ਅਪਰਾਧਸਿਆਸਤਖਬਰਾਂ

ਭੁੱਖਮਰੀ ਕਾਰਨ ਮਾਛੀਕੇ ਗਊਸ਼ਾਲਾ ’ਚ ਸੈਂਕੜੇ ਗਊਆਂ ਦੀ ਮੌਤ

ਨਿਹਾਲ ਸਿੰਘ ਵਾਲਾ-ਪਿਛਲੇ ਦੋ ਮਹੀਨਿਆਂ ਤੋਂ ਇਸ ਲਾਵਾਰਿਸ ਚੱਲ ਰਹੀ ਬਰਨਾਲਾ ਰਾਸ਼ਟਰੀ ਮਾਰਗ ’ਤੇ ਪਿੰਡ ਮਾਛੀਕੇ ਵਿਖੇ ਲੋਪੋ ਸੰਪਰਦਾਇ ਵੱਲੋਂ ਚਲਾਈ ਜਾ ਰਹੀ ਗਊਸ਼ਾਲਾ ’ਚ 1000 ਦੇ ਕਰੀਬ ਗਊਆਂ ਦੀ ਭੁੱਖਮਰੀ ਕਾਰਨ ਮੌਤ ਹੋ ਚੁੱਕੀ ਹੈ। ਗਊਸ਼ਾਲਾ ’ਚ 2000 ਤੋਂ ਉੱਪਰ ਗਿਣਤੀ ’ਚ ਗਊਆਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਸੀ ਪਰ ਦੋ ਮਹੀਨਿਆਂ ਤੋਂ ਸੰਪਰਦਾਇ ਵੱਲੋਂ ਇਸ ਗਊਸ਼ਾਲਾ ਚਲਾਉਣ ਤੋਂ ਹੱਥ ਖੜ੍ਹੇ ਕਰਨ ’ਤੇ ਇਸ ਗਊਸ਼ਾਲਾ ’ਚ ਭੁੱਖ ਨਾਲ 1000 ਤੋਂ ਵੱਧ ਗਊਆਂ ਦੀ ਦਰਦਨਾਕ ਮੌਤ ਹੋਣ ਦਾ ਦਿਲ-ਕੰਬਾਊ ਸਮਾਚਾਰ ਹੈ। ਇਸ ਗਊਸ਼ਾਲਾ ’ਚ ਸੈਂਕੜੇ ਸ਼ਰਧਾਲੂ ਗਊਆਂ ਦੀ ਸੇਵਾ ਸੰਭਾਲ ਧਰਮ ਸਮਝ ਕੇ ਕਰ ਰਹੇ ਸਨ ਪਰ ਰਾਸ਼ਟਰੀ ਮਾਰਗ ਨੂੰ ਫੋਰਲਾਈਨ ਕਰਨ ’ਤੇ ਸਰਕਾਰ ਵੱਲੋਂ ਐਕਵਾਇਰ ਕੀਤੀ ਜ਼ਮੀਨ ’ਚ ਇਸ ਗਊਸ਼ਾਲਾ ਦੀ ਇਮਾਰਤ ਆ ਗਈ। ਇਸ ਇਮਾਰਤ ਦੀ ਤਕਰੀਬਨ 18 ਲੱਖ ਦੀ ਰਾਸ਼ੀ ’ਤੇ ਕਬਜ਼ਾ ਕਰਨ ਲਈ ਗਊਆਂ ਦੀ ਸੇਵਾ ਸੰਭਾਲ ਦਾ ਧਰਮ ਵੀ ਡੋਲਣ ਲੱਗਾ ਅਤੇ ਅਖੀਰ ਇਸ ਗਊਸ਼ਾਲਾ ਦੀ ਸੰਭਾਲ ਕਰਨ ਵਾਲੀ ਸੰਸਥਾ ਨੇ ਇਨ੍ਹਾਂ ਗਊਆਂ ਦੀ ਸੰਭਾਲ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ।
ਗਊਸ਼ਾਲਾ ਦਾ ਦੌਰਾ ਕਰਨ ’ਤੇ ਇਸ ਗਊਸ਼ਾਲਾ ’ਚ ਗਊਆਂ ਦੀ ਸੇਵਾ ਕਰ ਰਹੇ ਭੋਲਾ ਸਿੰਘ ਚੌਕੀਦਾਰ, ਕਰਮਜੀਤ ਸਿੰਘ, ਜਥੇਦਾਰ ਸੁਰਜੀਤ ਸਿੰਘ, ਬਾਬਾ ਬਹਾਦਰ ਸਿੰਘ ਭੋਲਾ ਨੇ ਦੱਸਿਆ ਕਿ ਇਸ ਗਊਸ਼ਾਲਾ ਦੀ ਸੇਵਾ ਸੰਭਾਲ ਲੋਪੋ ਸੰਪਰਦਾਇ ਦੇ ਮੁਖੀ ਸੰਤ ਜਗਜੀਤ ਸਿੰਘ ਕਰ ਰਹੇ ਸਨ। ਰਾਸ਼ਟਰੀ ਮਾਰਗ ਨੂੰ ਫੋਰਲਾਈਨ ਕਰਨ ਦੌਰਾਨ ਇਸ ਗਊਸ਼ਾਲਾ ਦੀ ਇਮਾਰਤ ਦੀ ਜਗ੍ਹਾ ਐਕਵਾਇਰ ਹੋ ਗਈ । ਇਸ ਇਮਾਰਤ ਦੀ ਮਲਬੇ ਦੀ ਰਾਸ਼ੀ ਗਊਸ਼ਾਲਾ ਕਮੇਟੀ ਨੂੰ ਮਿਲ ਗਈ ਸੀ ਪਰ ਜਿਸ ਜਗ੍ਹਾ ’ਤੇ ਇਮਾਰਤ ਬਣੀ ਹੋਈ ਹੈ, ਉਹ ਜਗ੍ਹਾ ਪੰਚਾਇਤੀ ਜਗ੍ਹਾ ਹੋਣ ਕਾਰਨ ਗ੍ਰਾਮ ਪੰਚਾਇਤ ਨੇ ਉਸ ਜਗ੍ਹਾ ਦੀ ਰਾਸ਼ੀ ਗੁਰਦੁਆਰਾ ਸਾਹਿਬ ਕਮੇਟੀ ਨੂੰ ਦੇਣ ਲਈ ਸਿਫਾਰਿਸ਼ ਕਰ ਦਿੱਤੀ, ਜਿਸ ਤੋਂ ਬਾਅਦ ਗੁੱਸੇ ’ਚ ਆ ਕੇ ਇਸ ਗਊਸ਼ਾਲਾ ਦੀ ਸੇਵਾ-ਸੰਭਾਲ ਕਰ ਰਹੀ ਸੰਸਥਾ ਨੇ ਇਨ੍ਹਾਂ ਗਊਆਂ ਨੂੰ ਸੰਭਾਲਣ ਤੋਂ ਹੱਥ ਖੜ੍ਹੇ ਕਰ ਦਿੱਤੇ। ਉਕਤ ਸੇਵਾਦਾਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਗਊਸ਼ਾਲਾ ਕਮੇਟੀ ਅਤੇ ਗੁਰਦੁਆਰਾ ਕਮੇਟੀ ਦੀ ਪੈਸਿਆਂ ਦੀ ਆਪਸੀ ਲੜਾਈ ਦਾ ਖਮਿਆਜ਼ਾ ਬੇਜਾਨ ਗਊਆਂ ਭੁਗਤ ਰਹੀਆਂ ਹਨ। ਇਨ੍ਹਾਂ ਗਊਆਂ ਲਈ ਦਾਣਾ-ਤੂੜੀ-ਪੱਠੇ ਖਤਮ ਹੋ ਚੁੱਕੇ ਹਨ, ਜੋ ਕੁਝ ਰਾਸ਼ਨ ਉਹ ਆਪਣੇ ਤੌਰ ’ਤੇ ਪਿੰਡ ’ਚੋਂ ਇਕੱਠਾ ਕਰਦੇ ਹਨ, ਉਸ ਨਾਲ ਇੰਨੀਆਂ ਗਊਆਂ ਦਾ ਢਿੱਡ ਨਹੀਂ ਭਰਦਾ ਅਤੇ ਪਿਛਲੇ ਦੋ ਮਹੀਨਿਆਂ ਤੋਂ ਗਊਆਂ ਹਰ ਰੋਜ਼ ਭੁੱਖੀਆਂ ਮਰ ਰਹੀਆਂ ਹਨ।
ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਪੰਜ ਸਾਲ ਪਹਿਲਾਂ ਜਨਵਰੀ 2017 ਨੂੰ ਪਿੰਡ ਭਾਗੀਕੇ ਵਿਖੇ ਬੁੱਚੜਾ ਵੱਲੋਂ ਕੁਝ ਦਰਜਨ ਗਊਆਂ ਦੀ ਸਮੂਹਿਕ ਹੱਤਿਆਂ ਕਰ ਦਿੱਤੀ ਗਈ ਸੀ, ਜਿਸ ਦਾ ਪਤਾ ਲੱਗਣ ’ਤੇ ਪੰਜਾਬ ਦੀਆਂ ਦਰਜਨਾਂ ਹਿੰਦੂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਸਨ ਅਤੇ ਉਕਤ ਬੁੱਚੜਾਂ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਪਰਚਾ ਦਰਜ ਕਰਵਾਇਆ ਗਿਆ ਸੀ। ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਿਆ ਸੀ ਪਰ ਹੁਣ ਪਿੰਡ ਮਾਛੀਕੇ ਵਿਖੇ ਗਊਸ਼ਾਲਾ ’ਚ ਇਕ ਹਜ਼ਾਰ ਤੋਂ ਵੱਧ ਗਊਆਂ ਦੀਆਂ ਭੁੱਖ ਨਾਲ ਹੋਈਆਂ ਘਿਨਾਉਣੀਆਂ ਮੌਤਾਂ ਲਈ ਹਿੰਦੂ ਜਥੇਬੰਦੀਆਂ ਸਮੇਤ ਧਰਮੀ ਲੋਕ ਕਿਉਂ ਚੁੱਪ ਹਨ, ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।

Comment here