ਕੀਵ-ਰੂਸ-ਯੂਕਰੇਨ ਸੰਕਟ ਵਿਚ ਬਹੁਤ ਸਾਰੇ ਦਿਲ ਦਹਿਲਾਊ ਮੰਜ਼ਰ ਨਸ਼ਰ ਹੋ ਰਹੇ ਹਨ। ਰੂਸ ਦੇ ਹਮਲੇ ਚ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਰੂਸੀ ਫੌਜੀਆਂ ਦੀ ਬੇਰਹਿਮੀ ਦੀਆਂ ਖਬਰਾਂ ਦੇ ਵਿਚਕਾਰ, ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਰੂਸੀ ਫੌਜ ਦਾ ਜਵਾਨ ਰੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਰੂਸੀ ਫੌਜੀ ਨੇ ਯੂਕਰੇਨ ‘ਚ ਆਤਮ ਸਮਰਪਣ ਕਰ ਦਿੱਤਾ ਸੀ, ਜਿਸ ਤੋਂ ਬਾਅਦ ਯੂਕ੍ਰੇਨ ਦੇ ਲੋਕਾਂ ਨੇ ਉਸ ਨੂੰ ਖਾਣਾ ਦਿੱਤਾ ਅਤੇ ਫੋਨ ਰਾਹੀਂ ਆਪਣੀ ਮਾਂ ਨਾਲ ਗੱਲ ਕਰਵਾਈ। ਰੂਸੀ ਫੌਜੀ ਆਪਣੀ ਮਾਂ ਨਾਲ ਗੱਲ ਕਰਦੇ ਹੋਏ ਰੋਣ ਲੱਗ ਪਿਆ। ਵੀਡੀਓ ਨੂੰ ਅਮਰੀਕੀ ਮੀਡੀਆ ਸੇਵਾ ਵਾਲ ਸਟਰੀਟ ਜਰਨਲ ਨਾਲ ਜੁੜੇ ਇਕ ਰਿਪੋਰਟਰ ਨੇ ਟਵਿਟਰ ‘ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਯੂਕਰੇਨ ਵਿੱਚ ਸਥਾਨਕ ਲੋਕਾਂ ਨੇ ਇੱਕ ਰੂਸੀ ਸੈਨਿਕ ਨੂੰ ਫੜਿਆ ਹੈ, ਲੋਕਾਂ ਨੇ ਭੁੱਖੇ ਸੈਨਿਕ ਨੂੰ ਖਾਣਾ ਵੀ ਦਿੱਤਾ ਹੈ। ਵੀਡੀਓ ‘ਚ ਉਸ ਨੂੰ ਖਾਣਾ ਖਾਂਦੇ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਮੁਤਾਬਕ ਰੂਸੀ ਫੌਜੀ ਕੁਝ ਖਾ ਰਿਹਾ ਅਤੇ ਡਰਿੰਕ ਪੀ ਰਿਹਾ ਹੈ। ਇਸ ਦੌਰਾਨ ਜਦੋਂ ਉਸ ਨੂੰ ਆਪਣੀ ਮਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਵਾਈ ਗਈ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗਾ। ਇਸ ਜਵਾਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਇਹ ਵੀਡੀਓ ਕਦੋਂ ਅਤੇ ਕਿੱਥੇ ਬਣਾਈ ਗਈ ਸੀ, ਇਸ ਬਾਰੇ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਲਾਂਕਿ ਵੀਡੀਓ ‘ਚ ਕੁਝ ਨਾਗਰਿਕ ਨੌਜਵਾਨ ਰੂਸੀ ਫੌਜੀ ਦੇ ਆਲੇ-ਦੁਆਲੇ ਖੜ੍ਹੇ ਦਿਖਾਈ ਦੇ ਰਹੇ ਹਨ। ਉਹ ਯੂਕਰੇਨੀ ਸਥਾਨਕ ਹੋ ਸਕਦੇ ਹਨ ਅਤੇ ਕੁਝ ਸੈਨਿਕ ਵੀ ਦਿਖਾਈ ਦੇ ਰਹੇ ਹਨ। ਇਸ ਦੌਰਾਨ ਇਕ ਔਰਤ ਆਪਣੇ ਫੋਨ ਤੋਂ ਵੀਡੀਓ ਕਾਲ ਰਾਹੀਂ ਰੂਸੀ ਸੈਨਿਕ ਦੀ ਗੱਲ ਉਸ ਦੀ ਮਾਂ ਨਾਲ ਕਰਵਾ ਰਹੀ ਹੈ। ਇੱਥੇ ਖੜ੍ਹਾ ਰੂਸੀ ਫੌਜੀ ਲਗਾਤਾਰ ਰੋ ਰਿਹਾ ਹੈ। ਇਸ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਯੂਕਰੇਨ ਵਿੱਚ ਦਾਖਲ ਹੋਏ ਕਈ ਰੂਸੀ ਸੈਨਿਕ ਨਾਬਾਲਗ ਹਨ ਅਤੇ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਜੰਗ ਕਿਉਂ ਅਤੇ ਕਿਸ ਲਈ ਹੋ ਰਹੀ ਹੈ? ਇਸ ਦਾ ਕਾਰਨ ਕੀ ਹੋਵੇਗਾ? ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਭੁੱਬਾਂ ਮਾਰ ਕੇ ਰੋਇਆ ਰੂਸੀ ਜਵਾਨ

Comment here