ਚਲੰਤ ਮਾਮਲੇਮਨੋਰੰਜਨਵਿਸ਼ੇਸ਼ ਲੇਖ

ਭੁਲੀ ਵਿਸਰੀ ਮਿਠੇ ਸੁਰ ਵਾਲੀ ਗਾਇਕਾ ਸੁਮਨ ਕਲਿਆਣਪੁਰ

ਸੁਮਨ ਕਲਿਆਣਪੁਰ ਦਾ ਬੇਸ਼ੱਕ ਅੱਜਕੱਲ੍ਹ ਫਿਲਮੀ ਸੰਗੀਤ ਨਾਲੋਂ ਨਾਤਾ ਟੁੱਟ ਚੁੱਕਾ ਹੈ, ਪਰ ਕਦੇ ਅਸੀਂ ਵੀ ਉਸ ਵੱਲੋਂ ਗਾਏ ਫਿਲਮੀ ਗੀਤਾਂ ਨੂੰ ਸੁਣਿਆ ਕਰਦੇ ਸੀ। ਮੈਂ ਆਪਣੀ ਬੰਬਈ ਦੀ ਇੱਕ ਪੁਰਾਣੀ ਫੇਰੀ ਸਮੇਂ ਉਸ ਦੇ ਮੂੰਹੋਂ ਬਿਨਾਂ ਸੰਗੀਤ ਤੋਂ ਵੀ ਦੋ ਤਿੰਨ ਅਧੂਰੇ ਗੀਤਾਂ ਦਾ ਰੰਗ ਮਾਣਿਆ ਸੀ। ਬਿਨਾਂ ਸਾਜ਼ ਸੰਗੀਤ ਤੋਂ ਵੀ ਉਸ ਦੀ ਆਵਾਜ਼ ਧੂਹ ਪਾਉਣ ਵਾਲੀ ਸੀ। ਉਸ ਨੂੰ ਬੇਸ਼ੱਕ ਆਪਣੇ ਗਾਏ ਗੀਤਾਂ ’ਤੇ ਮਾਣ ਵੀ ਸੀ, ਪਰ ਇੱਕ ਤਨਜ਼ ਭਰਿਆ ਗਿਲਾ ਵੀ ਸੀ ਕਿ ਉਸ ਨੂੰ ਉਹ ਰੁਤਬਾ ਹਾਸਲ ਨਹੀਂ ਹੋ ਸਕਿਆ ਜੋ ਲਤਾ ਮੰਗੇਸ਼ਕਰ ਨੂੰ ਹਾਸਲ ਹੈ।
ਸੁਮਨ ਦਾ ਜਨਮ 28 ਜਨਵਰੀ 1937 ਨੂੰ ਢਾਕਾ (ਬੰਗਲਾ ਦੇਸ਼) ਵਿਖੇ ਹੋਇਆ, ਪਰ ਘਰੇਲੂ ਹਾਲਾਤ ਤੇ ਕੁਝ ਉਸ ਵੱਲੋਂ ਗਾਇਕਾ ਬਣਨ ਦੀ ਇੱਛਾ ਦੇ ਮੱਦੇਨਜ਼ਰ ਉਸ ਦਾ ਬਸੇਰਾ ਬੰਬਈ ਹੋ ਗਿਆ। ਉਸ ਨੇ ਸੰਘਰਸ਼ ਵੀ ਕੀਤਾ ਤੇ ਕਿਸਮਤ ਨੇ ਵੀ ਸਾਥ ਦਿੱਤਾ। ਉਸ ਨੂੰ ਫਿਲਮਾਂ ਮਿਲਣ ਲੱਗੀਆਂ ਤੇ ਇੱਕ ਤੋਂ ਬਾਅਦ ਇੱਕ ਉਸ ਦੇ ਗਾਣਿਆਂ ਨੂੰ ਫਿਲਮਸਾਜ਼ਾਂ, ਸੰਗੀਤਕਾਰਾਂ ਤੇ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਣ ਲੱਗਾ। ਸੋਨਿਕ ਓਮੀ ਦੇ ਸੰਗੀਤ ਵਿੱਚ ਫਿਲਮ ‘ਦਿਲ ਨੇ ਫਿਰ ਯਾਦ ਕੀਆ’ ਦਾ ਟਾਈਟਲ ਗੀਤ ਤਾਂ ਅੱਜ ਵੀ ਆਮ ਹੀ ਸੁਣਿਆ ਜਾਂਦਾ ਹੈ-‘ਦਿਲ ਨੇ ਫਿਰ ਯਾਦ ਕੀਆ, ਬਰਫ਼ ਸੀ ਲਹਿਰਾਈ ਹੈ, ਫਿਰ ਕੋਈ ਚੋਟ ਮੁਹੱਬਤ ਕੀ ਉਭਰ ਆਈ ਹੈ’ (ਰਫੀ, ਸੁਮਨ, ਮੁਕੇਸ਼)। ਇਵੇਂ ਹੀ ‘ਦਿਲ ਏਕ ਮੰਦਿਰ’ ਫਿਲਮ ਦਾ ਰਫੀ ਨਾਲ ਗਾਇਆ ਗਾਣਾ ਵੀ ਤਾਂ ਆਪਣੀ ਅਲੱਗ ਹੀ ਪਹਿਚਾਣ ਰੱਖਦਾ ਹੈ। ਫਿਲਮ ‘ਸੁਹਾਨਾ ਸਫ਼ਰ’ ਦੇ ਟਾਈਟਲ ਗੀਤ ਵਾਂਗ ਇੱਕ ਹੋਰ ਫਿਲਮ ‘ਜਹਾਂ ਪਿਆਰ ਮਿਲੇ’ ਦਾ ਗੀਤ ਵੀ ਬਹੁਤ ਹਿੱਟ ਹੋਇਆ ਸੀ। ਬੇਸ਼ੱਕ ਇਸ ਗੀਤ ਨੂੰ ਰਫੀ ਨੇ ਵੀ ਆਵਾਜ਼ ਦਿੱਤੀ, ਪਰ ਸੁਮਨ ਨੇ ਵੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ ‘ਚਲੇ ਜਾ ਚਲੇ ਜਾ-ਜਹਾਂ ਪਿਆਰ ਮਿਲੇ, ਜਹਾਂ ਪਿਆਰ ਮਿਲੇ।’
ਸੁਮਨ ਕਲਿਆਣਪੁਰ ਦੀ ਪਿੱਠਵਰਤੀ ਆਵਾਜ਼ ਬਹੁਤ ਸਾਰੀਆਂ ਚਰਚਿਤ ਅਭਿਨੇਤਰੀਆਂ ਦੇ ਕੰਮ ਆਈ, ਜਿਵੇਂ ਨੂਤਨ, ਨੰਦਾ, ਸਾਧਨਾ, ਬਬੀਤਾ, ਰਾਜਸ਼੍ਰੀ, ਸਾਇਰਾ ਬਾਨੋ, ਵਹੀਦਾ ਰਹਿਮਾਨ, ਮੁਮਤਾਜ਼, ਹੇਮਾ ਮਾਲਿਨੀ ਆਦਿ। ਰਾਜਸ਼੍ਰੀ ਤੇ ਬਬੀਤਾ ਲਈ ਤਾਂ ਉਸ ਦੀ ਆਵਾਜ਼ ਵਰਦਾਨ ਹੀ ਹੋ ਨਿੱਬੜੀ। ਬੇਸ਼ੱਕ ਕੁਝ ਹੋਰਨਾਂ ਗਾਇਕਾਂ ਨਾਲ ਵੀ ਉਸ ਨੇ ਦੋਗਾਣੇ ਗਾਏ, ਪਰ ਮੁਹੰਮਦ ਰਫੀ ਨਾਲ ਤਾਂ ਉਸ ਦਾ ਸਾਥ ਜਿਵੇਂ ਉਸ ਦਾ ਨਸੀਬ ਹੀ ਬਣ ਗਿਆ। ਫਿਲਮ ‘ਰਾਜ ਕੁਮਾਰ’ ਦਾ ਇੱਕ ਗੀਤ ਅੱਜ ਵੀ ਜਦੋਂ ਕਿਧਰੇ ਵੱਜਦਾ ਹੈ ਤਾਂ ਸਰੋਤੇ ਰੀਝ ਨਾਲ ਸੁਣਦੇ ਹਨ- ‘ਦਿਲ ਨੇ ਪੁਕਾਰਾ ਔਰ ਹਮ ਚਲੇ ਆਏ, ਦਿਲ ਹਥੇਲੀ ਪਰ ਲੇ ਆਏ ਰੇ।’
