ਸਿਆਸਤਖਬਰਾਂ

ਮਘ ਗਿਆ ਹੈ ਪੈਗਾਸਸ ਜਾਸੂਸੀ ਮਾਮਲਾ

ਵਿਰੋਧੀ ਧਿਰਾਂ ਨੇ ਕੇਂਦਰ ਸਰਕਾਰ ਤੇ ਲਾਏ ਜਸੂਸੀ ਦੇ ਦੋਸ਼

ਸਰਕਾਰ ਨੇ ਦੋਸ਼ ਨਕਾਰੇ

ਨਵੀਂ ਦਿੱਲੀ- ਮੋਦੀ ਸਰਕਾਰ ਤੇ ਦੋਸ਼ ਲੱਗ ਰਹੇ ਹਨ ਕਿ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਦੀ ਮਦਦ ਨਾਲ ਜਿਨ੍ਹਾਂ ਭਾਰਤੀ ਲੋਕਾਂ ਦੀ ਜਾਸੂਸੀ ਕੀਤੀ ਗਈ ਹੈ ਉਨ੍ਹਾਂ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਭਾਜਪਾ ਦੇ ਮੰਤਰੀਆਂ ਅਸ਼ਵਿਨੀ ਵੈਸ਼ਨਵ ਤੇ ਪ੍ਰਹਿਲਾਦ ਜੋਸ਼ੀ, ਸਾਬਕਾ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਫੋਨ ਨੰਬਰ ਸ਼ਾਮਲ ਹਨ।

‘ਦਿ ਵਾਇਰ’ ਨਿਊਜ਼ ਪੋਰਟਲ ਜਿਸ ਨੇ ਇਸ ਘਟਨਾ ਨੂੰ ਪੈਗਾਸਸ ਪ੍ਰਾਜੈਕਟ ਦਾ ਨਾਂ ਦਿੱਤਾ ਹੈ, ਨੇ ਕਿਹਾ ਕਿ ਇਨ੍ਹਾਂ ਫੋਨ ਨੰਬਰਾਂ ਦੀ ਸੂਚੀ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਤੇ ਟੀਐੱਮਸੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦਾ ਫੋਨ ਨੰਬਰ ਅਤੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ’ਤੇ ਅਪਰੈਲ 2019 ’ਚ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਸੁਪਰੀਮ ਕੋਰਟ ਨਾਲ ਸਬੰਧਤ ਮੁਲਾਜ਼ਮ ਮਹਿਲਾ ਤੇ ਉਸ ਦੇ ਰਿਸ਼ਤੇਦਾਰਾਂ ਦੇ 11 ਫੋਨ ਨੰਬਰ ਵੀ ਸ਼ਾਮਲ ਹਨ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਅਸ਼ਵਿਨੀ ਵੈਸ਼ਨਵ ਜੋ ਇਸ ਸਮੇਂ ਭਾਰਤ ਤੇ ਆਈਟੀ ਮੰਤਰੀ ਹਨ, ਉਨ੍ਹਾਂ 300 ਭਾਰਤੀਆਂ ’ਚ ਸ਼ਾਮਲ ਹਨ ਜਿਨ੍ਹਾਂ ਦੀ 2017-19 ਦਰਮਿਆਨ ਜਾਸੂਸੀ ਕੀਤੀ ਗਈ ਹੈ। ਪ੍ਰਹਿਲਾਦ ਜੋਸ਼ੀ ਵੀ ਇਸ ਸਮੇਂ ਕੇਂਦਰ ਸਰਕਾਰ ਦੇ ਮੰਤਰੀ ਹਨ। ਇਸ ਸੂਚੀ ’ਚ ਹੋਰਨਾਂ ਤੋਂ ਇਲਾਵਾ ਜਮਹੂਰੀ ਸੁਧਾਰ ਬਾਰੇ ਐਸੋਸੀਏਸ਼ਨ (ਏਡੀਆਰ) ਦੇ ਜਗਦੀਪ ਛੋਕਰ, ਵਾਇਰਸ ਰੋਗਾਂ ਦੇ ਮਾਹਿਰ ਗਗਨਦੀਪ ਕੰਗ, ਵਸੁੰਧਰਾ ਰਾਜੇ ਸਿੰਧੀਆ ਦੇ ਰਾਜਸਥਾਨ ਦੇ ਮੁੱਖ ਮੰਤਰੀ ਹੋਣ ਸਮੇਂ ਉਨ੍ਹਾਂ ਦੇ ਨਿੱਜੀ ਸਕੱਤਰ, 2014-15 ਦੌਰਾਨ ਸਮ੍ਰਿਤੀ ਇਰਾਨੀ ਦੇ ਦਫ਼ਤਰ ਦੇ ਓਐੱਸਡੀ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ, ਬਿੱਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਮੁਖੀ ਹਰੀ ਮੈਨਨ ਦੇ ਫੋਨ ਨੰਬਰ ਵੀ ਸ਼ਾਮਲ ਹਨ।

