ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਮਲਾਲਾ ਨੇ ਔਰਤਾਂ ਲਈ ਬੁਰਕਾ ਲਾਜ਼ਮੀ ਕਰਨ ‘ਤੇ ਤਾਲਿਬਾਨ ਨੂੰ ਪਾਈ ਝਾੜ

ਲੰਡਨ-ਅਮਰੀਕਾ, ਸੰਯੁਕਤ ਰਾਸ਼ਟਰ ਅਤੇ ਕੈਨੇਡਾ ਤੋਂ ਬਾਅਦ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਅਫਗਾਨਿਸਤਾਨ ‘ਚ ਔਰਤਾਂ ਲਈ ਹਿਜਾਬ ਨੂੰ ਲਾਜ਼ਮੀ ਬਣਾਉਣ ਦੇ ਤਾਲਿਬਾਨ ਦੇ ਫ਼ਰਮਾਨ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਮਲਾਲਾ ਨੇ ਅਫਗਾਨਿਸਤਾਨ ‘ਚ ਔਰਤਾਂ ਅਤੇ ਲੜਕੀਆਂ ਦੀ ਆਜ਼ਾਦੀ ਨੂੰ ਲੈ ਕੇ ਡਰ ਜ਼ਾਹਰ ਕੀਤਾ ਹੈ। ਮਲਾਲਾ ਨੇ ਕਿਹਾ, “ਤਾਲਿਬਾਨ ਅਫਗਾਨਿਸਤਾਨ ਦੇ ਸਾਰੇ ਜਨਤਕ ਜੀਵਨ ਤੋਂ ਲੜਕੀਆਂ ਅਤੇ ਔਰਤਾਂ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਲੜਕੀਆਂ ਨੂੰ ਸਕੂਲ ਅਤੇ ਔਰਤਾਂ ਨੂੰ ਕੰਮ ਤੋਂ ਬਾਹਰ ਰੱਖਣਾ ਚਾਹੁੰਦਾ ਹੈ। ਉਨ੍ਹਾਂ ਨੂੰ ਪਰਿਵਾਰ ਦੇ ਕਿਸੇ ਮਰਦ ਮੈਂਬਰ ਤੋਂ ਬਿਨਾਂ ਯਾਤਰਾ ਕਰਨ ਤੋਂ ਵਾਂਝਾ ਕਰਨਾ ਅਤੇ ਚਿਹਰਾ ਢੱਕਣ ਲਈ ਉਸ ਨੂੰ ਮਜਬੂਰ ਕਰਨਾ ਗਲਤ ਹੈ।” ਮਲਾਲਾ ਨੇ ਵਿਸ਼ਵ ਨੇਤਾਵਾਂ ਨੂੰ ਲੱਖਾਂ ਔਰਤਾਂ ਅਤੇ ਲੜਕੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਤਾਲਿਬਾਨ ਨੂੰ ਜਵਾਬਦੇਹ ਬਣਾਉਣ ਲਈ ਸਮੂਹਿਕ ਕਾਰਵਾਈ ਕਰਨ ਦਾ ਸੱਦਾ ਦਿੱਤਾ। ਉਸ ਨੇ ਕਿਹਾ, “ਸਾਨੂੰ ਅਫਗਾਨ ਔਰਤਾਂ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਨਹੀਂ ਗੁਆਉਣੀ ਚਾਹੀਦੀ, ਕਿਉਂਕਿ ਤਾਲਿਬਾਨ ਆਪਣੇ ਵਾਅਦਿਆਂ ਨੂੰ ਤੋੜਨਾ ਜਾਰੀ ਰੱਖੇਗਾ। ਔਰਤਾਂ ਅਜੇ ਵੀ ਆਪਣੇ ਮਨੁੱਖੀ ਅਧਿਕਾਰਾਂ ਅਤੇ ਸਨਮਾਨ ਲਈ ਲੜਨ ਲਈ ਸੜਕਾਂ ‘ਤੇ ਉਤਰ ਰਹੀਆਂ ਹਨ। ਸਾਨੂੰ ਸਾਰਿਆਂ ਨੂੰ ਅਤੇ ਖਾਸ ਕਰਕੇ ਮੁਸਲਿਮ ਦੇਸ਼ਾਂ ਨੂੰ ਔਰਤਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ।” ਦਰਅਸਲ, ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਹਾਲ ਹੀ ਵਿੱਚ ਨਾਗਰਿਕਾਂ, ਖਾਸ ਕਰਕੇ ਔਰਤਾਂ ਲਈ ਕੁਝ ਨਿਯਮ ਬਣਾਏ ਹਨ। ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ ਅਤੇ ਅਜਿਹਾ ਨਾ ਕਰਨ ‘ਤੇ ਸਖ਼ਤ ਸਜ਼ਾ ਦੀ ਵਿਵਸਥਾ ਹੈ। ਦੱਸ ਦੇਈਏ ਕਿ ਹਾਲ ਹੀ ‘ਚ ਤਾਲਿਬਾਨ ਸਰਕਾਰ ਨੇ ਦੇਸ਼ ‘ਚ ਔਰਤਾਂ ਲਈ ਜਨਤਕ ਥਾਵਾਂ ‘ਤੇ ਸਿਰ ਤੋਂ ਪੈਰਾਂ ਤੱਕ ਪੂਰੀ ਤਰ੍ਹਾਂ ਨਾਲ ਢੱਕਣ ਦਾ ਫਰਮਾਨ ਜਾਰੀ ਕੀਤਾ ਸੀ। ਇਸ ਦਾ ਮਤਲਬ ਹੈ ਕਿ ਅਫਗਾਨਿਸਤਾਨ ਵਿਚ ਔਰਤਾਂ ਆਪਣੇ ਆਪ ਨੂੰ ਵਾਲਾਂ ਤੋਂ ਪੈਰਾਂ ਤੱਕ ਪੂਰੀ ਤਰ੍ਹਾਂ ਢੱਕ ਕੇ ਜਨਤਕ ਥਾਵਾਂ ‘ਤੇ ਚੱਲਣਗੀਆਂ। ਇਸ ਕਾਨੂੰਨ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਾਫੀ ਆਲੋਚਨਾ ਹੋਈ ਸੀ। ਇਸ ਤਰ੍ਹਾਂ ਦੇ ਹੋਰ ਵੀ ਨਿਯਮ ਹਨ ਜੋ ਤਾਲਿਬਾਨ ਨੇ ਔਰਤਾਂ ‘ਤੇ ਥੋਪ ਦਿੱਤੇ ਹਨ।

Comment here