ਕੁੱਲੂ –ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਧਾਰਮਿਕ ਨਗਰੀ ਮਨੀਕਰਨ ਵਿਚ ਦੇਰ ਰਾਤ ਪੰਜਾਬ ਤੋਂ ਆਏ ਸੈਲਾਨੀਆਂ ਨੇ ਕਾਫੀ ਹੰਗਾਮਾ ਕੀਤਾ। ਉਨ੍ਹਾਂ ਦੀ ਸਥਾਨਕ ਲੋਕਾਂ ਨਾਲ ਝੜਪ ਹੋ ਗਈ। ਇਸ ਦੌਰਾਨ ਲੋਕਾਂ ਦੇ ਘਰਾਂ ‘ਤੇ ਪਥਰਾਅ ਕਰਕੇ ਸ਼ੀਸ਼ੇ ਵੀ ਤੋੜੇ ਗਏ। ਇੰਨਾ ਹੀ ਨਹੀਂ ਸੜਕ ਕਿਨਾਰੇ ਖੜ੍ਹੇ ਦੋ ਦਰਜਨ ਦੇ ਕਰੀਬ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ ਅਤੇ ਰਾਤ 12 ਵਜੇ ਤੋਂ ਲੈ ਕੇ ਰਾਤ 2 ਵਜੇ ਤੱਕ ਹੰਗਾਮਾ ਹੁੰਦਾ ਰਿਹਾ। ਪੁਲਿਸ ਪ੍ਰਸ਼ਾਸਨ ਦੀ ਤਰਫ਼ੋਂ ਰਾਤ ਵੇਲੇ ਹੀ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ।
ਸਥਾਨਕ ਲੋਕਾਂ ਨੇ ਸੀਪੀਐਸ ਸੁੰਦਰ ਸਿੰਘ ਠਾਕੁਰ ਤੋਂ ਮੰਗ ਕੀਤੀ ਕਿ ਮਨੀਕਰਨ ਵਿੱਚ ਪੁਲਿਸ ਸਟੇਸ਼ਨ ਬਣਾ ਕੇ ਸੁਰੱਖਿਆ ਵਧਾਈ ਜਾਵੇ ਅਤੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਗੜਬੜ ਨਾ ਵਾਪਰੇ। ਮੁੱਖ ਸੰਸਦੀ ਸਕੱਤਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਸੁਰੱਖਿਆ ਦੇ ਢੁੱਕਵੇਂ ਪ੍ਰਬੰਧਾਂ ਦਾ ਭਰੋਸਾ ਦਿੱਤਾ। ਪੁਲਿਸ ਨੇ ਫਿਲਹਾਲ ਮਨੀਕਰਨ ‘ਚ ਵਾਧੂ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ।
ਇਸ ਕਾਰਨ ਵਧਿਆ ਸੀ ਵਿਵਾਦ
ਸਥਾਨਕ ਨਿਵਾਸੀ ਦੇਵੇਂਦਰ ਸ਼ਰਮਾ, ਰੀਨਾ ਠਾਕੁਰ, ਰੀਨਾ ਨੇ ਦੱਸਿਆ ਕਿ ਐਤਵਾਰ ਨੂੰ ਮਨੀਕਰਨ ‘ਚ ਫਾਗਲੀ ਉਤਸਵ ਚੱਲ ਰਿਹਾ ਸੀ। ਇਸ ਦੌਰਾਨ ਸਥਾਨਕ ਔਰਤਾਂ ਅਤੇ ਲੜਕੀਆਂ ਨੱਚ, ਗਾ ਅਤੇ ਨਾਟੀ ਪੇਸ਼ ਕਰ ਰਹੀਆਂ ਸਨ। ਇਸ ਦੌਰਾਨ ਕੁਝ ਸੈਲਾਨੀ ਦਾਖਲ ਹੋ ਗਏ ਅਤੇ ਔਰਤਾਂ ਅਤੇ ਲੜਕੀਆਂ ਦੇ ਨੇੜੇ ਜਾ ਕੇ ਵੀਡੀਓ ਬਣਾਉਣ ਲੱਗੇ।
