ਇਸਲਾਮਾਬਾਦ-ਪਾਕਿਸਤਾਨ ਦਾ ਇਸਲਾਮਿਕ ਦੋਸਤ ਕਹੇ ਜਾਣ ਵਾਲੇ ਮਲੇਸ਼ੀਆ ਨੇ ਜਹਾਜ਼ ਦੇ ਬਕਾਏ ਦਾ ਭੁਗਤਾਨ ਨਾ ਕਰਨ ‘ਤੇ ਇਕ ਵਾਰ ਫਿਰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਦੇ ਬੋਇੰਗ 777 ਯਾਤਰੀ ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਦੋਵਾਂ ਦੇਸ਼ਾਂ ਦੀ ਡੂੰਘੀ ਦੋਸਤੀ ਦੇ ਬਾਵਜੂਦ ਮਲੇਸ਼ੀਆ ਆਏ ਦਿਨ ਪਾਕਿਸਤਾਨ ਨੂੰ ਕਰਾਰਾ ਜਵਾਬ ਦੇ ਰਿਹਾ ਹੈ। ਰਿਪੋਰਟ ਮੁਤਾਬਕ ਇਹ ਦੂਜੀ ਵਾਰ ਹੈ ਜਦੋਂ ਮਲੇਸ਼ੀਆ ਨੇ ਪੀ. ਆਈ. ਏ. ਦੇ ਇਸ ਜਹਾਜ਼ ਨੂੰ ਜ਼ਬਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਲੇਸ਼ੀਆ ਨੇ ਪਾਕਿਸਤਾਨ ਵੱਲੋਂ 4 ਮਿਲੀਅਨ ਡਾਲਰ ਦੇ ਬਕਾਏ ਦਾ ਭੁਗਤਾਨ ਨਾ ਕਰਨ ਕਾਰਨ ਇਹ ਜਹਾਜ਼ ਜ਼ਬਤ ਕੀਤਾ ਹੈ। ਮਲੇਸ਼ੀਆ ਨੇ ਕੁਆਲਾਲੰਪੁਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਾਕਿਸਤਾਨ ਦਾ ਜਹਾਜ਼ ਜ਼ਬਤ ਕੀਤਾ ਹੈ।
ਇਸ ਤੋਂ ਪਹਿਲਾਂ ਮਲੇਸ਼ੀਆ ਨੇ ਸਾਲ 2021 ‘ਚ ਕੁਆਲਾਲੰਪੁਰ ਹਵਾਈ ਅੱਡੇ ‘ਤੇ ਬਕਾਏ ਦਾ ਭੁਗਤਾਨ ਨਾ ਕਰਨ ‘ਤੇ ਪੀ. ਆਈ. ਏ. ਦਾ ਜਹਾਜ਼ ਜ਼ਬਤ ਕੀਤਾ ਸੀ। ਜਹਾਜ਼ ਨੂੰ ਬਾਅਦ ਵਿਚ ਬਕਾਇਆ ਭੁਗਤਾਨ ਦੇ ਕੂਟਨੀਤਕ ਭਰੋਸੇ ‘ਤੇ ਛੱਡ ਦਿੱਤਾ ਗਿਆ ਸੀ। ਜ਼ਬਤ ਕੀਤੇ ਗਏ ਪੀ. ਆਈ. ਏ. ਜਹਾਜ਼ ਨੂੰ 173 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੇ ਨਾਲ 27 ਜਨਵਰੀ ਨੂੰ ਪਾਕਿਸਤਾਨ ਵਾਪਸ ਲਿਆਂਦਾ ਗਿਆ ਸੀ। ਜਹਾਜ਼ ਜ਼ਬਤ ਕਰਨ ਦਾ ਫੈਸਲਾ ਸਥਾਨਕ ਅਦਾਲਤ ਤੋਂ ਬਕਾਏ ਦੀ ਅਦਾਇਗੀ ਸਬੰਧੀ ਹੁਕਮ ਮਿਲਣ ਤੋਂ ਬਾਅਦ ਲਿਆ ਗਿਆ ਹੈ।
Comment here