ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਮਜ਼ਦੂਰੀ ਦਾ ਰੇਟ ਤੈਅ ਕਰਨ ‘ਤੇ ਕਿਸਾਨਾਂ ਮਜ਼ਦੂਰਾਂ ਚ ਤਣਾਅ

ਭਵਾਨੀਗਡ਼੍ਹ-ਪੰਜਾਬ ਦੇ ਕਈ ਪਿੰਡਾਂ ਵਿੱਚ ਜ਼ਿਮੀਦਾਰਾਂ ਨੇ ਮਜ਼ਦੂਰਾਂ ਦੀ ਮਜ਼ਦੂਰੀ ਦਾ ਰੇਟ ਆਪਣੀ ਮਰਜ਼ੀ ਨਾਲ ਤੈਅ ਕਰ ਦਿੱਤਾ ਹੈ। ਜਿਸ ਦਾ ਮਜ਼ਦੂਰ ਸੰਗਠਨਾਂ ਅਤੇ ਜਾਗਦੀਆਂ ਜਮ਼ੀਰਾਂ ਵਾਲੇ ਲੋਕਾਂ ਵਲੋੰ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ, ਅਜਿਹਾ ਇਕ ਮਾਮਲਾ ਭਵਾਨੀਗੜ ਦਾ ਚਰਚਾ ਵਿੱਚ ਹੈ, ਜਿੱਥੇ ਪਡ਼੍ਹੋ ਜੁਡ਼ੋ ਸੰਘਰਸ਼ ਕਰੋ ਯੂਥ ਕਲੱਬ’ ਦੀ ਅਗਵਾਈ ਹੇਠ ਖੇਤ ਮਜ਼ਦੂਰਾਂ ਦੀ ਮੀਟਿੰਗ ਇੱਥੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਬੇਗਮਪੁਰਾ ਬਲਿਆਲ ਰੋਡ ਵਿਖੇ ਹੋਈ ਜਿਸ ’ਚ ਵੱਡੀ ਗਿਣਤੀ ’ਚ ਖੇਤ ਮਜ਼ਦੂਰਾਂ ਨੇ ਹਿੱਸਾ ਲੈਂਦਿਆਂ ਝੋਨੇ ਦੀ ਲੁਆਈ ਦੇ ਰੇਟ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ। ਨਾਲ ਹੀ ਇਕ ਮਾਮਲੇ ’ਚ ਖੇਤ ਮਜ਼ਦੂਰਾਂ ਦਾ ਸਮਾਜਿਕ ਬਾਈਕਾਟ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਮਹਿੰਗਾਈ ਦਰ ਏਨੀ ਤੇਜ਼ੀ ਨਾਲ ਵਧੀ ਹੈ ਕਿ ਮਜ਼ਦੂਰਾਂ ਦੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਿਲ ਹੋ ਚੁੱਕਾ ਹੈ।ਉਨ੍ਹਾਂ ਸਥਾਨਕ ਚਹਿਲਾਂ ਪੱਤੀ ਦੇ ਇਕ ਕਿਸਾਨ ਵੱਲੋਂ ਸੋਸ਼ਲ ਮੀਡੀਆ ਉੱਪਰ ਇਕ ਵੀਡੀਓ ਵਾਇਰਲ ਕਰ ਕੇ ਝੋਨਾ ਲਾਉਣ ਦਾ ਰੇਟ 3500 ਰੁਪਏ ਤੈਅ ਕਰ ਕੇ ਮਜ਼ਦੂਰਾਂ ਨੂੰ ਵੱਧ ਰੇਟ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਜੁਰਮਾਨਾ ਅਤੇ ਦੱਸਣ ਵਾਲੇ ਨੂੰ 10 ਹਜ਼ਾਰ ਰੁਪਏ ਇਨਾਮ ਰਾਸ਼ੀ ਦੇਣ ਦਾ ਐਲਾਨ ਕਰਦੇ ਹੋਏ ਕਹਿਣਾ ਨਾ ਮੰਨਣ ਵਾਲੇ ਮਜ਼ਦੂਰਾਂ ਨੂੰ ਜ਼ਮੀਨਾਂ ਦੀਆਂ ਵੱਟਾਂ ਉੱਪਰ ਚਡ਼੍ਹਨ ਤੋਂ ਰੋਕਣ ਵਰਗੇ ਫ਼ਰਮਾਨ ਜਾਰੀ ਕਰਕੇ ਖੇਤ ਮਜ਼ਦੂਰਾਂ ਦੇ ਸਮਾਜਿਕ ਬਾਈਕਾਟ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਫੁਰਮਾਨ ਜਾਰੀ ਕਰਨ ਨਾਲ ਮਜਦੂਰਾਂ ਦੇ ਮਾਣ ਸਨਮਾਨ ਨੂੰ ਡੂੰਘੀ ਸੱਟ ਵੱਜੀ ਹੈ। ਮਲੌਦ ਨੇ ਕਿਹਾ ਕਿ ਅਜਿਹੇ ਵਿਅਕਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਸਮਾਜ ਅੰਦਰ ਭਾਈਚਾਰਕ ਸਾਂਝ ਨੂੰ ਤੋਡ਼ ਕੇ ਫ਼ਿਰਕੂ ਮਾਹੌਲ ਬਣਾੳਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਝੋਨੇ ਦੀ ਲੁਆਈ ਦੇ ਰੇਟ ਨੂੰ ਜਿੱਥੇ ਕਿਸਾਨਾਂ ਮਜ਼ਦੂਰਾਂ ਵੱਲੋਂ ਸਾਂਝੇ ਤੌਰ ’ਤੇ ਬੈਠ ਕੇ ਤੈਅ ਕਰਨ ਦੀ ਗੱਲ ਕਹੀ ਗਈ ਉੱਥੇ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕੀਤੀ ਕਿ ਸਰਕਾਰ ਆਪਣੇ ਤੌਰ ’ਤੇ ਮਜ਼ਦੂਰਾਂ ਦੀ ਦਿਹਾਡ਼ੀ ਅਤੇ ਝੋਨੇ ਦੀ ਲੁਆਈ ਦਾ ਰੇਟ ਤੈਅ ਕਰੇ ਤਾਂ ਜੋ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 24 ਮਈ ਨੂੰ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਕਮੇਟੀ ਦੇ ਆਗੂਆਂ ਦੀ ਹੋਣ ਵਾਲੀ ਮੀਟਿੰਗ ਵਿਚ ਜਿੱਥੇ ਪੰਚਾਇਤੀ ਜ਼ਮੀਨ ਦੇ ਮਸਲੇ ’ਤੇ ਗੱਲਬਾਤ ਕੀਤੀ ਜਾਵੇਗੀ ਉਥੇ ਦਿਹਾਡ਼ੀ ਦੇ ਰੇਟ ’ਚ ਵੀ ਸਰਕਾਰ ਦੀ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਜਾਵੇਗੀ। ਮੀਟਿੰਗ ਉਪਰੰਤ ਕਲੱਬ ਪ੍ਰਧਾਨ ਬਲਵਿੰਦਰ ਸਿੰਘ, ਕੁਲਵੀਰ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਮੀਤ ਕਾਲਾਝਾਡ਼, ਚੰਦ ਸਿੰਘ ਰਾਮਪੁਰਾ, ਚਰਨਦਾਸ, ਕਾਕਾ ਭੱਟੀਵਾਲ, ਬਿੱਟੂ ਸਿੰਘ ਅੰਮ੍ਰਿਤਪਾਲ, ਬਖਸ਼ੀਸ ਰਾਏ, ਰੌਸ਼ਨ ਲਾਲ ਕਲੇਰ ਆਦਿ ਵੱਲੋਂ ਡੀਐੱਸਪੀ ਭਵਾਨੀਗਡ਼੍ਹ ਨੂੰ ਮਿਲ ਕੇ ਸੋਸ਼ਲ ਮੀਡੀਏ ’ਤੇ ਵੀਡੀਓ ਅਪਲੋਡ ਕਰਕੇ ਵਾਇਰਲ ਕਰਨ ਵਾਲੇ ਦੋਸ਼ੀ ਖ਼ਿਲਾਫ਼ ਕਾਰਵਾਈ ਸਬੰਧੀ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ। ਆਗੂਆਂ ਨੇ ਦੱਸਿਆ ਕਿ ਦੀਪਕ ਰਾਏ ਡੀਐੱਸਪੀ ਭਵਾਨੀਗਡ਼੍ਹ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਮਾਮਲੇ ਸਬੰਧੀ ਕਾਰਵਾਈ ਲਈ ਡੀਏ ਲੀਗਲ ਦੀ ਰਾਏ ਲਈ ਲਿਖ ਕੇ ਭੇਜ ਦਿੱਤਾ ਗਿਆ ਹੈ ਅਤੇ ਮੰਗਲਵਾਰ ਤਕ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ। ਓਧਰ ਕਾਰਵਾਈ ਨਾ ਹੋਣ ਦੀ ਸੂਰਤ ’ਚ ਜਥੇਬੰਦੀਆਂ ਨੇ ਮੰਗਲਵਾਰ ਨੂੰ ਥਾਣੇ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਉਧਰ ਸਬ ਡਵੀਜ਼ਨ ਭਵਾਨੀਗਡ਼੍ਹ ਦੇ ਡੀਐੱਸਪੀ ਦੀਪਕ ਰਾਏ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਜ਼ਦੂਰ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਖੇਤ ਮਜ਼ਦੂਰਾਂ ਵਿਰੁੱਧ ਸੋਸ਼ਲ ਮੀਡੀਏ ’ਤੇ ਵਾਇਰਲ ਹੋ ਰਹੀ ਵੀਡੀਓ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Comment here