ਕੁਝ ਦਿਨ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੀ ਇੱਕ ਚੋਣ ਸਭਾ ਵਿੱਚ ਕਿਹਾ ਸੀ ਕਿ ਜੇਕਰ ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਦੰਗੇ ਸ਼ੁਰੂ ਹੋ ਜਾਣਗੇ। ਲੋਕ ਪੁੱਛ ਰਹੇ ਹਨ ਕਿ ਮਨੀਪੁਰ ਵਿੱਚ ਤਾਂ ਭਾਜਪਾ ਦੀ ਸਰਕਾਰ ਹੈ, ਫਿਰ ਉੱਥੇ ਦੰਗੇ ਕਿਉਂ ਹੋ ਰਹੇ ਹਨ। ਭਾਰਤ ਦੀ ਰਾਜਧਾਨੀ ਵਿੱਚ ਔਰਤ ਪਹਿਲਵਾਨ ਆਪਣੇ ਨਾਲ ਹੁੰਦੇ ਜਿਨਸੀ ਸ਼ੋਸ਼ਣ ਵਿਰੁੱਧ ਲਗਾਤਾਰ ਧਰਨਾ ਦੇ ਰਹੀਆਂ ਹਨ। ਪੂਰਾ ਦੇਸ਼ ਉਨ੍ਹਾਂ ਦੇ ਸਮਰਥਨ ਵਿੱਚ ਉਤਰ ਰਿਹਾ ਹੈ। ਖਾਪ ਪੰਚਾਇਤਾਂ ਨੇ ਅਗਲੀ ਲੜਾਈ ਲਈ ਮੀਟਿੰਗ ਬੁਲਾ ਲਈ ਹੈ। ਕਿਸਾਨ ਯੂਨੀਅਨਾਂ ਵੀ ਖਾਪ ਪੰਚਾਇਤਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਣ ਖੜ੍ਹੀਆਂ ਹਨ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਜੰਤਰ ਮੰਤਰ ’ਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਨੂੰ ਸਲਾਹ ਮਸ਼ਵਰਾ ਦੇਣ ਵਾਲੀ 31 ਮੈਂਬਰੀ ਕਮੇਟੀ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 21 ਮਈ ਤੱਕ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਸ ਨੂੰ ਕੋਈ ‘ਵੱਡਾ/ਅਹਿਮ ਫੈਸਲਾ’ ਲੈਣ ਲਈ ਮਜਬੂਰ ਹੋਣਾ ਪਏਗਾ। ਉਧਰ ਔਰਤ ਪਹਿਲਵਾਨ ਵਿਨੇਸ਼ ਫੋਗਾਟ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੇ ਧਰਨੇ ਨੂੰ ਕਿਸਾਨ ਜਥੇਬੰਦੀਆਂ ਨਹੀਂ ਬਲਕਿ ਉਹ ਖ਼ੁਦ ਚਲਾ ਰਹੇ ਹਨ। ਫੋਗਾਟ ਨੇ ਕਿਹਾ, ‘‘ਸਾਡੀ ਬੱਸ ਇਕੋ ਮੰਗ ਹੈ ਕਿ ਬ੍ਰਿਜ ਭੂਸ਼ਣ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾਵੇ ਤੇ ਮਗਰੋਂ ਇਹ ਜਾਂਚ ਕੀਤੀ ਜਾਵੇ।’’