ਉਨ੍ਹਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਪੰਜਾਬੀ ਸੈਲਾਨੀਆਂ ਨੂੰ ਵੀਡੀਓ ਬਣਾਉਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਸੈਲਾਨੀ ਉਥੋਂ ਵਾਪਸ ਚਲੇ ਗਏ। ਪਰ 12 ਵਜੇ ਦੇ ਕਰੀਬ ਸੈਲਾਨੀ ਅਚਾਨਕ ਸੜਕਾਂ ‘ਤੇ ਆ ਗਏ ਅਤੇ ਜੋ ਵੀ ਗਲੀਆਂ ‘ਚ ਮਿਲੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਘਰਾਂ ‘ਤੇ ਪੱਥਰ ਸੁੱਟੇ। ਹੱਥਾਂ ਵਿੱਚ ਡੰਡੇ ਲੈ ਕੇ ਬਾਜ਼ਾਰ ਵਿੱਚ ਘੁੰਮਦੇ ਰਹੇ। ਇਸ ਦੌਰਾਨ ਬਾਜ਼ਾਰ ਵਿੱਚ ਸੜਕ ਦੇ ਕਿਨਾਰੇ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਕੀਤੀਆਂ ਗਈਆਂ ਕੁਝ ਟਿੱਪਣੀਆਂ ਤੋਂ ਬਾਅਦ ਐਤਵਾਰ ਰਾਤ ਨੂੰ ਇਹ ਝੜਪ ਹੋਈ। ਇਸ ਤੋਂ ਬਾਅਦ ਕੁਝ ਸਥਾਨਕ ਲੋਕਾਂ ਨੇ ਯਾਤਰੀਆਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਇਸ ਦੇ ਜਵਾਬ ਵਿੱਚ ਯਾਤਰੀਆਂ ਨੇ ਵੀ ਪੱਥਰਬਾਜ਼ੀ ਕੀਤੀ। ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿਚ ਪੰਜਾਬ ਤੋਂ ਆਏ ਕੁੱਝ ਸ਼ਰਧਾਲੂ ਗੁਰਦੁਆਰਾ ਮਨੀਕਰਨ ਸਾਹਿਬ ਨੇੜੇ ਸਥਾਨਕ ਨਿਵਾਸੀਆਂ ਦੇ ਘਰਾਂ ’ਤੇ ਪਥਰਾਅ ਕਰਦੇ ਨਜ਼ਰ ਆ ਰਹੇ ਹਨ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਇਹ ਨੌਜਵਾਨਾਂ ਵਿਚਾਲੇ ਟਕਰਾਅ ਸੀ ਅਤੇ ਇਸ ਨੂੰ ਧਾਰਮਿਕ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਯਾਤਰੀਆਂ ਅਤੇ ਸ਼ਰਧਾਲੂਆਂ ਨੂੰ ਸੁਰੱਖਿਆ ਦੇਣਾ ਉਨ੍ਹਾਂ ਦਾ ਫਰਜ਼ ਹੈ। ਸੁੱਖੂ ਨੇ ਕਿਹਾ, ‘‘ਅਸੀਂ ਸਾਰੇ ਭੈਣ-ਭਰਾ ਹਾਂ। ਸਾਨੂੰ ਇਕੱਠੇ ਰਹਿਣਾ ਚਾਹੀਦਾ ਹੈ।’’
ਮਨੀਕਰਨ ਹੰਗਾਮਾ : ਕੁੜੀਆਂ ਦੀ ਵੀਡੀਓ ਬਣਾਉਣ ਤੋਂ ਸ਼ੁਰੂ ਹੋਇਆ ਸੀ ਵਿਵਾਦ

Comment here