ਸਿਆਸਤਸਿਹਤ-ਖਬਰਾਂਖਬਰਾਂ

ਮਹਾਂਮਾਰੀ : ਪਿਛਲੇ 21 ਮਹੀਨਿਆਂ ’ਚ 1.47 ਲੱਖ ਬੱਚੇ ਹੋਏ ਅਨਾਥ

ਨਵੀਂ ਦਿੱਲੀ-ਸੁਪਰੀਮ ਕੋਰਟ ਨੂੰ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ) ਨੇ ਜਾਣਕਾਰੀ ਦਿੱਤੀ ਹੈ ਕਿ ਇਕ ਅਪ੍ਰੈਲ 2020 ਤੋਂ 11 ਜਨਵਰੀ 2022 ਤਕ 1,47,492 ਬੱਚਿਆਂ ਨੇ ਕੋਰੋਨਾ ਜਾਂ ਹੋਰ ਕਾਰਨਾਂ ਕਰ ਕੇ ਆਪਣੇ ਮਾਤਾ ਜਾਂ ਪਿਤਾ ਜਾਂ ਦੋਵਾਂ ਨੂੰ ਗੁਆ ਦਿੱਤਾ ਹੈ। ਕੋਰੋਨਾ ਮਹਾਮਾਰੀ ਦੌਰਾਨ ਮਾਤਾ-ਪਿਤਾ ਨੂੰ ਗੁਆਉਣ ਕਾਰਨ ਬੱਚਿਆਂ ਨੂੰ ਦੇਖਭਾਲ ਤੇ ਸਾਂਭ-ਸੰਭਾਲ ਦੀ ਲੋੜ ਸਬੰਧੀ ਮਾਮਲੇ ਦਾ ਨੋਟਿਸ ਲੈਂਦਿਆਂ ਐੱਨਸੀਪੀਸੀਆਰ ਨੇ ਵਕੀਲ ਸਵਰੂਪਮਾ ਚਤੁਰਵੇਦੀ ਜ਼ਰੀਏ ਦਾਖ਼ਲ ਹਲਫ਼ਨਾਮੇ ’ਚ ਦੱਸਿਆ ਕਿ ਇਹ ਅੰਕੜੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਵੱਲੋਂ ਉਸ ਦੇ ‘ਬਾਲ ਸਵਰਾਜ ਪੋਰਟਰ-ਕੋਵਿਡ ਕੇਅਰ’ ’ਤੇ ਅਪਲੋਡ ਅੰਕੜਿਆਂ ’ਤੇ ਆਧਾਰਤ ਹੈ। ਕਮਿਸ਼ਨ ਮੁਤਾਬਕ, ਇਨ੍ਹਾਂ ’ਚ 10,094 ਬੱਚੇ ਪੂਰੀ ਤਰ੍ਹਾਂ ਅਨਾਥ ਹੋ ਗਏ ਹਨ, 1,36,492 ਬੱਚਿਆਂ ਨੇ ਮਾਤਾ ਜਾਂ ਪਿਤਾ ਗੁਆ ਦਿੱਤੇ ਹਨ ਅਤੇ 488 ਬੱਚਿਆਂ ਨੂੰ ਲਾਵਾਰਿਸ ਛੱਡ ਦਿੱਤਾ ਗਿਆ ਹੈ।
ਲਿੰਗੀ ਆਧਾਰ ’ਤੇ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਵਿਚ 76,508 ਮੁੰਡੇ, 70,980 ਕੁੜੀਆਂ ਤੇ ਚਾਰ ਟਰਾਂਸਜੈਂਡਰ ਹਨ। ਇਨ੍ਹਾਂ ’ਚ 59,010 ਬੱਚੇ 8-13 ਸਾਲ, 22,763 ਬੱਚੇ 14-15 ਸਾਲ, 22,626 ਬੱਚੇ 16-18 ਸਾਲ ਤੇ 26,080 ਬੱਚੇ ਚਾਰ-ਸੱਤ ਸਾਲ ਉਮਰ ਵਰਗ ਦੇ ਹਨ। ਕਮਿਸ਼ਨ ਨੇ ਦੱਸਿਆ ਕਿ 1,25,205 ਬੱਚੇ ਆਪਣੇ ਮਾਤਾ ਜਾਂ ਪਿਤਾ ਨਾਲ, 11,272 ਬੱਚੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ, 8,450 ਬੱਚੇ ਰਿਸ਼ਤੇਦਾਰਾਂ ਨਾਲ, 1,529 ਬੱਚੇ ਬਾਲਘਰਾਂ, 19 ਖੁੱਲ੍ਹੇ ਆਸ਼ਰਮਾਂ, ਦੋ ਨਿਗਰਾਨੀ ਘਰਾਂ, 188 ਅਨਾਥ ਆਸ਼ਰਮਾਂ, 66 ਵਿਸ਼ੇਸ਼ ਗੋਦ ਲੈਣ ਵਾਲੀਆਂ ਏਜੰਸੀਆਂ ਤੇ 39 ਹੋਸਟਲਾਂ ’ਚ ਰਹਿ ਰਹੇ ਹਨ।
ਇਨ੍ਹਾਂ ਬੱਚਿਆਂ ਦਾ ਸੂਬੇਵਾਰ ਵੇਰਵਾ ਦਿੰਦਿਆਂ ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ’ਚ ਸਭ ਤੋਂ ਜ਼ਿਆਦਾ 24,405 ਬੱਚੇ ਓਡੀਸ਼ਾ, 19,623 ਮਹਾਰਾਸ਼ਟਰ, 14,770 ਗੁਜਰਾਤ, 11,014 ਤਾਮਿਲਨਾਡੂ, 9,247 ਉੱਤਰ ਪ੍ਰਦੇਸ਼, 8,760 ਆਂਧਰਾ ਪ੍ਰਦੇਸ਼, 7,340 ਮੱਧ ਪ੍ਰਦੇਸ਼, 6,835 ਬੰਗਾਲ, 6,629 ਦਿੱਲੀ ਤੇ 6,829 ਬੱਚੇ ਰਾਜਸਥਾਨ ਦੇ ਹਨ। ਐੱਨਸੀਪੀਸੀਆਰ ਨੇ ਇਹ ਵੀ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਲਈ ਕਦਮ ਚੁੱਕ ਰਿਹਾ ਹੈ ਕਿ ਮਹਾਮਾਰੀ ਦੌਰਾਨ ਬੱਚੇ ਬਿਲਕੁਲ ਵੀ ਪ੍ਰਭਾਵਿਤ ਨਾ ਹੋਣ ਜਾਂ ਘੱਟੋ-ਘੱਟ ਪ੍ਰਭਾਵਿਤ ਹੋਣ।

Comment here