ਸਿਆਸਤਖਬਰਾਂਦੁਨੀਆ

ਭਾਰਤ ਵਲੋਂ ਤਾਲਿਬਾਨ ਨਾਲ ਗੱਲਬਾਤ ਸ਼ੁਰੂ

ਨਵੀਂ ਦਿੱਲੀ – ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਸਥਾਪਿਤ ਹੋਣ ਤੋੰ ਬਦਲੇ ਹਾਲਾਤਾਂ ਨਾਲ ਵਿਸ਼ਵ ਭਰ ਦੀ ਨਜ਼ਰ ਬਦਲੇ ਹੋਏ ਹਾਲਾਤਾਂ ਉੱਤੇ ਹੈ, ਭਾਰਤ ਨੇ ਵੀ ਅਮਰੀਕੀ ਫੌਜਾਂ ਦੀ ਵਾਪਸੀ ਮਗਰੋਂ ਤਾਲਿਬਾਨ ਨਾਲ ਰਸਮੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ, ਮੰਗਲਵਾਰ ਨੂੰ ਭਾਰਤੀ ਰਾਜਦੂਤ ਦੀਪਕ ਮਿੱਤਲ ਨੇ ਕਤਰ ਦੀ ਰਾਜਧਾਨੀ ਦੋਹਾ ਸਥਿਤ ਤਾਲਿਬਾਨ ਦੇ ਰਾਜਨੀਤਕ ਦਫ਼ਤਰ ਦੇ ਪ੍ਰਮੁੱਖ ਸ਼ੇਰ ਮੁਹੰਮਦ ਅੱਬਾਸ ਸਟੇਨਕਜਈ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਤਾਲਿਬਾਨ ਦੀ ਅਪੀਲ ‘ਤੇ ਦੋਹਾ ਸਥਿਤ ਭਾਰਤੀ ਦੂਤਘਰ ਵਿੱਚ ਹੋਈ। ਇਸ ਮੁਲਾਕਾਤ ਵਿੱਚ ਸੁਰੱਖਿਆ ਅਤੇ ਅਫਗਾਨਿਸਤਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਛੇਤੀ ਵਾਪਸੀ ਨੂੰ ਲੈ ਕੇ ਗੱਲਬਾਤ ਹੋਈ। ਅਫਗਾਨ ਨਾਗਰਿਕਾਂ, ਖਾਸਕਰ ਘੱਟ ਗਿਣਤੀ ਜੋ ਭਾਰਤ ਆਉਣਾ ਚਾਹੁੰਦੇ ਹਨ, ਉਨ੍ਹਾਂ ਦਾ ਮੁੱਦਾ ਵੀ ਬੈਠਕ ਵਿੱਚ ਚੁੱਕਿਆ ਗਿਆ। ਭਾਰਤੀ ਰਾਜਦੂਤ ਮਿੱਤਲ ਨੇ ਭਾਰਤ ਦੀ ਚਿੰਤਾ ਨੂੰ ਵੀ ਤਾਲਿਬਾਨ ਦੇ ਸਾਹਮਣੇ ਰੱਖਿਆ। ਭਾਰਤ ਨੇ ਕਿਹਾ ਕਿ ਅਫਗਾਨਿਸਤਾਨ ਦੀ ਜ਼ਮੀਨ ਦਾ ਇਸਤੇਮਾਲ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਕਿਸੇ ਵੀ ਰੂਪ ਵਿੱਚ ਅੱਤਵਾਦ ਲਈ ਨਹੀਂ ਹੋਣਾ ਚਾਹੀਦਾ ਹੈ। ਤਾਲਿਬਾਨ ਦੇ ਪ੍ਰਤਿਨਿੱਧੀ ਨੇ ਵੀ ਭਾਰਤੀ ਰਾਜਦੂਤ ਨੂੰ ਭਰੋਸਾ ਦਿੱਤਾ ਕਿ ਭਾਰਤ ਦੀਆਂ ਸਾਰੀਆਂ ਚਿੰਤਾਵਾਂ ‘ਤੇ ਧਿਆਨ ਦਿੱਤਾ ਜਾਵੇਗਾ। ਤਾਲਿਬਾਨ ਦੇ ਪ੍ਰਮੁੱਖ ਨੇਤਾ ਸ਼ੇਰ ਮੁਹੰਮਦ ਅੱਬਾਸ ਸਟੇਨਕਜਈ ਨੇ ਹਾਲ ਹੀ ਵਿੱਚ ਭਾਰਤ ਨੂੰ ਇਲਾਕੇ ਦਾ ਅਹਿਮ ਦੇਸ਼ ਦੱਸਿਆ ਸੀ ਅਤੇ ਕਿਹਾ ਸੀ ਕਿ ਤਾਲਿਬਾਨ ਭਾਰਤ ਨਾਲ ਚੰਗੇ ਰਿਸ਼ਤੇ ਚਾਹੁੰਦਾ ਹੈ। ਸਟੇਨਕਜਈ ਨੇ ਕਿਹਾ ਕਿ ਅਸੀਂ ਭਾਰਤ ਦੇ ਨਾਲ ਵਪਾਰਕ, ਆਰਥਿਕ ਅਤੇ ਰਾਜਨੀਤਕ ਰਿਸ਼ਤੇ ਬਰਕਰਾਰ ਰੱਖਣਾ ਚਾਹੁੰਦੇ ਹਾਂ। ਭਾਰਤ ਦੇ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਅਫਗਾਨ ਦੇ ਹਾਲਾਤਾਂ ਤੇ ਨਜ਼ਰ ਰੱਖਣ ਲਈ ਉੱਚ ਪੱਧਰੀ ਸਮੂਹ ਦਾ ਵੀ ਗਠਨ ਕੀਤਾ ਹੈ।

Comment here