ਇਸਲਾਮਾਬਾਦ–ਕੌਮੀ ਜਵਾਬਦੇਹੀ ਬਿਊਰੋ ਨੇ ਸ਼ਾਹਬਾਜ਼ ਸ਼ਰੀਫ ਤੇ ਉਨ੍ਹਾਂ ਦੇ ਪੁੱਤਰਾਂ ਹਮਜ਼ਾ ਤੇ ਸੁਲੇਮਾਨ ਖਿਲਾਫ ਨਵੰਬਰ 2020 ’ਚ ਭ੍ਰਿਸ਼ਟਾਚਾਰ-ਰੋਕੂ ਕਾਨੂੰਨ ਤੇ ਮਨੀ ਲਾਂਡ੍ਰਿੰਗ-ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਭਗੌੜਾ ਪੁੱਤਰ ਸੁਲੇਮਾਨ ਸ਼ਾਹਬਾਜ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਐਤਵਾਰ ਤੜਕੇ ਵਤਨ ਪਰਤ ਆਇਆ। ਉਹ ਪਿਛਲੇ ਲੱਗਭਗ 4 ਸਾਲਾਂ ਤੋਂ ਲੰਡਨ ’ਚ ਰਹਿ ਰਿਹਾ ਸੀ।
ਕੌਮੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਨੇ 2018 ਦੀਆਂ ਆਮ ਚੋਣਾਂ ਤੋਂ ਪਹਿਲਾਂ ਉਸ ਦੇ ਅਤੇ ਉਸ ਦੇ ਪਰਿਵਾਰ ਖਿਲਾਫ਼ ਮਾਮਲੇ ਦਰਜ ਕੀਤੇ ਸਨ, ਜਿਸ ਦੇ ਬਾਅਦ ਤੋਂ ਸੁਲੇਮਾਨ ਲੰਡਨ ’ਚ ਰਹਿ ਰਿਹਾ ਸੀ। ਉਹ ਕੁਝ ਦਿਨ ਤਾਂ ਜਾਂਚ ’ਚ ਸ਼ਾਮਲ ਹੋਇਆ ਪਰ ਫਿਰ ਲੰਡਨ ਚਲਾ ਗਿਆ। ਇਸਲਾਮਾਬਾਦ ਹਾਈਕੋਰਟ ਨੇ ਕੁਝ ਦਿਨ ਪਹਿਲਾਂ ਸੁਲੇਮਾਨ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਤੇ ਐੱਨ. ਏ. ਬੀ. ਦੇ ਮਨੀ ਲਾਂਡ੍ਰਿੰਗ ਮਾਮਲੇ ’ਚ ਉਸ ਨੂੰ ਗ੍ਰਿਫ਼ਤਾਰ ਕਰਨ ’ਤੇ ਰੋਕ ਲਾ ਦਿੱਤੀ ਸੀ। ਅਦਾਲਤ ਨੇ ਉਸ ਨੂੰ 13 ਦਸੰਬਰ ਤੋਂ ਪਹਿਲਾਂ ਆਤਮਸਮਰਪਣ ਕਰਨ ਦਾ ਹੁਕਮ ਦਿੱਤਾ ਸੀ।
ਪਾਕਿਸਤਾਨ ਮੁਸਲਿਮ ਲੀਗ (ਐੱਨ.) ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਸੁਲੇਮਾਨ ਦੇ ਘਰ ਵਾਪਸ ਆਉਣ ਅਤੇ ਆਪਣੇ ਪਿਤਾ ਨੂੰ ਮਿਲਣ ਤੇ ਗਲੇ ਲਗਾਉਣ ਦੀ ਵੀਡੀਓ ਸਾਂਝੀ ਕੀਤੀ। ਸੁਲੇਮਾਨ ਨੇ ਆਪਣੀ ਵਾਪਸੀ ਤੋਂ ਪਹਿਲਾਂ ਬਿਆਨ ਵਿਚ ਕਿਹਾ ਸੀ ਕਿ ਨਵੀਂ ਵਿਵਸਥਾ ਬਣਾਉਣ ’ਚ ਮਦਦ ਕਰਨ ਲਈ ਉਸ ਦੇ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ‘ਫਰਜ਼ੀ’ ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ ਉਸ ਨੂੰ ਆਪਣੀ ਸੁਰੱਖਆ ਲਈ ਪਾਕਿਸਤਾਨ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਉਸ ਨੇ ਇਨ੍ਹਾਂ ਮਾਮਲਿਆਂ ਨੂੰ ਸਿਆਸੀ ਤੌਰ ’ਤੇ ਸ਼ੋਸ਼ਣ ਕਰਨ ਦੀ ਸਭ ਤੋਂ ਬਦਤਰ ਉਦਾਹਰਣ ਦੱਸਿਆ।
Comment here