ਅਪਰਾਧਸਿਆਸਤਖਬਰਾਂ

ਭੂਤ ਦੂਰ ਕਰਨ ਦੇ ਬਹਾਨੇ ਤਾਂਤਰਿਕ ਵਲੋਂ ਔਰਤ ਨਾਲ ਬਲਾਤਕਾਰ

ਸਿਰਸਾ : ਰਾਣੀਆਂ ਥਾਣਾ ਪੁਲਿਸ ਨੇ ਪਿੰਡ ਧਨੂਰ ਖੇਤਰ ਵਾਸੀ ਇਕ ਤਾਂਤਰਿਕ ਦੇ ਖਿਲਾਫ਼ ਔਰਤ ਨਾਲ ਜਬਰ ਜਨਾਹ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਫਤਿਹਾਬਾਦ ਖੇਤਰ ਦੇ ਇਕ ਪਿੰਡ ਦੀ ਰਹਿਣ ਵਾਲੀ ਔਰਤ ਨੇ ਰਾਣੀਆਂ ਥਾਣਾ ਵਿਚ ਸ਼ਿਕਾਇਤ ਦਿੱਤੀ ਹੈ ਕਿ ਉਹ ਪਿਛਲੇ ਅੱਠ ਮਹੀਨਿਆਂ ਤੋਂ ਬਿਮਾਰ ਰਹਿੰਦੀ ਹੈ। ਉਸਦੇ ਘਰ ਵਿਚ ਇਕ ਤਾਂਤਰਿਕ ਆਉਂਦਾ ਸੀ। ਉਸਨੂੰ ਜਦੋਂ ਬਿਮਾਰੀ ਦੀ ਗੱਲ ਦੱਸੀ ਤਾਂ ਉਸਨੇ ਕਿਹਾ ਕਿ ਪਿੰਡ ਧਨੂਰ ਵਿਚ ਇਕ ਤਾਂਤਰਿਕ ਹੈ, ਜਿਹੜਾ ਉਸਨੂੰ ਠੀਕ ਕਰ ਦੇਵੇਗਾ। ਇਸਦੇ ਬਾਅਦ ਉਹ 15 ਅਕਤੂਬਰ ਨੂੰ ਆਪਣੇ ਪਤੀ ਨਾਲ ਸਲਾਹ ਕਰ ਕੇ ਉਕਤ ਵਿਅਕਤੀ ਨਾਲ ਤਾਂਤਰਿਕ ਕੋਲ ਆ ਗਈ। ਤਾਂਤਰਿਕ ਨੇ ਉਸਨੂੰ ਪਾਣੀ ’ਵਿਚ ਭਭੂਤ ਘੋਲ ਕੇ ਪਿਆ ਦਿੱਤੀ ਤੇ ਉਸਦੇ ਉੱਪਰ ਝਾੜ ਫੂਕ ਕਰਨ ਲੱਗਾ। ਰਾਤ ਨੂੰ ਉਸਨੇ ਕਿਹਾ ਕਿ ਭੂਤ ਪ੍ਰੇਤ ਦਾ ਪਰਛਾਵਾਂ ਸ਼ਮਸ਼ਾਨ ਘਾਟ ’ਵਿਚ ਛੱਡ ਕੇ ਆਉਣਾ ਪਵੇਗਾ। ਉਹ ਰਾਤ ਨੂੰ ਦਸ ਵਜੇ ਤਾਂਤਰਿਕ ਨਾਲ ਮੋਟਰਸਾਈਕਲ ’ਤੇ ਬੈਠ ਕੇ ਗਈ। ਉਨ੍ਹਾਂ ਦੇ ਨਾਲ ਇਕ ਹੋਰ ਵਿਅਕਤੀ ਵੀ ਮੋਟਰਸਾਈਕਲ ’ਤੇ ਸਵਾਰ ਸੀ। ਪੀੜਤਾ ਨੇ ਦੱਸਿਆ ਕਿ ਉਹ ਤੇ ਤਾਂਤਰਿਕ ਸ਼ਮਸ਼ਾਨ ਘਾਟ ’ਵਿਚ ਚਲੇ ਗਏ, ਜਦਕਿ ਉਕਤ ਵਿਅਕਤੀ ਬਾਹਰ ਖੜ੍ਹਾ ਰਿਹਾ। ਔਰਤ ਨੇ ਦੋਸ਼ ਲਗਾਇਆ ਕਿ ਤਾਂਤਰਿਕ ਨੇ ਉਸ ’ਤੇ ਝਾੜ ਫੂਕ ਕਰ ਕੇ ਜ਼ਬਰਦਸਤੀ ਇਕ ਗਲਾਸ ’ਚ ਸ਼ਰਾਬ ਪਿਆ ਦਿੱਤੀ ਤੇ ਬਾਅਦ ’ਚ ਉਸਦੇ ਨਾਲ ਨਸ਼ੇ ਦੀ ਹਾਲਤ ਵਿਚ ਜਬਰ ਜਨਾਹ ਕੀਤਾ। ਉਸਨੇ ਕਿਹਾ ਕਿ ਜੇਕਰ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸਨੂੰ ਜਾਨੋਂ ਮਾਰ ਦੇਵੇਗਾ। ਇਸਦੇ ਬਾਅਦ ਤਾਂਤਰਿਕ ਉਸਨੂੰ ਘਰ ਲੈ ਆਇਆ। ਜਿੱਥੇ ਉਸਨੂੰ ਕੋਈ ਹੋਸ਼ ਨਹੀਂ ਰਿਹਾ। ਅਗਲੇ ਦਿਨ ਦੁਪਹਿਰ 12 ਵਜੇ ਜਦੋਂ ਉਸਨੂੰ ਹੋਸ਼ ਆਈ ਤਾਂ ਉਸਨੇ ਨਾਲ ਗਏ ਵਿਅਕਤੀ ਨੂੰ ਕਿਹਾ ਕਿ ਉਸਨੂੰ ਛੇਤੀ ਘਰ ਲੈ ਜਾਵੇ, ਤਬੀਅਤ ਖਰਾਬ ਹੈ। ਬਾਅਦ ’ਵਿਚ ਉਹ ਆਪਣੇ ਪਿੰਡ ਪਹੁੰਚ ਗਈ। ਉੱਥੇ ਉਸਨੇ ਆਪਬੀਤੀ ਆਪਣੇ ਪਤੀ ਨੂੰ ਦੱਸੀ। ਜਿਸਦੇ ਬਾਅਦ ਉਹ ਦੋਵੇਂ ਰਾਣੀਆਂ ਥਾਣੇ ’ਵਿਚ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ। ਇਸ ਮਾਮਲੇ ’ਚ ਰਾਣੀਆਂ ਪੁਲਿਸ ਨੇ ਪੀੜਤਾ ਦਾ ਮੈਡੀਕਲ ਕਰਾਇਆ। ਰਾਣੀਆਂ ਥਾਣਾ ਇੰਚਾਰਜ ਬਨਵਾਰੀ ਲਾਲ ਨੇ ਕਿਹਾ ਕਿ ਪੀੜਤਾ ਦੇ ਬਿਆਨ ’ਤੇ ਮੁਲਜ਼ਮ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Comment here