ਫਿਲਮ ‘ਅਨਜਾਨਾ’ ਦਾ ਰਫੀ ਨਾਲ ਹੀ ਗਾਇਆ ਗੀਤ ਵੀ ਬਹੁਤ ਖੂਬਸੂਰਤ ਸੀ ‘ਜਾਂ ਚਲੀ ਜਾਏ ਜੀਆ ਨਹੀਂ ਜਾਏ, ਜੀਆ ਜਾਏ ਫਿਰ ਤੋ ਜੀਆ ਨਹੀਂ ਜਾਏ।’ ਮੁਕੇਸ਼ ਨਾਲ ਵੀ ਉਸ ਨੇ ਸੁੰਦਰ ਗਾਣੇ ਗਾ ਕੇ ਆਪਣੀ ਪਛਾਣ ਨੂੰ ਗੂੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ- ‘ਚੁਰਾ ਲੇ ਨਾ ਤੁਮਕੋ ਕਹੀਂ ਯੇ ਮੌਸਮ ਸੁਹਾਨਾ’ (ਫਿਲਮ ‘ਦਿਲ ਹੀ ਤੋ ਹੈ’) ਜਾਂ ਫਿਰ ‘ਪਹਿਚਾਨ’ ਦਾ ਇੱਕ ਗੀਤ-‘ਆਇਆ ਨਾ ਹਮਕੋ ਪਿਆਰ ਜਤਾਨਾ ਪਿਆਰ ਕਭੀ ਸੇ ਤੁਮਹੇ ਕਰਤੇ ਹੈਂ।’ ‘ਪਹਿਚਾਨ’ ਦਾ ਹੀ ਇੱਕ ਹੋਰ ਗੀਤ ਉਸ ਨੇ ਆਪਣੀਆਂ ਸਮਕਾਲੀ ਗਾਇਕਾਵਾਂ ਨਾਲ ਇਕੱਠਿਆਂ ਗਾਇਆ ਸੀ, ਉਹ ਵੀ ਕਾਫ਼ੀ ਉਤੇਜਨਾ ਭਰਪੂਰ ਸੀ, ‘ਵੋ ਪਰੀ ਕਹਾਂ ਸੇ ਲਾਊਂ ਤੇਰੀ ਦੁਲਹਨ ਕਿਸੇ ਬਨਾਊਂ।’ ਫਿਲਮ ‘ਐਪ੍ਰਲ ਫੂਲ’ ਦਾ ਗੀਤ ਵੀ ਤਾਂ ਸਾਰਿਆਂ ਨੂੰ ਯਾਦ ਹੀ ਹੋਵੇਗਾ, ‘ਹਮ ਤੁਝੇ ਪਿਆਰ ਕਰਤੇ ਹੈਂ ਕਰਤੇ ਰਹੇਂਗੇ।’ ਫਿਲਮ ‘ਜਬ ਜਬ ਫੂਲ ਖਿਲੇ’ ਵਿੱਚ ਰਫੀ ਨਾਲ ਗਾਇਆ ਨਟਖਟ ਜਿਹਾ ਗੀਤ ਵੀ ਆਪਣੇ ਜ਼ਮਾਨੇ ਵਿੱਚ ਬਹੁਤ ਮਸ਼ਹੂਰ ਹੋਇਆ ਸੀ, ‘ਨਾ ਨਾ ਕਰਤੇ ਪਿਆਰ ਤੁਮੀ ਸੇ ਕਰ ਬੈਠੇ’ ਅਤੇ ‘ਆਜ ਕੱਲ ਤੇਰੇ ਮੇਰੇ ਪਿਆਰ ਕੇ ਚਰਚੇ ਹਰ ਜ਼ੁਬਾਨ ਪਰ।’
ਫਿਲਮ ‘ਅਰਾਧਨਾ’ ਵਿੱਚ ਸ਼ਰਮੀਲਾ ਟੈਗਰ ’ਤੇ ਫਿਲਮਾਇਆ ਗੀਤ ਵੀ ਤਾਂ ਭੁੱਲਿਆ ਨਹੀਂ, ‘ਨੰਨ੍ਹੀਂ ਸੀ ਪਰੀ ਮੇਰੀ ਲਾਡਲੀ’ ਜਾਂ ਫਿਰ ਇੱਕ ਹੋਰ ਹੁਸੀਨ ਗੀਤ ਦੇ ਬੋਲ ਸਨ, ‘ਯੂੰ ਹੀਂ ਹਮਨੇ ਚਾਹਾ ਥਾ ਰੋਨਾ ਰੁਲਾਨਾ, ਤੇਰੀ ਯਾਦ ਬਨ ਗਈ ਬਸ ਇੱਕ ਬਹਾਨਾ।’ ਫਿਲਮ ‘ਫਰਜ਼’ ਵਿੱਚ ਵੀ ਰਫੀ ਨਾਲ ਗਾਇਆ ਇੱਕ ਗੀਤ ਆਪਣੀ ਪਛਾਣ ਆਪ ਹੀ ਬਣਦਾ ਹੈ, ‘ਤੌਬਾ ਮੇਰੀ ਤੌਬਾ ਯੇ ਮੁਹੱਬਤ ਨਾ ਮੈਂਨੇ ਕਰਨੀ ਥੀ ਮਗਰ ਮੇਰੇ ਦਿਲ ਨੇ ਮੁਝੇ ਧੋਖਾ ਦੇ ਦੀਆ।’ ਇੱਕ ਹੋਰ ਗੀਤ ਸੁਮਨ ਦੇ ਸਿਖਰਲੇ ਗੀਤਾਂ ਵਿੱਚ ਸ਼ੁਮਾਰ ਹੋ ਜਾਂਦਾ ਹੈ, ਜਿਸ ਦੇ ਬੋਲ ਵੀ ਸੁੰਦਰਤਾ ਦੇ ਲਖਾਇਕ ਹਨ, ‘ਤੁਮ ਅਕੇਲੇ ਤੋ ਕਭੀ ਬਾਗ ਮੇਂ ਜਾਇਆ ਨਾ ਕਰੋ, ਰਾਹ ਮੇਂ ਕਾਲੀ ਘਟਾ ਰੋਕ ਨਾ ਲੇਂ।’ ਇੱਕ ਸੁਮਨ ਵਾਂਗ ਹੀ ਭੁਲੇਖਾ ਪਾਊ ਆਵਾਜ਼ ਨਾਲ ਵੀ ਉਸ ਨੇ ਦੋਗਾਣਾ ਗਾਇਆ ਤੇ ਫਿਲਮ ਸੀ ‘ਵਿਸ਼ਵਾਸ’, ਗੀਤ ਸੀ ‘ਆਪ ਕੋ ਹਮ ਸੇ ਵਿੱਛੜੇ ਹੂਏ ਏਕ ਜ਼ਮਾਨਾ ਬੀਤ ਗਿਆ।’ ਇਹ ਮੁਕੇਸ਼ ਨਾਲ ਮਿਲਦੀ ਆਵਾਜ਼ ਵਿੱਚ ਸੁਮਨ ਨਾਲ ਗਾਉਣ ਵਾਲਾ ਗਾਇਕ ਮਨਹਰ ਸੀ। ਸੁਮਨ ਨੇ ਪੰਜਾਬੀ ਫਿਲਮਾਂ ਵਿੱਚ ਵੀ ਕਈ ਗੀਤ ਗਾਏ, ਜਿਨ੍ਹਾਂ ਦੇ ਬੋਲ ਅੱਜ ਵੀ ਸਾਡੇ ਚੇਤਿਆਂ ਵਿੱਚ ਵਸੇ ਹੋਏ ਹਨ, ‘ਮੇਰੀ ਝਾਂਜਰ ਤੇਰਾ ਨਾਂ ਲੈਂਦੀ’, ‘ਮੈਨੂੰ ਤੇਰੇ ਪਿੱਛੇ ਸੱਜਣਾ ਕਦੀ ਰੋਣਾ ਪਿਆ, ਕਦੀ ਹੱਸਣਾ ਪਿਆ’, ‘ਧੁੱਪਾਂ ਵੀ ਉਦਾਸ ਤੇ ਛਾਵਾਂ ਵੀ ਉਦਾਸ, ਦੂਰ ਦੂਰ ਤੱਕ ਅੱਜ ਰਾਹਵਾਂ ਵੀ ਉਦਾਸ।’
ਸੁਮਨ ਕੋਲ ਇੱਕ ਚੰਗੀ ਤੇ ਹੁਸੀਨ ਗਾਇਕਾਵਾਂ ਵਾਲੀਆਂ ਸਾਰੀਆਂ ਖੂਬੀਆਂ ਸਨ। ਸਿਰਫ਼ ਮੈਂ ਹੀ ਨਹੀਂ ਬਹੁਤਿਆਂ ਹੋਰਨਾਂ ਦਾ ਵੀ ਮੰਨਣਾ ਹੈ ਕਿ ਜੇਕਰ ਇਹ ਗਾਇਕਾ ਲਤਾ ਜੀ ਤੋਂ ਪਹਿਲਾਂ ਫਿਲਮੀ ਸੰਗੀਤ ਦਾ ਹਿੱਸਾ ਬਣ ਜਾਂਦੀ ਤਾਂ ਸ਼ਾਇਦ ਸਥਿਤੀ ਕੁਝ ਹੋਰ ਹੀ ਹੁੰਦੀ। ਪਹਿਲਾਂ ਵੀ ਤੇ ਅੱਜ ਵੀ ਸਰੋਤੇ ਉਸ ਵੱਲੋਂ ਗਾਏ ਚਰਚਿਤ ਤੇ ਖੂਬਸੂਰਤ ਗਾਣਿਆਂ ਦੀ ਬਦੌਲਤ ਉਸ ਦੀ ਆਵਾਜ਼ ਨੂੰ ਲਤਾ ਮੰਗੇਸ਼ਕਰ ਦੀ ਆਵਾਜ਼ ਹੀ ਸਮਝਣ ਦਾ ਭੁਲੇਖਾ ਪਾਲ ਬੈਠਦੇ ਹਨ।

-ਸੁਖਮਿੰਦਰ

Comment here