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ, ਖਾਪ ਮਾਹਮ 24 ਦੇ ਮੁਖੀ ਮੇਹਰ ਸਿੰਘ ਤੇ ਸੰਯੁਕਤ ਕਿਸਾਨ ਮੋਰਚਾ(ਗੈਰ-ਸਿਆਸੀ) ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਜੰਤਰ ਮੰਤਰ ’ਤੇ ਧਰਨੇ ਵਾਲੀ ਥਾਂ ਉਪਰ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਫੈਸਲਾ ਕੀਤਾ ਹੈ ਕਿ ਹਰੇਕ ਖਾਪ ਦਾ ਮੈਂਬਰ ਰੋਜ਼ਾਨਾ ਧਰਨੇ ਵਾਲੀ ਥਾਂ ਆਏਗਾ। ਉਹ ਦਿਨ ਵੇੇਲੇ ਧਰਨੇ ਵਿੱਚ ਰਹਿਣਗੇ ਤੇ ਸ਼ਾਮ ਨੂੰ ਮੁੜ ਜਾਣਗੇ।’’ ਉਨ੍ਹਾਂ ਕਿਹਾ, ‘‘ਪਹਿਲਵਾਨਾਂ ਦੀ ਕਮੇਟੀ ਧਰਨੇ ਦੀ ਸਾਂਭ ਸੰਭਾਲ ਦਾ ਕੰਮ ਦੇੇਖੇਗੀ ਅਤੇ ਅਸੀਂ ਬਾਹਰੋਂ ਪਹਿਲਵਾਨਾਂ ਦੀ ਹਮਾਇਤ ਕਰਾਂਗੇ। ਅਸੀਂ 21 ਮਈ ਲਈ ਮੀਟਿੰਗ ਰੱਖੀ ਹੈ। ਜੇਕਰ ਸਰਕਾਰ ਨੇ ਉਦੋਂ ਤੱਕ ਕਿਸੇ ਹੱਲ ਦੀ ਪੇਸ਼ਕਸ਼ ਨਾ ਕੀਤੀ, ਅਸੀਂ ਆਪਣੀ ਨਵੀਂ ਰਣਨੀਤੀ ਘੜਾਂਗੇ।’’ ਉਨ੍ਹਾਂ ਕਿਹਾ ਕਿ ਇਹ ਲੜਾਈ ਲੰਮੀ ਖਿੱਚ ਸਕਦੀ ਹੈ ਤੇ ਇਹ ਪੂਰੇ ਦੇਸ਼ ਵਿੱਚ ਵੀ ਫੈਲ ਸਕਦੀ ਹੈ। ਟਿਕੈਤ ਨੇ ਕਿਹਾ, ‘‘ਹਾਲ ਦੀ ਘੜੀ ਜੰਤਰ ਮੰਤਰ ਧਰਨੇ ਪ੍ਰਦਰਸ਼ਨਾਂ ਵਾਲੀ ਥਾਂ ਰਹੇਗੀ।’’ ਲਗਭਗ ਹਰ ਵਿਰੋਧੀ ਪਾਰਟੀ ਦੇ ਆਗੂ ਜੰਤਰ-ਮੰਤਰ ਵਿੱਚ ਪੁੱਜ ਕੇ ਪਹਿਲਵਾਨਾਂ ਦੀ ਲੜਾਈ ਵਿੱਚ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਭਰੋਸਾ ਦੇ ਚੁੱਕੇ ਹਨ।
