ਸਾਹਿਤਕ ਸੱਥਗੁਸਤਾਖੀਆਂ

ਭੇਡਾਂ

‘‘ਨਹੀਂ! ਨਹੀਂ!! ਇੰਜ ਬਿਲਕੁਲ ਨਹੀਂ ਹੋਵੇਗਾ।’’ ਬੁੱਢੀ ਭੇਡ ਚਿਲਾਈ। ‘‘ਕਿਉਂ ਨਹੀਂ ਹੋਵੇਗਾ? ਮੈਂ ਇਸ ਚਰਾਗਾਹ ਦਾ ਮਾਲਕ ਹਾਂ। ਤੇ ਤੁਸੀਂ ਹੁਕਮ ਅਦੂਲੀ ਬਿਲਕੁਲ ਵੀ ਨਹੀਂ ਕਰ ਸਕਦੀਆਂ।’’ ਸ਼ਿਕਾਰੀ ਨੇ ਰੋਹ ਵਿੱਚ ਦੰਦ ਕਰੀਚੇ।
‘’ਤੇਰੇ ਇਸ ਵਤੀਰੇ ਤੋਂ ਤਾਂ ਅਸੀਂ ਪਹਿਲਾਂ ਹੀ ਬਹੁਤ ਜ਼ਿਆਦਾ ਤੰਗ ਹਾਂ। ਆਹ ਦੇਖ ਸਾਰਾ ਇੱਜੜ ਕਿੰਜ ਸਹਿਮਿਆ ਪਿਆ ਹੈ। ਅਜਿਹੇ ਹਾਲਾਤ ਵਿੱਚ ਤਾਂ ਇਨ੍ਹਾਂ ਨੂੰ ਸੇਧ ਦੇਣਾ ਮੇਰਾ ਮੁੱਢਲਾ ਕਰਤੱਵ ਹੈ।’’ ਬੁੱਢੀ ਭੇਡ ਆਪਣੀ ਜਮਾਤ ਲਈ ਫ਼ਿਕਰਮੰਦ ਸੀ।
‘‘ਕਿਉਂ ਬਈ ਭੇਡੋ! ਮੈਂ ਤੁਹਾਨੂੰ ਕਦੇ ਤੰਗ ਕੀਤਾ? ਮੇਰੇ ਪਾਲਤੂ ਕੁੱਤਿਆਂ ਨੇ ਕਦੇ ਲੋੜ ਤੋਂ ਵੱਧ ਜੀਵ ਹੱਤਿਆ ਕੀਤੀ ਹੈ? ਇਹ ਬੁੱਢੀ ਤਾਂ ਐਵੇਂ ਤੁਹਾਨੂੰ ਗੁੰਮਰਾਹ ਕਰ ਰਹੀ ਹੈ।’’
ਸ਼ਿਕਾਰੀ ਨੇ ਬੜੀ ਚੁਸਤੀ ਨਾਲ ਪੱਤਾ ਖੇਡਦਿਆਂ ਭੇਡਾਂ ਨੂੰ ਕਿਹਾ। ਭੇਡਾਂ ਵਿੱਚ ਪਹਿਲਾਂ ਤਾਂ ਘੁਸਰ-ਮੁਸਰ ਹੋਈ ਤੇ ਫਿਰ ਹਿਲਜੁਲ। ਹੁਣ ‘ਸ਼ਿਕਾਰੀ ਮਹਾਰਾਜ ਜੀ ਦੀ ਜੈ’ ਦੇ ਨਾਅਰਿਆਂ ਦੀ ਗੂੰਜ ਫ਼ਿਜ਼ਾ ਵਿੱਚ ਫੈਲ ਰਹੀ ਸੀ ਤੇ ਬੁੱਢੀ ਭੇਡ ਦੀ ਆਵਾਜ਼ ਇਨ੍ਹਾਂ ਨਾਅਰਿਆਂ ਵਿੱਚ ਹੀ ਅਲੋਪ ਹੋ ਗਈ ਸੀ।
– ਸਤੇਸ਼ ਭੂੰਦੜ

Comment here