ਸਿਆਸਤਖਬਰਾਂਚਲੰਤ ਮਾਮਲੇ

ਮਲੋਟ ਚ ਸੁਖਬੀਰ ਬਾਦਲ ਦਾ ਸ਼ਾਨਦਾਰ ਸਵਾਗਤ, ਤੇ ਡਟਵਾਂ ਵਿਰੋਧ ਨਾਲੋ ਨਾਲ

ਮਲੋਟ- ਪੰਜਾਬ ਦੇ ਸੌ ਦਿਨਾ ਦੌਰੇ ਤੇ ਨਿਕਲੇ ਅਕਾਲੀ ਦਲ ਪ੍ਰਾਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਮਲੋਟ ਵਿੱਚ ਕਿਸਾਨਾਂ ਨੇ ਡਟਵਾਂ ਵਿਰੋਧ ਕੀਤਾ, ਕਾਲੀਂਆਂ ਝੰਡੀਆਂ ਦਿਖਾਈਆਂ ਗਈਆਂ, ਕਿਸਾਨਾਂ ਦੀ ਮੰਗ ਸੀ ਕਿ ਸੁਖਬੀਰ ਬਾਦਲ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਬੰਦ ਕਰਨ। ਵਿਰੋਧ ਦੇ ਚਲਦਿਆਂ ਉਹ ਸਮਾਗਮ ਵਾਲੇ ਰਿਜ਼ਾਰਟ ਦੇ ਅੰਦਰ ਡੂਢ ਘੰਟਾ ਫਸੇ ਰਹੇ। ਇਥੇ ਰਿਜ਼ਾਰਟ ਵਿੱਚ ਹੀ  ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਸੁਖਬੀਰ ਬਾਦਲ ਨੇ ਮੁਲਾਕਾਤ ਕੀਤੀ, ਅਤੇ ਕਿਸਾਨ ਆਗੂਆਂ ਨੂੰ ਜਾਣੂ ਕਰਵਾਇਆ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਕਿਸਾਨ ਆਗੂਆਂ ਕੋਲੋਂ ਪ੍ਰਤੀਕਿਰਿਆ ਜਾਣ ਕੇ ਭਾਜਪਾ ਦੀ ਉੱਚ-ਲੀਡਰਸ਼ਿਪ ਤੱਕ ਪਹੁੰਚਾਉਂਦਾ ਰਿਹਾ। ਕਿਸਾਨਾਂ ਨਾਲ ਗੱਲਬਾਤ ਤੋਂ ਬਾਅਦ ਬਾਦਲ ਨੇ ਦੱਸਿਆ ਕਿ ਕੇਂਦਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਭਰੋਸਾ ਦਿੱਤਾ ਜਾਂਦਾ ਰਿਹਾ ਸੀ ਕਿ ਕਿਸਾਨਾਂ ਦੇ ਖ਼ਦਸ਼ੇ ਦੂਰ ਕੀਤੇ ਜਾਣਗੇ। ਅਸੀਂ ਕੇਂਦਰ ਸਰਕਾਰ ਨੂੰ ਇਹ ਵੀ ਸੁਝਾਅ ਦਿੱਤਾ ਸੀ ਕਿ ਤਿੰਨ ਖੇਤੀ ਆਰਡੀਨੈਂਸਾਂ ਨੂੰ ਇੱਕ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ। ਜਦੋਂ ਉਨ੍ਹਾਂ ਅਜਿਹਾ ਨਹੀਂ ਕੀਤਾ, ਤਾਂ ਅਸੀਂ ਕਿਸਾਨੀ ਹਿੱਤਾਂ ਲਈ ਸੰਸਦ ਵਿੱਚ ਸਖ਼ਤ ਰੁਖ਼ ਅਪਣਾਇਆ। ਸ਼੍ਰੋਮਣੀ ਅਕਾਲੀ ਦਲ ਇੱਕੋ-ਇੱਕ ਅਜਿਹੀ ਪਾਰਟੀ ਸੀ, ਜਿਸ ਨੇ ਤਿੰਨ ਖੇਤੀ ਬਿੱਲਾਂ ਵਿਰੁੱਧ ਵੋਟ ਪਾਈ, ਭਾਵੇਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਬਿਲਾਂ ਦਾ ਵਿਰੋਧ ਕਰਨ ਤੋਂ ਕਿਨਾਰਾ ਕਰ ਗਏ। ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਵੀ ਦਿੱਤਾ, ਅਤੇ ਅਸੀਂ ਐੱਨਡੀਏ ਗੱਠਜੋੜ ਛੱਡ ਕੇ ਭਾਜਪਾ ਨਾਲੋਂ ਆਪਣੀ ਤਕਰੀਬਨ 3 ਦਹਾਕੇ ਪੁਰਾਣੀ ਸਾਂਝ ਵੀ ਤੋੜੀ। ਬਾਦਲ ਨੇ ਕਿਹਾ ਕਿ ਮੈਂ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਯਾਦ ਕਰਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਮਾਨਸੂਨ ਸੈਸ਼ਨ ਦੌਰਾਨ ਸੰਸਦ ਦੇ ਬਾਹਰ ਨਿਰੰਤਰ ਵਿਰੋਧ ਪ੍ਰਦਰਸ਼ਨ ਵੀ ਕੀਤਾ। ਇਨ੍ਹਾਂ ਨੁਮਾਇੰਦਿਆਂ ਨੂੰ ਯਕੀਨ ਦਿਵਾਇਆ ਕਿ ਪੰਜਾਬ ਦੀ ਅਗਲੀ ਅਕਾਲੀ-ਬਸਪਾ ਸਰਕਾਰ, ਪੰਜਾਬ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਕਿਸੇ ਕੀਮਤ ‘ਤੇ ਲਾਗੂ ਨਹੀਂ ਕਰੇਗੀ।