ਇਸ ਹਾਲਤ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਪਿਛਲੇ ਚਾਰ ਦਿਨਾਂ ਤੋਂ ਕਰਨਾਟਕ ਵਿੱਚ ਡੇਰੇ ਲਾ ਕੇ ਬੈਠੇ ਹਨ। ਬਜਰੰਗ ਬਲੀ ਦੇ ਨਾਅਰੇ ਲਾ ਕੇ ਲੋਕਾਂ ਨੂੰ ਤਾਕੀਦ ਕਰ ਰਹੇ ਹਨ ਕਿ ਵੋਟਿੰਗ ਮਸ਼ੀਨ ਦਾ ਬਟਨ ਦਬਾਉਣ ਤੋਂ ਪਹਿਲਾਂ ਉਹ ਬਜਰੰਗ ਬਲੀ ਦਾ ਨਾਅਰਾ ਜ਼ਰੂਰ ਲਾਉਣ। ਇੱਕ ਧਾਰਮਿਕ ਆਸਥਾ ਦੇ ਚਿੰਨ੍ਹ ਦੀ ਵੋਟ ਲੈਣ ਲਈ ਵਰਤੋਂ ਬਾਰੇ ਦੇਸ਼ ਦਾ ਚੋਣ ਕਮਿਸ਼ਨ ਖਾਮੋਸ਼ ਹੈ। ਸੂਬੇ ਵਿੱਚ ਪਾਰਟੀ ਦੀ ਦੁਰਦਸ਼ਾ ਨੂੰ ਦੇਖ ਕੇ ਚੋਣ ਮੁਹਿੰਮ ਦੀ ਵਾਗਡੋਰ ਖੁਦ ਪ੍ਰਧਾਨ ਮੰਤਰੀ ਨੇ ਸੰਭਾਲ ਲਈ ਹੈ। ਇਸ ਸਮੇਂ ਉਹ ਪ੍ਰਧਾਨ ਮੰਤਰੀ ਦੀ ਥਾਂ ਚੋਣ ਪ੍ਰਚਾਰਕ ਬਣ ਚੁੱਕੇ ਹਨ। ਭਾਰਤ ਵਿੱਚ ਕੀ ਹੋ ਰਿਹਾ ਹੈ, ਇਸ ਨਾਲ ਉਸ ਦਾ ਕੋਈ ਲਾਗਾ ਦੇਗਾ ਨਹੀਂ ਹੈ।
ਮਨੀਪੁਰ ਸੜ ਰਿਹਾ ਹੈ। ਹੁਣ ਤੱਕ 54 ਮੌਤਾਂ ਹੋ ਚੁੱਕੀਆਂ ਹਨ। ਸੂਬੇ ਦੇ ਆਪਣੇ ਹੀ ਲੋਕ ਇੱਕ ਦੂਜੇ ਨੂੰ ਮਾਰ ਰਹੇ ਹਨ। ਅੱਧੇ ਮਨੀਪੁਰ ਵਿੱਚ ਕਰਫਿਊ ਲਾਗੂ ਹੈ ਤੇ ਦੇਖਦਿਆਂ ਹੀ ਗੋਲੀ ਮਾਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਭਾਜਪਾ ਦੀ ਸੂਬਾਈ ਹਕੂਮਤ ਦੀਆਂ ਕਾਰਵਾਈਆਂ ਨੇ ਸੂਬੇ ਨੂੰ ਗ੍ਰਹਿ ਯੁੱਧ ਵਿੱਚ ਧੱਕ ਦਿੱਤਾ ਹੈ। ਇਸ ਹਾਲਤ ਵਿੱਚ ਪ੍ਰਧਾਨ ਮੰਤਰੀ ਨੂੰ ਉੱਥੇ ਜਾ ਕੇ ਹਾਲਤ ਨੂੰ ਸਮਝਣ ਤੇ ਮਸਲੇ ਨੂੰ ਹੱਲ ਕਰਨ ਦੀ ਲੋੜ ਸੀ, ਪਰ ਉਹ ਤਾਂ ਇਸ ਬਾਰੇ ਇੱਕ ਬਿਆਨ ਤੱਕ ਦੇਣ ਨੂੰ ਤਿਆਰ ਨਹੀਂ। ਚੋੋਣ ਮੁਹਿੰਮ ਦੌਰਾਨ ਉਸ ਦੇ ਹਾਵ-ਭਾਵ ਦੱਸਦੇ ਹਨ ਕਿ ਉਹ ਇਸ ਬਾਰੇ ਨਿਸਚਿੰਤ ਹੈ।
ਔਰਤ ਪਹਿਲਵਾਨਾਂ ਦੇ ਮਸਲੇ ਉੱਤੇ ਵੀ ਉਸ ਨੇ ਇਹੋ ਰਵੱਈਆ ਅਪਣਾ ਰੱਖਿਆ ਹੈ। ਇਹੋ ਪਹਿਲਵਾਨ ਹਨ, ਜਦੋਂ ਉਹ ਮੈਡਲ ਜਿੱਤ ਕੇ ਆਈਆਂ ਸਨ ਤਾਂ ਪ੍ਰਧਾਨ ਮੰਤਰੀ ਨੇ ਦੇਸ਼ ਦਾ ਮਾਣ ਵਧਾਉਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਅੱਜ ਉਹੋ ਔਰਤ ਪਹਿਲਵਾਨ ਉਸ ਦੀ ਰਿਹਾਇਸ਼ ਤੋਂ ਕੁਝ ਦੂਰੀ ਉੱਤੇ ਆਪਣੀ ਇੱਜ਼ਤ ਦੀ ਰਾਖੀ ਲਈ ਇਨਸਾਫ਼ ਦੀ ਭੀਖ ਮੰਗ ਰਹੀਆਂ ਹਨ, ਪਰ ਪ੍ਰਧਾਨ ਮੰਤਰੀ ਦੇ ਮੂੰਹੋਂ ਉਨ੍ਹਾਂ ਲਈ ਹਮਦਰਦੀ ਦੇ ਦੋ ਸ਼ਬਦ ਵੀ ਨਹੀਂ ਨਿਕਲ ਰਹੇ। ਕਿਸਾਨਾਂ ਦਾ ਮੰਨਣਾ ਹੈ ਕਿ ਦੋਸ਼ੀ ਬ੍ਰਿਜ ਭੂਸ਼ਣ ਸ਼ਰਣ ਦੀ ਪਿੱਠ ਉੱਤੇ ਮੋਦੀ ਜੀ ਦਾ ਹੱਥ ਹੈ।
ਪ੍ਰਧਾਨ ਮੰਤਰੀ ਨੂੰ ਕੋਈ ਚਿੰਤਾ ਨਹੀਂ ਕਿ ਕੋਈ ਉਸ ਨੂੰ ਕੀ ਕਹਿ ਰਿਹਾ ਹੈ। ਉਸ ਨੂੰ ਤਾਂ ਇੱਕੋ ਚਿੰਤਾ ਹੈ ਕਿ ਹਰ ਹਾਲਤ ’ਚ ਕਰਨਾਟਕ ਜਿੱਤਣਾ ਹੈ। ਕਾਂਗਰਸ ਦੀ ਸੋਸ਼ਲ ਮੀਡੀਆ ਇੰਚਾਰਜ ਸੁਪ੍ਰਿਆ ਸ੍ਰੀਨੇਤ ਨੇ ਪ੍ਰਧਾਨ ਮੰਤਰੀ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਹੈ, ‘‘ਹੁਣ ਜ਼ਰੂਰੀ ਹੋ ਗਿਆ ਹੈ ਕਿ ਤੁਹਾਨੂੰ ਰਾਜ ਧਰਮ ਦੀ ਯਾਦ ਦਿਲਾਈ ਜਾਵੇ। ਆਪ ਇੱਕ ਚੁਣੇ ਪ੍ਰਧਾਨ ਮੰਤਰੀ ਹੋ, ਨਾ ਕਿ ਭਾਜਪਾ ਦੇ ਪ੍ਰਚਾਰਕ। ਮਨੀਪੁਰ ਵਿੱਚ ਹਿੰਸਾ ਤੇ ਸਾੜਫੂਕ ਨੇ ਪੂਰੇ ਸੂਬੇ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।’’ ਇਸ ਦੇ ਨਾਲ ਹੀ ਉਨ੍ਹਾ ਕਿਹਾ, ‘‘ਜੇਕਰ ਪੂਰਾ ਮਨੀਪੁਰ ਸੜ ਕੇ ਰਾਖ ਹੋ ਜਾਵੇ ਤਾਂ ਤੁਹਾਡੇ ਲਈ ਕੋਈ ਅਰਥ ਨਹੀਂ ਰੱਖਦਾ। ਕੋਈ ਨੈਤਿਕਤਾ ਨਹੀਂ ਬਚੀ। ਗ੍ਰਹਿ ਮੰਤਰੀ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੇ ਹਨ। ਕਦੇ ਅਸਾਮ ਤੇ ਮੇਘਾਲਿਆ ਵਿੱਚ ਫਾਇਰਿੰਗ ਹੁੰਦੀ ਹੈ, ਕਦੇ ਕਰਨਾਟਕ ਤੇ ਮਹਾਰਾਸ਼ਟਰ ਵਿੱਚ ਝਗੜਾ ਹੁੰਦਾ ਹੈ। ਭਾਰਤ ਖਤਰਨਾਕ ਮੋੜ ਉਪਰ ਪਹੁੰਚ ਚੁਕਾ ਹੈ।
ਮਨੀਪੁਰ ਦੰਗੇ ਤੇ ਭਲਵਾਨ ਬੱਚੀਆਂ ਦੇ ਕਾਂਡ ਭਾਰਤੀ ਜਮਹੂਰੀਅਤ ਲਈ ਚੈਲਿੰਜ ਬਣੇ

Comment here