ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਮਜੀਠੀਆ ਨੂੰ ਜੇਲ ਚ ਮਿਲਣ ਗਏ ਸੁਖਬੀਰ ਤੇ ਹਰਸਿਮਰਤ

ਪਟਿਆਲਾ : ਪੰਜਾਬ ਪੁਲਸ ਵੱਲੋਂ ਬਹੁ-ਕਰੋੜੀ ਡਰੱਗ ਰੈਕਟ ’ਚ ਨਾਮਜ਼ਦ ਕੀਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ 24 ਫਰਵਰੀ ਨੂੰ ਮੋਹਾਲੀ ਦੀ ਅਦਾਲਤ ਵਿਚ ਆਤਮਸਮਰਪਣ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਲਗਾਈ ਸੀ, ਜਿਸ ਨੂੰ ਖਾਰਜ ਕਰਦਿਆਂ ਅਦਾਲਤ ਨੇ ਉਨ੍ਹਾਂ ਨੂੰ 8 ਮਾਰਚ ਤੱਕ ਨਿਆਇਕ ਹਿਰਾਸਤ ਵਿਚ ਪਟਿਆਲਾ ਜੇਲ ਭੇਜ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਟਿਆਲਾ ਜੇਲ ਵਿਚ ਬੰਦ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਪਹੁੰਚੇ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਅੱਜ ਜਨਮ ਦਿਨ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਅਕਾਲੀ ਦਲ ਵਰਕਰ ਪਟਿਆਲਾ ਜੇਲ ਦੇ ਬਾਹਰ ਮੌਜੂਦ ਸਨ। ਇਸ ਦੌਰਾਨ ਸੁਖਬੀਰ ਨੇ ਅਕਾਲੀ ਵਰਕਰਾਂ ਦੀ ਮਜੀਠੀਆ ਨਾਲ ਮੁਲਾਕਾਤ ਨਾ ਕਰਨ ਦੇਣ ਦੇ ਚੱਲਦੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ। ਸੁਖਬੀਰ ਬਾਦਲ ਨੇ ਕਿਹਾ ਕਿ ਮੁਲਾਕਾਤ ਇਕ ਹੱਕ ਹੈ। ਸੂਬੇ ਵਿਚ 5-7 ਦਿਨ ਦੀ ਮਹਿਮਾਨ ਬਚੀ ਕਾਂਗਰਸ ਸਰਕਾਰ ਅਜਿਹਾ ਕਰਨ ਤੋਂ ਰੋਕ ਕੇ ਜਾਣਬੁੱਝ ਕੇ ਧੱਕਾ ਕਰ ਰਹੀ ਹੈ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਦੀ ਵਿਦਾਈ ਤੈਅ ਹੈ। ਇਸ ਲਈ ਉਹ ਜਾਣਬੁੱਝ ਕੇ ਅਕਾਲੀ ਵਰਕਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਸੁਖਬੀਰ ਨੇ ਇਹ ਵੀ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੰਨੀ ਅਤੇ ਸੁਖਵਿੰਦਰ ਰੰਧਾਵਾ ਨੇ ਮਜੀਠੀਆ ਖਿਲਾਫ ਝੂਠਾ ਕੇਸ ਦਰਜ ਕਰਵਾਇਆ, ਪਰ ਉਹਨਾਂ ਦੀ ਪਾਰਟੀ ਨੂੰ ਅਦਾਲਤ ਤੇ ਭਰੋਸਾ ਹੈ ਅਤੇ ਸਾਰੀ ਪਾਰਟੀ ਮਜੀਠੀਆ ਦੇ ਨਾਲ ਖੜੀ ਹੈ।

Comment here