ਖੇਡ ਖਿਡਾਰੀਦੁਨੀਆਵਿਸ਼ੇਸ਼ ਲੇਖ

ਭਾਰਤ ਵਿਚ ਕੌਮੀ ਖੇਡ ਹਾਕੀ ਨੂੰ ਮਾਣਯੋਗ ਸਥਾਨ ਕਿਉਂ ਨਹੀਂ?

ਭਾਰਤੀ ਖੇਡ ਜਗਤ, ਪ੍ਰਣਾਲੀ, ਭਾਰਤੀ ਖੇਡ ਪ੍ਰੇਮੀਆਂ, ਭਾਰਤ ਦੇ ਮੀਡੀਏ ਨੇ ਤੇ ਭਾਰਤ ਦੀ ਕੇਂਦਰ ਤੇ ਰਾਜ ਸਰਕਾਰ ਨੇ ਸਾਨੂੰ ਹਮੇਸ਼ਾ ਹੈਰਾਨ ਤੇ ਪ੍ਰੇਸ਼ਾਨ ਕੀਤਾ ਹੈ। ਜਦੋਂ ਇਹ ਗੱਲ ਸਿਰਫ਼ ਭਾਰਤੀ ਕੌਮੀ ਖੇਡ ਹਾਕੀ ਨੂੰ ਲੈ ਕੇ ਕਰਦੇ ਹਾਂ। ਫੁੱਟਬਾਲ ਇਸ ਦੇਸ਼ ਦੀ ਕਦੇ ਵੀ ਲੋਕਪ੍ਰਿਯ ਖੇਡ ਨਹੀਂ ਰਹੀ, ਨਾ ਕੋਈ ਵੱਡੀਆਂ ਪ੍ਰਾਪਤੀਆਂ ਭਾਰਤੀਆਂ ਨੇ ਇਸ ਖੇਡ ’ਚ ਕੀਤੀਆਂ। ਅਸੀਂ ਹੈਰਾਨ ਹੁੰਦੇ ਹਾਂ ਕਿ ਫੀਫਾ ਰੈਕਿੰਗ ਵਿਚ ਵੀ ਭਾਰਤ 106ਵੇਂ ਸਥਾਨ ’ਤੇ ਹੈ ਤੇ ਕੌਮੀ ਖੇਡ ਹਾਕੀ ਅੰਤਰਰਾਸ਼ਟਰੀ ਰੈਕਿੰਗ ਵਿਚ ਭਾਰਤ ਹਮੇਸ਼ਾ 10 ਸਥਾਨਾਂ ਵਿਚ ਤਾਂ ਹਮੇਸ਼ਾ ਰਹੀ ਹੈ ਪਰ ਫਿਰ ਵੀ ਇਸ ਦੇ ਧਿਆਨ ਚੰਦ, ਬਲਬੀਰ ਸਿੰਘ, ਊਧਮ ਸਿੰਘ ਦੀ ਹਾਕੀ ਨੂੰ ਦੇਸ਼ ਵਿਚ ਕਦੇ ਮਾਣ-ਸਨਮਾਨ ਵਾਲਾ ਸਥਾਨ ਨਹੀਂ ਮਿਲਿਆ। ਕੀ ਭਾਰਤ ਹਾਕੀ ਦਾ ਦੁਸ਼ਮਣ ਹੈ?
ਅਸੀਂ ਦਹਾਕਿਆਂ ਤੋਂ ਦੇਖਦੇ ਆਏ ਹਾਂ, ਜਿਨ੍ਹਾਂ ਦਿਨਾਂ ’ਚ ਫੁੱਟਬਾਲ ਦਾ ਵਿਸ਼ਵ ਕੱਪ ਹੁੰਦਾ ਹੈ। ਮੀਡੀਆ ਉਸ ਦੀ ਕਵਰੇਜ ਇੰਜ ਕਰ ਰਿਹਾ ਹੁੰਦਾ ਜਿਵੇਂ ਇਸ ਦੇਸ਼ ਦੇ ਸਾਰੇ ਖੇਡ ਪ੍ਰੇਮੀ, ਫੁੱਟਬਾਲ ਪ੍ਰੇਮੀ ਨੇ। ਜਿਵੇਂ ਭਾਰਤੀ ਟੀਮ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਸੰਭਾਵਨਾਵਾਂ ਪੈਦਾ ਕਰ ਰਹੀ ਹੋਵੇ ਅਤੇ ਭਾਰਤ ਲਈ ‘ਕਰੋ ਜਾਂ ਮਰੋ’ ਦੀ ਸਥਿਤੀ ਬਣੀ ਹੋਵੇ। ਜਿਨ੍ਹਾਂ ਦਿਨਾਂ ਵਿਚ ਹਾਕੀ ਦਾ ਵਿਸ਼ਵ ਕੱਪ ਹੁੰਦਾ ਹੈ, ਮੀਡੀਆ ਨੂੰ ਪਤਾ ਨਹੀਂ ਕੀ ਸੱਪ ਸੁੰਘ ਜਾਂਦਾ। ਤੁਸੀਂ ਦੇਖਣਾ 2023 ’ਚ ਭਾਰਤ ’ਚ ਹਾਕੀ ਦਾ ਵਿਸ਼ਵ ਕੱਪ ਹੋ ਰਿਹਾ ਹੈ ਪਰ ਮੀਡੀਆ ਵਿਚ ਇਸ ਦੀ ਵਿਰਲੀ ਟਾਵੀਂ ਹੀ ਖ਼ਬਰ ਮਿਲਣੀ ਹੈ। ਜਿਸ ਖੇਡ ’ਚ ਆਪਣਾ ਦੇਸ਼ ਖੇਡ ਰਿਹਾ ਉਹ ਵੀ ਘਰੇਲੂ ਮੈਦਾਨ ’ਚ ਉਸ ਤੋਂ ਵੀ ਤੁਸੀਂ ਘੇਸ ਵੱਟਦੇ ਹੋ।
ਭਲਿਓ ਮਾਣਸੋ! ਇਹ ਰੁਝਾਨ ਆਖਿਰ ਕੱਦ ਤੱਕ ਚਲਦਾ ਰਹੇਗਾ? ਊਧਮ ਸਿੰਘ ਉਲੰਪੀਅਨ ਦੇ ਰਿਸ਼ਤੇਦਾਰ ਤੇ ਦੋਸਤ ਦੱਸਦੇ ਨੇ ਇਕ ਵਾਰ ਕੋਈ ਨੌਜਵਾਨ ਫੁੱਟਬਾਲ ਖੇਡਦਾ ਉਸ ਦੇ ਪਿੰਡ ਵਿਚ ਵੜ ਆਇਆ। ਊਧਮ ਸਿੰਘ ਨੇ ਉਸ ਕੋਲੋਂ ਫੁੱਟਬਾਲ ਖੋਹ ਲਿਆ ਤੇ ਜਾ ਕੇ ਖੂਹ ਵਿਚ ਸੁੱਟ ਆਏ ਤੇ ਕਹਿਣ ਲੱਗੇ, ‘ਮੇਰੇ ਪਿੰਡ ਸੰਸਾਰਪੁਰ ਵਿਚ ਫੁੱਟਬਾਲ ਦਾ ਭਲਾ ਕੀ ਕੰਮ?’ ਹੈਰਾਨੀ ਦੀ ਗੱਲ ਹੈ ਕਿ ਪਿਛਲੀਆਂ ਉਲੰਪਿਕ ਖੇਡਾਂ ਵਿ’ਚ ਭਾਰਤੀ ਟੀਮ ਨੇ ਉਲੰਪਿਕ ਤਗਮਾ ਵੀ ਜਿੱਤਿਆ ਹੈ ਪਰ ਫਿਰ ਵੀ ਇਸ ਖੇਡ ਨੂੰ ਉਤਸ਼ਾਹਿਤ ਕਰਨ ਲਈ ਕੋਈ ਯਤਨ ਨਹੀਂ ਹੋ ਰਹੇ। ਫੁੱਟਬਾਲ ਵਿਚ ਭਾਰਤ ਕੁਆਲੀਫਾਈ ਵੀ ਨਹੀਂ ਕਰ ਸਕਦਾ, ਉਸ ਨਾਲ ਉਹ ਹੇਜ਼ ਕਿਉਂ?

-ਪ੍ਰੋਫੈਸਰ ਪਰਮਜੀਤ ਸਿੰਘ

Comment here