ਸਿਆਸਤਖਬਰਾਂ

ਭਾਰਤ ਸ਼ਾਂਤੀਪਸੰਦ ਮੁਲਕ, ਪਰ ਹਰ ਚੁਣੌਤੀ ਨਾਲ ਸਿਝਣ ਦੇ ਸਮਰੱਥ ਵੀ-ਰਾਜਨਾਥ

ਨਵੀਂ ਦਿੱਲੀ-ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਅਮਨ ਪਸੰਦ ਦੇਸ਼ ਹੈ ਪਰ ਕਿਸੇ ਵੀ ਚੁਣੌਤੀ ਨਾਲ ਨਜਿੱਠਣ ’ਚ ਪੂਰੀ ਤਰ੍ਹਾਂ ਸਮਰੱਥ ਹੈ। ਰਾਜਨਾਥ ਨੇ ਚੰਡੀਗੜ੍ਹ ਵਿਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੀ ਟਰਮੀਨਲ ਬੈਲਿਸਟਿਕਸ ਖੋਜ ਪ੍ਰਯੋਗਸ਼ਾਲਾ (ਟੀ. ਬੀ. ਆਰ. ਐੱਲ.) ਦੇ ਦੌਰੇ ਤੋਂ ਬਾਅਦ ਵਿਗਿਆਨਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਹਮੇਸ਼ਾ ਤੋਂ ਅਮਨ ਪਸੰਦ ਦੇਸ਼ ਰਿਹਾ ਹੈ ਅਤੇ ਕਿਸੇ ਤਰ੍ਹਾਂ ਦੇ ਟਕਰਾਅ ਨੂੰ ਆਪਣੇ ਵਲੋਂ ਸ਼ੁਰੂ ਕਰਨਾ ਸਾਡੀਆਂ ਕਦਰਾਂ-ਕੀਮਤਾਂ ਖ਼ਿਲਾਫ਼ ਰਿਹਾ ਹੈ। ਸਾਡਾ ਦੇਸ਼ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਅਬਦੁੱਲ ਕਲਾਮ ਨੂੰ ਯਾਦ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਅਬਦੁੱਲ ਕਲਾਮ ਜੀ ਕਹਿੰਦੇ ਹੁੰਦੇ ਸਨ ਕਿ ਇਸ ਦੁਨੀਆ ਵਿਚ ਡਰ ਦੀ ਕੋਈ ਥਾਂ ਨਹੀਂ ਹੈ। ਇਕ ਸ਼ਕਤੀ ਹੀ ਦੂਜੀ ਸ਼ਕਤੀ ਦਾ ਸਨਮਾਨ ਕਰਦੀ ਹੈ। ਕਲਾਮ ਸਾਹਿਬ ਡੀ. ਆਰ. ਡੀ. ਓ. ਦੇ ਇਕ ਸੀਨੀਅਰ ਵਿਗਿਆਨਕ ਸਨ ਅਤੇ ਮੈਂ ਸਮਝਦਾ ਹਾਂ ਸਾਡਾ ਦੇਸ਼ ਪੂਰੀ ਤਰ੍ਹਾਂ ਉਨ੍ਹਾਂ ਦੇ ਆਦਰਸ਼ਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਦਲਦੇ ਸਮੇਂ, ਚੁਣੌਤੀਆਂ ਅਤੇ ਦੇਸ਼ਾਂ ਦੇ ਆਪਸੀ ਸਬੰਧਾਂ ਵਿਚ ਬਦਲਾਅ ਨੂੰ ਵੇਖਦਿਆਂ ਸੁਰੱਖਿਆ ਮਾਪਦੰਡ ਵੀ ਬਦਲੇ ਹਨ ਅਤੇ ਅਜਿਹੇ ਵਿਚ ਸਾਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਕਰਨੀ ਹੋਵੇਗੀ।

Comment here