਸ ਤੋਂ ਬਾਅਦ ਉਹ 2004 ਵਿਚ ਗੁਰਦੁਆਰਾ ਸਿੰਘ ਸਭਾ ਹੰਸਲੋ ਵਿਖੇ ਨਤਮਸਤਕਕ ਹੋਣ ਲਈ ਗਈ। 6 ਜੂਨ, 2002 ਨੂੰ ਮਹਾਰਾਣੀ ਪਹਿਲੀ ਵਾਰ ਆਰਚਵੇਅ ਦੇ ਹਾਈਗੇਟਹਿੱਲ ਮੁਰੂਗਨ ਮੰਦਰ ਦੇ ਦਰਸ਼ਨ ਕਰਨ ਪਹੁੰਚ ਸੀ। ਇਕ ਭੰਗੜਾ ਟੀਮ ਨਾਲ ਮਹਾਰਾਣੀ ਨੇ ਕੁਝ ਸਮਾਂ ਗੱਲਬਾਤ ਕੀਤੀ ਸੀ। ਮਹਾਰਾਣੀ ਦਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਪ੍ਰਤੀ ਸਨੇਹ ਹਮੇਸ਼ਾ ਅਪਣੱਤ ਭਰਿਆ ਰਿਹਾ। ਲੰਡਨ ਦੇ ਇਲਾਕੇ ਹੇਜ਼ ਦੇ ਇਕ ਦੌਰੇ ਦੌਰਾਨ ਮਹਾਰਾਣੀ ਨੇ ਪੰਜਾਬੀਆਂ ਦੇ ਭੰਗੜੇ ਵਿਚ ਖ਼ਾਸ ਰੁਚੀ ਵਿਖਾਈ ਸੀ। ਮਹਾਰਾਣੀ ਵਲੋਂ ਅਣਗਿਣਤ ਸਿੱਖ ਸ਼ਖ਼ਸੀਅਤਾਂ ਨੂੰ ਸਮੇਂ-ਸਮੇਂ ਸ਼ਾਹੀ ਖਿਤਾਬਾਂ ਨਾਲ ਨਿਵਾਜਿਆ ਗਿਆ ਹੈ, ਜਿਨ੍ਹਾਂ ਵਿਚ ਸਿੱਖ ਭਾਈਚਾਰੇ ਲਈ ਸੇਵਾਵਾਂ ਦੇਣ ਵਾਲੇ ਸ: ਸੁਰਿੰਦਰ ਸਿੰਘ ਪੁਰੇਵਾਲ, ਪੰਜਾਬੀ ਗਾਇਕ ਮਲਕੀਤ ਸਿੰਘ ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੂੰ ਮਹਾਰਾਣੀ ਨੇ ਖ਼ੁਦ ਸ਼ਾਹੀ ਖ਼ਿਤਾਬਾਂ ਨਾਲ ਸਨਾਮਾਨਿਤ ਕੀਤਾ ਸੀ। ਹਰ ਸਮੇਂ ਮੁਸਕਰਾਉਣ ਵਾਲੀ ਮਹਾਰਾਣੀ ਐਲਿਜ਼ਾਬੈੱਥ ਆਖ਼ਰ 96 ਸਾਲ ਤੋਂ ਵੱਧ ਦੀ ਉਮਰ ਭੋਗ ਕੇ ਬਰਤਾਨੀਆ ‘ਤੇ 70 ਸਾਲ 214 ਦਿਨ ਰਾਜ ਕਰਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ।
ਮਹਾਰਾਣੀ ਦੀ ਮੌਤ ਤੋਂ ਬਾਅਦ ਪ੍ਰਿੰਸ ਚਾਰਲਸ ਮਹਾਰਾਜਾ ਬਣ ਗਏ ਹਨ। ਭਾਵੇਂ ਉਨ੍ਹਾਂ ਦੀ ਅਜੇ ਤਾਜਪੋਸ਼ੀ ਨਹੀਂ ਹੋਈ ਪਰ ਉਨ੍ਹਾਂ ਰਾਸ਼ਟਰ ਦੇ ਨਾਂਅ ਆਪਣੇ ਪਹਿਲੇ ਸੰਦੇਸ਼ ਵਿਚ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਖ਼ੁਦ ਨੂੰ ਦੇਸ਼ ਲਈ ਸਮਰਪਿਤ ਕਰਨ ਦਾ ਵਾਅਦਾ ਕੀਤਾ ਹੈ। ਉਹ ਹੁਣ ਮਹਾਰਾਜਾ ਚਾਰਲਸ ਤੀਜੇ ਦੇ ਨਾਂਅ ਨਾਲ ਜਾਣੇ ਜਾਇਆ ਕਰਨਗੇ।
-ਮਨਪ੍ਰੀਤ ਸਿੰਘ ਬੱਧਨੀ ਕਲਾਂ

Comment here