ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉੜੀਸਾ ਦੇ ਬਾਲਾਸੋਰ ‘ਚ ਰੇਲ ਹਾਦਸੇ ਦੇ ਸਬੰਧ ‘ਚ ਰੇਲ ਮੰਤਰਾਲੇ ਵੱਲੋਂ ਦਿੱਤੀ ਗਈ ਮਰਨ ਵਾਲਿਆਂ ਦੀ ਗਿਣਤੀ ‘ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਇਕੱਲੇ ਉਨ੍ਹਾਂ ਦੇ ਸੂਬੇ ‘ਚ 61 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 182 ਹਾਲੇ ਵੀ ਇਸ ਰੇਲ ਹਾਦਸੇ ਤੋਂ ਬਾਅਦ ਲਾਪਤਾ ਹਨ। ਉਨ੍ਹਾਂ ਪੁੱਛਿਆ ਕਿ ਕੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਦੇ ਇੰਜਣ ਠੀਕ ਹਾਲਤ ਵਿੱਚ ਹਨ। ਪੁਰੀ-ਹਾਵੜਾ ਵੰਦੇ ਭਾਰਤ ਰੇਲਗੱਡੀ ਦੇ ਉਦਘਾਟਨ ਤੋਂ ਅਗਲੇ ਦਿਨ ਵਾਪਰੇ ਹਾਦਸੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਵੰਦੇ ਭਾਰਤ ਦਾ ਨਾਂ ਚੰਗਾ ਹੈ, ਪਰ ਤੁਸੀਂ ਦੇਖਿਆ ਕਿ ਉਸ ਦਿਨ ਕੀ ਹੋਇਆ, ਜਦੋਂ ਇਕ ਦਰੱਖਤ ਦੀ ਟਾਹਣੀ ਉਸ ‘ਤੇ ਡਿੱਗ ਗਈ।
ਬੈਨਰਜੀ ਨੇ ਕਿਹਾ ਕਿ ਬਹੁਤ ਹੀ ਦੁਖਦਾਈ ਸਥਿਤੀ ਦੇ ਬਾਵਜੂਦ ਭਾਜਪਾ ਨੇ ਉਨ੍ਹਾਂ ਨੂੰ ਇਸ ਮਾਮਲੇ ‘ਤੇ ਬੋਲਣ ਲਈ ਮਜ਼ਬੂਰ ਕੀਤਾ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਸ਼ਨੀਵਾਰ ਨੂੰ ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ‘ਚ ਰੇਲ ਹਾਦਸੇ ਵਾਲੀ ਥਾਂ ‘ਤੇ ਭਿੜ ਗਏ। ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐਮ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 500 ਤੋਂ ਵੱਧ ਹੋ ਸਕਦੀ ਹੈ। ਸੀਐਮ ਮਮਤਾ ਦੇ ਇਸ ਬਿਆਨ ‘ਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਤੁਰੰਤ ਦਖਲ ਦਿੰਦੇ ਹੋਏ ਕਿਹਾ ਕਿ ਉੜੀਸਾ ਸਰਕਾਰ ਦੇ ਅੰਕੜਿਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 238 ਹੈ।
ਇਸ ਤੋਂ ਬਾਅਦ ਸੀਐਮ ਮਮਤਾ ਨੇ ਰੇਲ ਮੰਤਰੀ ਦੇ ਜਵਾਬ ਦਾ ਜਵਾਬ ਦਿੰਦੇ ਹੋਏ ਦਾਅਵਾ ਕੀਤਾ ਕਿ ਸ਼ੁੱਕਰਵਾਰ ਰਾਤ ਤੱਕ ਮਰਨ ਵਾਲਿਆਂ ਦੀ ਗਿਣਤੀ 238 ਸੀ। ਉਨ੍ਹਾਂ ਕਿਹਾ ਕਿ ਤਿੰਨ ਡੱਬਿਆਂ ਵਿੱਚ ਬਚਾਅ ਕਾਰਜ ਅਜੇ ਪੂਰਾ ਨਹੀਂ ਹੋਇਆ ਹੈ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਹੋਰ ਵਧੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਐਕਸਪ੍ਰੈਸ ਗੱਡੀਆਂ ਵਿੱਚ ਟੱਕਰ ਵਿਰੋਧੀ ਸਿਸਟਮ ਫਿੱਟ ਨਾ ਹੋਣ ਕਾਰਨ ਹਾਦਸਾ ਵਾਪਰਿਆ ਹੈ।
Comment here