ਮੁੰਬਈ-ਮਹਾਂਮਾਰੀ ਦੀ ਪਾਬੰਦੀਆਂ ਦੇ ਬਾਵਜੂਦ ਵਿਦੇਸ਼ ’ਚ ਨੌਕਰੀ ਦੀ ਭਾਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ’ਚ ਲਗਾਤਾਰ ਇਜ਼ਾਫਾ ਹੋਇਆ ਹੈ। ਰਿਪੋਰਟ ਮੁਤਾਬਕ ਭਾਰਤੀ ਜਿਨ੍ਹਾਂ ਦੇਸ਼ਾਂ ’ਚ ਨੌਕਰੀ ਕਰਨਾ ਚਾਹੁੰਦੇ ਹਨ, ਉਸ ਸੂਚੀ ਵਿਚ ਅਮਰੀਕਾ ਅਤੇ ਉਸ ਤੋਂ ਬਾਅਦ ਕੈਨੇਡਾ, ਪੱਛਮੀ ਏਸ਼ੀਆ ਅਤੇ ਬ੍ਰਿਟੇਨ ਆਉਂਦੇ ਹਨ। ਰੁਜ਼ਗਾਰ ਦੀ ਭਾਲ ਲਈ ਮੰਚ ਉਪਲੱਬਧ ਕਰਵਾਉਣ ਵਾਲੀ ਗਲੋਬਲ ਜੌਬ ਵੈੱਬਸਾਈਟ ‘ਇੰਡੀਡ’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਹੋਰ ਦੇਸ਼ਾਂ ਵਿਚ ਨੌਕਰੀ ਦੀ ਭਾਲ ਨਵੰਬਰ 2019 ਤੋਂ ਅਪ੍ਰੈਲ 2020 ਵਿਚਾਲੇ ਸਭ ਤੋਂ ਵਧ ਰਹੀ। ਇਸ ਵਿਚ 72 ਫ਼ੀਸਦੀ ਵਾਧਾ ਵੇਖਿਆ ਗਿਆ।
ਹਾਲਾਂਕਿ ਦੁਨੀਆ ਭਰ ਵਿਚ ਕੋਵਿਡ-19 ਦੀ ਦੂਜੀ ਲਹਿਰ ਤੋਂ ਬਾਅਦ ਇਸ ਵਿਚ ਕਮੀ ਆਈ ਸੀ, ਕਿਉਂਕਿ ਦੇਸ਼ਾਂ ਨੇ ਆਪਣੇ ਇੱਥੇ ਯਾਤਰਾ ਪਾਬੰਦੀਆਂ ਲਾ ਦਿੱਤੀਆਂ ਸਨ। ਰਿਪੋਰਟ ’ਚ ਕਿਹਾ ਗਿਆ ਕਿ ਗਲੋਬਲ ਮਹਾਮਾਰੀ ਦੀ ਦੂਜੀ ਲਹਿਰ ਤੋਂ ਜਿਵੇਂ ਹੀ ਦੁਨੀਆ ਉੱਭਰੀ, ਵਿਦੇਸ਼ ’ਚ ਨੌਕਰੀ ਦੇ ਮੌਕੇ ਤਲਾਸ਼ਣ ਦੀਆਂ ਗਤੀਵਿਧੀਆਂ ਵਧ ਗਈਆਂ ਅਤੇ ਇਹ ਹੁਣ ਵੀ ਲਗਾਤਾਰ ਜਾਰੀ ਹੈ। ‘ਇੰਡੀਡ ਇੰਡੀਆ’ ਦੇ ਮੁਖੀ ਸ਼ਸ਼ੀ ਕੁਮਾਰ ਨੇ ਕਿਹਾ ਕਿ ਮਹਾਮਾਰੀ ਦੀ ਤੀਜੀ ਲਹਿਰ ਦਰਮਿਆਨ ਭਾਰਤੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਕੰਮ ਕਰਨ ਦੇ ਇੱਛੁਕ ਹਨ, ਖ਼ਾਸ ਕਰ ਕੇ ਤਕਨੀਕ ਨਾਲ ਜੁੜੀਆਂ ਭੂਮਿਕਾਵਾਂ ਵਿਚ। ਭਾਰਤੀ ਹੁਨਰਾਂ ਵੱਲ ਦੁਨੀਆ ਦਾ ਧਿਆਨ ਜਾ ਰਿਹਾ ਹੈ, ਜੋ ਇਸ ਗੱਲ ਦਾ ਸਬੂਤ ਹਨ ਕਿ ਗਲੋਬਲ ਸੰਗਠਨਾਂ ’ਚ ਸਾਡੇ ਇੱਥੋਂ ਦੀ ਹੁਨਰ ਦੀ ਪਛਾਣ ਮਿਲ ਰਹੀ ਹੈ।
ਵੈੱਬਸਾਈਟ ਦੇ ਅੰਕੜਿਆਂ ਮੁਤਾਬਕ ਰੁਜ਼ਗਾਰ ਦੇ ਇੱਛੁਕ ਭਾਰਤੀਆਂ ਨੇ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਪੱਛਮੀ ਏਸ਼ੀਆ ’ਚ ਕੰਮ ਕਰਨ ਪ੍ਰਤੀ ਵਿਸ਼ੇਸ਼ ਦਿਲਚਸਪੀ ਵਿਖਾਈ ਹੈ। ਰਿਪੋਰਟ ’ਚ ਦੱਸਿਆ ਗਿਆ ਕਿ 40 ਫ਼ੀਸਦੀ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਵਿਚ ਨੌਕਰੀ ਦੀ ਭਾਲ ਕੀਤੀ ਅਤੇ 2019-21 ’ਚ ਇਹ ਰੁਜ਼ਗਾਰ ਦੀ ਭਾਲ ਕਰਨ ਵਾਲਿਆਂ ਵਿਚ ਸਭ ਤੋਂ ਲੋਕਪ੍ਰਿਯ ਥਾਂ ਰਹੀ।
Comment here