ਦੂਜੇ ਪਾਸੇ ਮਲੋਟ ਹਲਕੇ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਸੁਖਬੀਰ ਦੀ ਫੇਰੀ ਨੂੰ ਲੈ ਕੇ ਵੱਡਾ ਉਤਸ਼ਾਹ ਸੀ, ਢੋਲ ਢਮਕਿਆਂ ਨਾਲ ਸੁਖਬੀਰ ਦਾ ਸਵਾਗਤ ਕੀਤਾ ਗਿਆ, ਫੁੱਲ ਬਰਸਾਏ ਗਏ,  ਲੰਬੀ ਤੋਂ ਦਾਣਾ ਮੰਡੀ ਤੱਕ ਜਾਣ ਸਮੇਂ ਮੋਟਰ ਸਾਈਕਲਾਂ ‘ਤੇ ਇੱਕ ਹਜ਼ਾਰ ਤੋਂ ਵੱਧ ਨੌਜਵਾਨ ਸੁਖਬੀਰ ਦੀ ਯਾਤਰਾ ’ਚ ਦੇਖੇ ਗਏ ਅਤੇ ਰਸਤੇ ਵਿੱਚੋਂ ਸੈਂਕੜੇ ਹੋਰਨਾਂ ਨੇ ਸ਼ਮੂਲੀਅਤ ਕਰਕੇ ਕਾਫ਼ਲਾ ਹੋਰ ਵਿਸ਼ਾਲ ਬਣਾ ਦਿੱਤਾ।  ਸੁਖਬੀਰ ਬਾਦਲ ਵਲੋਂ ਕੈਪਟਨ ਸਰਕਾਰ ’ਤੇ ਨਿਸ਼ਾਨੇ ਲਗਾਏ ਗਏ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟ ਕਾਂਗਰਸ ਸਰਕਾਰ ਸ਼ਾਸਨ ਦੌਰਾਨ ਸਭ ਤੋਂ ਵੱਧ ਨਮੋਸ਼ੀ ਨੌਜਵਾਨਾਂ ਨੂੰ ਝੱਲਣੀ ਪਾਈ, ਕਿਉਂਕਿ ਸਰਕਾਰ ਨੇ ਉਨ੍ਹਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁੱਕਰ ਕੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ। ਘਰ-ਘਰ ਨੌਕਰੀ ਯੋਜਨਾ ਤੋਂ ਲੈ ਕੇ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਤੱਕ, ਕਾਂਗਰਸ ਸਰਕਾਰ ਨੇ ਨੌਜਵਾਨਾਂ ਨਾਲ ਕੀਤਾ ਇੱਕ ਵੀ ਵਾਅਦਾ ਨਹੀਂ ਪੁਗਾਇਆ, ਅਤੇ ਨਾ ਹੀ ਨੌਜਵਾਨਾਂ ਦੀ ਭਲਾਈ ਲਈ ਕੋਈ ਹੋਰ ਕਦਮ ਚੁੱਕਿਆ। ਇਹੀ ਕਾਰਨ ਹੈ ਕਿ ਹੁਣ ਪੰਜਾਬ ਦਾ ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਕਜੁੱਟ ਹੋ ਰਿਹਾ ਹੈ, ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨ ਕਾਂਗਰਸ ਪਾਰਟੀ ਨੂੰ ਉਸ ਦੀਆਂ ਕਰਤੂਤਾਂ ਦਾ ਮੂੰਹ-ਤੋੜਵਾਂ ਜਵਾਬ ਦੇਣਗੇ। ਦਾਣਾ ਮੰਡੀ ’ਚ ਵੱਡੇ ਇਕੱਠ ਦੌਰਾਨ ਹਲਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਮਲੋਟ ਹਲਕੇ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਉਮੀਦਵਾਰ ਐਲਾਨਿਆ।

 

Comment here