ਚਾਲੀ ਦੇ ਕਰੀਬ ਪੱਤਰਕਾਰਾਂ ਦੀ ਜਸੂਸੀ ਦੀ ਵੀ ਗੱਲ ਹੋ ਰਹੀ ਹੈ, ਜਿਹਨਾਂ ਚ ਪੰਜਾਬ ਅਖਬਾਰ ‘ਪਹਿਰੇਦਾਰ’ ਦੇ ਸੰਪਾਦਕ ਜਸਪਾਲ ਹੇਰਾਂ ਦਾ ਨਾਂ ਵੀ ਆਇਆ ਹੈ। ਸਾਰੇ ਮੁੱਦੇ ਤੇ ਸਿਆਸੀ ਹਲਚਲ ਹੋ ਰਹੀ ਹੈ, ਸਰਕਾਰ ਨੂੰ ਸਵਾਲ ਹੋ ਰਹੇ ਨੇ, ਪਰ ਸਰਕਾਰ ਨੇ ਦੋਸ਼ ਨਕਾਰੇ ਹਨ।

ਵਿਰੋਧੀ ਧਿਰਾਂ ਦਾ ਹੱਲਾ ਬੋਲ

ਕਾਂਗਰਸ ਨੇ ਇਸ ਮੁਦੇ ਤੇ  ਕੇਂਦਰ ਸਰਕਾਰ ’ਤੇ ‘ਦੇਸ਼ਧ੍ਰੋਹ’ ਅਤੇ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਦੋਸ਼ ਲਾਇਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੰਗ ਕੀਤੀ ਕਿ ਇਸ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਹੁਦੇ ਤੋਂ ਹਟਾਇਆ ਜਾਵੇ ਅਤੇ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਸੂਰਜੇ ਵਾਲਾ ਨੇ ਕਟਾਖਸ ਕੀਤਾ ਕਿ ਬੀਜੇਪੀ ਇਸ ਵਾਰ ਨਾਅਰਾ ਲੈ ਕੇ ਆਵੇਗੀ- ਅਬ ਕੀ ਬਾਰ, ਜਸੂਸ ਸਰਕਾਰ।  ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ  ਮੰਤਰੀ ਪੀ. ਚਿਦੰਬਰਮ ਨੇ ਟਵੀਟ ਕੀਤਾ ਕਿ ਜੇਕਰ ਸਰਕਾਰ ਨੇ ਪੈਗਾਸਸ ਸਾਫਟਵੇਅਰ/ਸਪਾਈਵੇਅਰਸ ਹਾਸਲ ਕੀਤਾ ਹੈ ਤਾਂ ਆਈਟੀ ਮੰਤਰੀ ਵੈਸ਼ਨਵ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ।

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਨੂੰ ਦੇਸ਼ ਦੀ ਜਮਹੂਰੀਅਤ ’ਤੇ ‘ਹੈਰਾਨ ਕਰਨਾ ਵਾਲਾ ਹਮਲਾ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਇੱਕ ਅਧਿਕਾਰਤ ਬਿਆਨ ’ਚ ਅਮਰਿੰਦਰ ਸਿੰਘ ਨੇ ਕਿਹਾ, ‘ਇਹ ਕੇਂਦਰ ਸਰਕਾਰ ਵੱਲੋਂ ਭਾਰਤ ਦੀ ਜਮਹੂਰੀ ਰਾਜਨੀਤੀ ’ਤੇ ਬਹੁਤ ਜ਼ਿਆਦਾ ‘ਹੈਰਾਨ ਕਰਨ ਵਾਲਾ ਹਮਲਾ’ ਅਤੇ ‘ਸ਼ਰਮਨਾਕ ਹਮਲਾ’ ਹੈ ਅਤੇ ਉਸ ਨੇ ਇਸ ‘ਸ਼ਰਮਨਾਕ ਕਾਰੇ’ ਨਾਲ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ।’ ਉਨ੍ਹਾਂ ਕਿਹਾ ਕਿ ਇਜ਼ਰਾਇਲੀ ਕੰਪਨੀ ਵੱਲੋਂ ਅਜਿਹੀ ਜਾਸੂਸੀ ਕੇਂਦਰ ਸਰਕਾਰ ਦੀ ਆਗਿਆ ਦੇ ਬਿਨਾਂ ਨਹੀਂ ਕੀਤੀ ਜਾ ਸਕਦੀ।

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਮਿਤ ਸ਼ਾਹ ਨੂੰ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਰਾਹੀਂ ਪੱਤਰਕਾਰਾਂ ਸਮੇਤ ਹੋਰ ਲੋਕਾਂ ਦੀ ਕਥਿਤ ਜਾਸੂਸੀ ਦੇ ਮੁੱਦੇ ’ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਰਾਊਤ ਨੇ ਨਵੀਂ ਦਿੱਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਦੇਸ਼ ਦੀ ਸਰਕਾਰ ਤੇ ਪ੍ਰਸ਼ਾਸਨ ਕਮਜ਼ੋਰ ਹੈ।

ਆਪ ਦੇ ਸੰਜੇ ਸਿੰਘ ਨੇ ਵੀ ਸਰਕਾਰ ਨੂੰ ਇਸ ਮਾਮਲੇ ਤੇ ਸਦਨ ਚ ਚਰਚਾ ਕਰਾਉਣ ਲਈ ਕਿਹਾ।

ਤ੍ਰਿਣਮੂਲ ਕਾਂਗਰਸ ਨੇ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਲੋਕਤੰਤਰ ’ਤੇ ਹਮਲਾ ਕਰਾਰ ਦਿੱਤਾ ਹੈ।

ਸਰਕਾਰ ਦਾ ਪੱਖ: ਦੋਸ਼ ਨਿਰਅਧਾਰ, ਜਸੂਸੀ ਦਾ ਇਤਿਹਾਸ ਕਾਂਗਰਸ ਦਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰਾਂ ਤੇ ਉਨ੍ਹਾਂ ਦੋਸ਼ਾਂ ਨੂੰ ਲੈ ਕੇ ਨਿਸ਼ਾਨਾ ਸੇਧਿਆ ਕਿ ਸਰਕਾਰ ਨੇਤਾਵਾਂ, ਪੱਤਰਕਾਰਾਂ ਤੇ ਹੋਰਨਾਂ ਲੋਕਾਂ ਦੇ ਫੋਨ ਦੀ ਜਾਸੂਸੀ ਕਰਨ ’ਚ ਸ਼ਾਮਲ ਸੀ। ਸ਼ਾਹ ਨੇ ਕਿਹਾ ਕਿ ਅਜਿਹੀਆਂ ਅੜਿੱਕਾਪਾਊ ਸਾਜ਼ਿਸ਼ਾਂ ਨਾਲ ਭਾਰਤ ਨੂੰ ਵਿਕਾਸ ਦੇ ਰਾਹ ਤੋਂ ਹੇਠਾਂ ਨਹੀਂ ਲਾਹਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਥਿਤ ਜਾਸੂਸੀ ਬਾਰੇ ਰਿਪੋਰਟ ਨੂੰ ਕੁਝ ਲੋਕਾਂ ਨੇ ਅੱਗੇ ਵਧਾਇਆ ਹੈ ਜਿਸ ਦਾ ਇੱਕੋ ਇੱਕ ਮਕਸਦ ਆਲਮੀ ਪੱਧਰ  ’ਤੇ ਭਾਰਤ ਦੀ ਬੇਇੱਜ਼ਤੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਾ ਹੈ। ਉਨ੍ਹਾਂ ਕਿਹਾ, ‘ਇਹ ਲੋਕ ਭਾਰਤੀ ਰਾਜਨੀਤੀ ਦੇ ਖਿਡਾਰੀ ਹਨ ਜੋ ਨਹੀਂ ਚਾਹੁੰਦੇ ਕਿ ਭਾਰਤ ਤਰੱਕੀ ਕਰੇ। ਭਾਰਤ ਦੇ ਲੋਕ ਇਸ ਲੜੀ ਤੇ ਸਬੰਧ ਨੂੰ ਚੰਗੀ ਤਰ੍ਹਾਂ ਸਮਝਦੇ ਹਨ।’ ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦੇ ਹਨ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਪਹਿਲ ਸਪੱਸ਼ਟ ਹੈ ਅਤੇ ਉਹ ਕੌਮੀ ਭਲਾਈ ਤੇ ਇਸ ਨੂੰ ਹਾਸਲ ਕਰਨ ਲਈ ਕੰਮ ਕਰਦੀ ਰਹੇਗੀ। ਭਾਜਪਾ ਦੇ ਸੀਨੀਅਰ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਦਾਅਵਾ ਕੀਤਾ ਕਿ ਪੈਗਾਸਸ ਜਾਸੂਸੀ ਮਾਮਲੇ ’ਚ ਹਾਕਮ ਧਿਰ ਜਾਂ ਮੋਦੀ ਸਰਕਾਰ ਨੂੰ ਜੋੜੇ ਜਾਣ ਦਾ ਇੱਕ ਵੀ ਸਬੂਤ ਨਹੀਂ ਹੈ। ਉਨ੍ਹਾਂ ਇਸ ਮਾਮਲੇ ’ਚ ਸ਼ਾਮਲ ਲੋਕਾਂ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਖ਼ਬਰ ਚਲਾਈ ਉਨ੍ਹਾਂ ਨੇ ਹੀ ਕਿਹਾ ਹੈ ਕਿ ਡਾਟਾਬੇਸ ’ਚ ਕਿਸੇ ਖਾਸ ਨੰਬਰ ਦੀ ਮੌਜੂਦਗੀ ਨਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ ਕਿ ਇਸ ’ਤੇ ਪੈਗਾਸਸ ਦਾ ਪ੍ਰਭਾਵ ਹੈ। ਸਾਬਕਾ ਮੰਤਰੀ ਪ੍ਰਸਾਦ ਨੇ ਇਹ ਵੀ ਕਿਹਾ ਕਿ ਜਸੂਸੀ ਦਾ ਤਾਂ ਕਾਂਗਰਸ ਦਾ ਇਤਿਹਾਸ ਹੈ।

Comment here