ਹਾਲ ਹੀ ਵਿੱਚ ਆਈ ਇਕ ਰਿਪੋਰਟ ਮੁਤਾਬਕ ਭਾਰਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਚ ਆਪਣੀ ਸਥਿਤੀ ਸੁਧਾਰੀ ਹੈ। ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਸਰਵੇਖਣ ਮੁਤਾਬਕ ਭਾਰਤ ਪਿਛਲੇ ਸਾਲ ਦੇ 86 ਨੰਬਰ ਤੋਂ ਇਸ ਸਾਲ 85 ਨੰਬਰ ਤੇ ਆਇਆ ਹੈ। ਪਰ ਟਰਾਂਸਪਿਰੇਸੀ ਮੁਤਾਬਕ ਭਾਰਤ, ਪਿਛਲੇ ਇਕ ਦਹਾਕੇ ਤੋਂ ਹੀ ਇਸੇ ਥਾਂ ਤੇ ਖੜਾ ਹੈ ਤੇ ਭ੍ਰਿਸ਼ਟਾਚਾਰ ਇਥੇ ਜੀਵਨ ਦਾ ਅਟੁਟ ਅੰਗ ਬਣਿਆ ਹੋਇਆ ਹੈ ਪਰ ਜਿਨ੍ਹਾਂ ਸੰਸਥਾਵਾਂ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਸੀ, ਉਹ ਲਗਾਤਾਰ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ ਜੋ ਬੜੀ ਚਿੰਤਾ ਵਾਲੀ ਗੱਲ ਹੈ। ਹਾਂ ਇਸ ਗੱਲ ਨੂੰ ਲੈ ਕੇ ਕੁੱਝ ਸੰਤੁਸ਼ਟੀ ਪ੍ਰਾਪਤ ਕਰ ਸਕਦੇ ਹਾਂ ਕਿ ਪਾਕਿਸਤਾਨ ਤੇ ਬੰਗਲਾਦੇਸ਼ ਦੇ ਹਾਲਾਤ ਸਾਡੇ ਨਾਲੋਂ ਵੀ ਮਾੜੇ ਹਨ। ਪਰ ਜਦ ਅਸੀ ਅਪਣੇ ਆਪ ਨੂੰ ਦੁਨੀਆਂ ਦੀ ਇਕ ਵੱਡੀ ਤਾਕਤ ਬਣਦੀ ਵੇਖਣਾ ਚਾਹੁੰਦੇ ਹਾਂ ਤਾਂ ਅਪਣੇ ਤੋਂ ਕਮਜ਼ੋਰ ਦੇਸ਼ਾਂ ਦੀ ਮਾੜੀ ਸਥਿਤੀ ਨਾਲ ਅਪਣਾ ਮੁਕਾਬਲਾ ਕਰਨਾ ਸਿਆਣਪ ਵਾਲੀ ਗੱਲ ਨਹੀਂ ਹੋਵੇਗਾ। ਇਸ ਸਰਵੇਖਣ ਵਿਚ ਭ੍ਰਿਸ਼ਟਾਚਾਰ, ਲੋਕਾਂ ਦੇ ਪੈਸੇ ਦਾ ਦੁਰਉਪਯੋਗ, ਅਫ਼ਸਰਸ਼ਾਹੀ ਵਲੋਂ ਅਪਣੀ ਤਾਕਤ ਦਾ ਨਿਜੀ ਫ਼ਾਇਦੇ ਵਾਸਤੇ ਇਸਤੇਮਾਲ, ਪ੍ਰਵਾਰਕ ਨੌਕਰੀਆਂ, ਇਨਸਾਫ਼ ਵਿਚ ਦੇਰੀ ਆਦਿ ਵਰਗੇ ਮਾਪਦੰਡ ਵਿਚਾਰੇ ਗਏ। ਇਹ ਸੱਭ ਮਾਪਦੰਡ ਸਾਡੀ ਆਮ ਜ਼ਿੰਦਗੀ ਦਾ ਇਸ ਕਦਰ ਹਿੱਸਾ ਬਣ ਚੁੱਕੇ ਹਨ ਕਿ ਹੁਣ ਸਾਨੂੰ ਇਹ ਚੁਭਦੇ ਵੀ ਨਹੀਂ। ਅੱਜ ਜਦ ਮੰਤਰੀ ਤਾਕਤ ਵਿਚ ਆਉਂਦੇ ਹੀ ਅਪਣੇ ਪ੍ਰਵਾਰਕ ਜੀਆਂ ਨੂੰ ਅਹਿਮ ਅਹੁਦਿਆਂ ਤੇ ਬਿਠਾਉਣ ਲਗਦੇ ਹਨ ਤਾਂ ਲੋਕ ਨਰਾਜ਼ ਨਹੀਂ ਹੁੰਦੇ। ਅਸੀ ਕਬੂਲ ਕਰ ਲਿਆ ਹੈ ਕਿ ਆਮ ਭਾਰਤੀ ਵਾਸਤੇ ਇਨਸਾਫ਼ ਦੀ ਤਕੜੀ ਵਖਰੀ ਹੈ ਤੇ ਤਾਕਤਵਰ ਤੇ ਸੱਤਾਧਾਰੀ ਵਾਸਤੇ ਵਖਰੀ। ਜਿਸ ਈ.ਡੀ.ਤੇ ਸੀ.ਬੀ.ਆਈ. ਦਾ ਕੰਮ ਭ੍ਰਿਸ਼ਟਾਚਾਰ ਨੂੰ ਰੋਕਣਾ ਹੈ, ਉਹ ਸਿਰਫ਼ ਆਮ ਇਨਸਾਨ ਤੇ ਨਜ਼ਰ ਰਖਦੇ ਹਨ ਤੇ ਚੋਣਾਂ ਵਿਚ ਗ਼ਲਤ ਛਾਪੇ ਮਾਰ ਕੇ, ਸੱਤਾ ਦੀ ਖੇਡ ਦਾ ਹਿੱਸਾ ਵੀ ਬਣ ਜਾਂਦੇ ਹਨ।
ਸਾਡੇ ਦੇਸ਼ ਵਿਚ ਭ੍ਰਿਸ਼ਟਾਚਾਰ ਇਕ ਕੈਂਸਰ ਵਰਗੀ ਬੀਮਾਰੀ ਬਣ ਗਈ ਹੈ। ਕੀ ਸਾਡੀ ਕ੍ਰਿਕਟ ਦੀ ਮੁੱਖ ਸੰਸਥਾ ਬੀ.ਸੀ.ਸੀ.ਆਈ. ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਬਦਨਾਮ ਹੋ ਰਹੀ ਹੈ? ਇਸ ਸੰਸਥਾ ਨੂੰ ਸਿਆਸਤਦਾਨਾਂ ਦੇ ਹੱਥ ਫੜਾ ਕੇ ਮੰਤਰੀ ਅਪਣੀ ਦੌਲਤ ਵੀ ਵਧਾ ਰਹੇ ਹਨ ਤੇ ਸੱਤਾ ਦੀ ਨਾਜਾਇਜ਼ ਵਰਤੋਂ ਵੀ ਕਰ ਰਹੇ ਹਨ। 2014 ਵਿਚ ਮੀਡੀਆ ਅਜਿਹੀ ਵੱਡੀ ਤਾਕਤ ਸੀ ਕਿ 500 ਕਰੋੜ ਦੇ ਇਲਜ਼ਾਮ ਨਾਲ ਹੀ ਸਰਕਾਰ ਬਦਲ ਗਈ ਸੀ ਪਰ ਅੱਜ 5000 ਕਰੋੜ ਦਾ ਦੋਸ਼ ਲੱਗ ਜਾਵੇ, ਸਰਕਾਰੀ ਟਾਹਣਿਆਂ ਦਾ ਪੱਤਾ ਵੀ ਨਹੀਂ ਹਿਲਦਾ। ਫ਼ਰਾਂਸ ਦੀ ਸਰਕਾਰ ਰਾਫ਼ੇਲ ਸੌਦੇ ਨੂੰ ਦਾਗ਼ੀ ਆਖ ਕੇ ਇਸੇ ਤਰ੍ਹਾਂ ਦੀ ਰੀਪੋਰਟ ਭਾਰਤ ਬਾਰੇ ਜਾਰੀ ਕਰੇ, ਦੇਸ਼ ਵਿਚ ਗ਼ਰੀਬੀ ਅਮੀਰੀ ਦਾ ਫ਼ਰਕ ਚਿੰਤਾਜਨਕ ਹਾਲਤ ਵਿਚ ਆ ਜਾਵੇ, ਬੇਰੁਜ਼ਗਾਰੀ ਸਿਖਰ ਤੇ ਹੋਵੇ, ਦੇਸ਼ ਦਾ ਮੀਡੀਆ ਉਫ਼ ਤਕ ਨਹੀਂ ਕਰਦਾ। ਅੱਜ ਅਸੀ ਅਜਿਹਾ ਸਮਾਜ ਬਣ ਚੁੱਕੇ ਹਾਂ ਜਿਥੇ ਧਰਮ ਵਿਚ ਵੀ ਰਿਸ਼ਵਤ ਚਲਦੀ ਹੈ, ਪੈਸੇ ਦੇ ਕੇ ਰੱਬ ਦੇ ਦਰਸ਼ਨ ਜਲਦੀ ਹੋ ਜਾਂਦੇ ਹਨ, ਕਾਤਲਾਂ, ਬਲਾਤਕਾਰੀਆਂ, ਚੋਰਾਂ ਦਾ ਮੰਦਰਾਂ ਗੁਰਦਵਾਰਿਆਂ ਵਿਚ ਵੱਡੀ ਭੇਟਾ ਦੇਣ ਬਾਅਦ ਸਨਮਾਨ ਕਰ ਦਿਤਾ ਜਾਂਦਾ ਹੈ, ਸਕੂਲਾਂ ਵਿਚ ਪੈਸਾ ਦੇ ਕੇ ਦਾਖ਼ਲਾ ਮਿਲਦਾ ਹੈ, ਡਾਕਟਰ ਵੀ ਭ੍ਰਿਸ਼ਟ ਹੋ ਗਏ ਹਨ ਅਤੇ ਬੀਮਾਰ ਵਿਅਕਤੀ ਨੂੰ ਲੁਟਦੇ ਹਨ, ਮਰੇ ਹੋਏ ਨੂੰ ਵੈਂਟੀਲੇਟਰ ਤੇ ਪਾ ਕੇ ਪੈਸੇ ਬਣਾਉਣ ਦੀ ਸੋਚ ਰਖਦੇ ਹਨ ਤੇ ਅਸੀ ਆਖਦੇ ਹਾਂ ਕਿ ਇਹ ਦੁਨੀਆਂਦਾਰੀ ਹੈ। ਸਹਿਣਸ਼ੀਲਤਾ ਤੇ ਗੰਦਗੀ ਨੂੰ ਅਪਣਾ ਹਿੱਸਾ ਬਣਾਉਣਾ ਦੋ ਅਲੱਗ ਗੱਲਾਂ ਹਨ। ਇਹ ਰੀਪੋਰਟ ਸਾਨੂੰ ਜਗਾਉਣ ਵਾਸਤੇ ਆਈ ਹੈ। ਅਸੀ ਅਪਣੇ ਆਪ ਨੂੰ ਕਿੰਨੇ ਭੁੱਖੇ ਬਣਾਉਣਾ ਚਾਹੁੰਦੇ ਹਾਂ, ਕਿੰਨੇ ਲਾਲਚੀ ਤੇ ਕਿੰਨੇ ਸਵਾਰਥੀ, ਇਹ ਗੱਲ ਤੈਅ ਕਰੇਗੀ ਕਿ ਸਮਾਜ ਤੇ ਸਿਸਟਮ ਵਿਚ ਸੁਧਾਰ ਮੁਮਕਿਨ ਹੈ ਵੀ ਜਾਂ ਨਹੀਂ।
-ਨਿਮਰਤ ਕੌਰ
Comment here